ਰੋਮੀਆਂ ਨੂੰ 3

1ਇਸ ਲਈ ਕੀ ਯਹੂਦੀਆਂ ਕੋਲ ਹੋਰਾਂ ਲੋਕਾਂ ਨਾਲੋਂ ਕੁਝ ਵੱਧੇਰੇ ਹੈ! ਕੀ ਸੁੰਨਤ ਦਾ ਕੋਈ ਮਹੱਤਵ ਹੈ? 2ਹਾਂ। ਯਹੂਦੀਆਂ ਕੋਲ ਹਰ ਤਰ੍ਹਾਂ ਦੀਆਂ ਬਹੁਤ ਖਾਸ ਗੱਲਾਂ ਹਨ। ਸਭ ਤੋਂ ਪਹਿਲਾਂ; ਪਰਮੇਸ਼ੁਰ ਦੇ ਉਪਦੇਸ਼ ਯਹੂਦੀਆਂ ਨੂੰ ਸੌਂਪੇ ਗਏ ਸਨ। 3ਇਹ ਸੱਚ ਹੈ ਕਿ ਕੁਝ ਯਹੂਦੀ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹਨ। ਪਰ ਕੀ ਉਨ੍ਹਾਂ ਦੀ ਬੇਵਫਾਈ ਪਰਮੇਸ਼ੁਰ ਤੋਂ ਉਸਦਾ ਵਚਨ ਤੁੜਵਾ ਸੱਕਦੀ ਹੈ? 4ਨਹੀਂ। ਪਰਮੇਸ਼ੁਰ ਹਮੇਸ਼ਾ ਸੱਚਾ ਰਹੇਗਾ ਭਾਵੇਂ ਸਾਰੇ ਝੂਠੇ ਹਨ। ਜਿਵੇਂ ਕਿ ਪੋਥੀਆਂ ਵਿੱਚ ਕਿਹਾ ਗਿਆ ਹੈ: “ਤੁਸੀਂ ਆਪਣੇ ਬੋਲਾਂ ਵਿੱਚ ਧਰਮੀ ਸਾਬਿਤ ਕੀਤੇ ਜਾਵੋਂਗੇ ਅਤੇ ਆਪਣੇ ਨਿਆਂ ਦੇ ਸਮੇਂ ਜਿੱਤੋਂਗੇ।” 5ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵੱਧੇਰੇ ਸੱਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? (ਲੋਕ ਇੰਝ ਆਖ ਸੱਕਦੇ ਹਨ।) 6ਨਹੀਂ। ਜੇਕਰ ਉਹ ਸਾਨੂੰ ਦੰਡ ਨਹੀਂ ਦੇਵੇਗਾ ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ? 7ਕੋਈ ਮਨੁੱਖ ਆਖ ਸੱਕਦਾ ਹੈ, “ਜਦੋਂ ਮੈਂ ਝੂਠ ਬੋਲਦਾ ਹਾਂ, ਪਰਮੇਸ਼ੁਰ ਨੂੰ ਮਹਿਮਾ ਮਿਲਦੀ ਹੈ, ਕਿਉਂਕਿ ਮੇਰਾ ਝੂਠ ਉਸ ਦੇ ਸੱਚ ਨੂੰ ਚਾਨਣੇ ਵਿੱਚ ਲਿਆਉਂਦਾ ਹੈ। ਤਾਂ ਫ਼ਿਰ ਮੈਂ ਪਾਪੀ ਕਿਉਂ ਕਹਾਉਂਦਾ ਹਾਂ?” 8ਇਹ ਅਜਿਹਾ ਆਖਣਾ ਹੋਵੇਗਾ, “ਅਸੀਂ ਦੁਸ਼ਟਤਾ ਕਰੀਏ, ਤਾਂ ਜੋ ਚੰਗਿਆਈ ਆਵੇ।” ਕੁਝ ਲੋਕ ਸਾਨੂੰ ਇਹ ਆਖਕੇ ਨਿੰਦਦੇ ਹਨ ਕਿ ਅਸੀਂ ਅਜਿਹੇ ਉਪਦੇਸ਼ ਦਿੰਦੇ ਹਾਂ। ਜੋ ਉਹ ਸਾਡੇ ਬਾਰੇ ਆਖ ਰਹੇ ਹਨ ਝੂਠ ਹੈ, ਅਤੇ ਉਹ ਪਰੇਮਸ਼ੁਰ ਦੀ ਸਜ਼ਾ ਦੇ ਅਧਿਕਾਰੀ ਹੁੰਦੇ ਹਨ। 9ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ। 10ਜਿਵੇਂ ਕਿ ਪੋਥੀਆਂ ਕਹਿੰਦੀਆਂ ਹਨ: “ਕੋਈ ਵੀ ਮਨੁੱਖ ਪਾਪ ਤੋਂ ਬਿਨਾ ਨਹੀਂ ਹੈ। ਇੱਕ ਵੀ ਨਹੀਂ। 11ਇੱਥੇ ਕੋਈ ਨਹੀਂ ਜੋ ਸਮਝਦਾ ਹੈ। ਕੋਈ ਵੀ ਨਹੀਂ ਜੋ ਪਰਮੇਸ਼ੁਰ ਨੂੰ ਖੋਜਦਾ ਹੈ। 12ਸਭ ਲੋਕ ਭਟਕ ਗਏ ਹਨ, ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ। ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ।” 13“ਲੋਕਾਂ ਦੇ ਮੂੰਹ ਖੁੱਲੀ ਹੋਈ ਕਬਰ ਵਾਂਗ ਹਨ। ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” “ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ” 14“ਉਨ੍ਹਾਂ ਦੇ ਮੂੰਹ ਫ਼ਿਟਕਾਰ ਅਤੇ ਕੁੜੱਤਣ ਨਾਲ ਭਰੇ ਹਨ।” 15“ਉਹ ਹਮੇਸ਼ਾ ਮਾਰਨ ਲਈ ਤਿਆਰ ਹਨ; 16ਜਿੱਥੇ ਵੀ ਉਹ ਜਾਂਦੇ ਹਨ ਤਬਾਹੀ ਤੇ ਉਦਾਸੀ ਵਰਤਾਉਂਦੇ ਹਨ। 17ਲੋਕ ਸ਼ਾਂਤੀ ਦਾ ਮਾਰਗ ਨਹੀਂ ਜਾਣਦੇ।” 18“ਉਨ੍ਹਾਂ ਦੀਆਂ ਅੱਖਾਂ ਵਿੱਚ ਪਰਮੇਸ਼ੁਰ ਦਾ ਡਰ ਭੈ ਨਹੀਂ।” 19ਹੁਣ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਜੋ ਸ਼ਰ੍ਹਾ ਆਖਦੀ ਹੈ ਉਨ੍ਹਾਂ ਲਈ ਹਨ ਜੋ ਸ਼ਰ੍ਹਾ ਦੇ ਅਧੀਨ ਹਨ। ਅਤੇ ਇਹ, ਉਹ ਗੱਲਾਂ ਇਸ ਲਈ ਆਖਦੀ ਹੈ ਤਾਂ ਜੋ ਹਰ ਇੱਕ ਦਾ ਮੂੰਹ ਬੰਦ ਹੋ ਸੱਕੇ ਅਤੇ ਸੰਸਾਰ ਪਰਮੇਸ਼ੁਰ ਦੇ ਨਿਆਂ ਹੇਠ ਆ ਜਾਵੇ। 20ਸ਼ਰ੍ਹਾ ਦੀ ਲੋੜ ਅਨੁਸਾਰ ਕੋਈ ਵੀ ਪਰਮੇਸ਼ੁਰ ਅੱਗੇ ਧਰਮੀ ਨਹੀਂ ਬਣਾਇਆ ਜਾ ਸੱਕਦਾ। ਸ਼ਰ੍ਹਾ ਸਿਰਫ਼ ਸਾਡੇ ਪਾਪਾਂ ਨੂੰ ਦਰਸ਼ਾ ਸੱਕਦੀ ਹੈ। 21ਪਰ ਪਰਮੇਸ਼ੁਰ ਕੋਲ ਬਿਨਾ ਸ਼ਰ੍ਹਾ ਦੇ ਵੀ ਲੋਕਾਂ ਨੂੰ ਧਰਮੀ ਬਨਾਉਣ ਦਾ ਢੰਗ ਹੈ। ਅਤੇ ਹੁਣ ਪਰਮੇਸ਼ੁਰ ਨੇ ਉਹ ਨਵਾਂ ਮਾਰਗ ਸਾਨੂੰ ਵਿਖਾਇਆ ਹੈ। ਸ਼ਰ੍ਹਾ ਅਤੇ ਨਬੀਆਂ ਨੇ ਸਾਨੂੰ ਇਸ ਨਵੇਂ ਰਾਹ ਬਾਰੇ ਕਿਹਾ ਵੀ ਹੈ। 22ਪਰਮੇਸ਼ੁਰ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਪਰਮੇਸ਼ੁਰ ਨੇ ਇਹ ਉਨ੍ਹਾਂ ਸਭ ਲੋਕਾਂ ਲਈ ਕੀਤਾ ਹੈ ਜੋ ਯਿਸੂ ਮਸੀਹ ਵਿੱਚ ਨਿਹਚਾ ਰੱਖਦੇ ਹਨ। ਸਭ ਲੋਕ ਬਰਾਬਰ ਹਨ। 23ਕਿਉਂਕਿ ਹਰੇਕ ਨੇ ਪਾਪ ਕੀਤਾ ਹੈ ਅਤੇ ਸਭ ਪਰਮੇਸ਼ੁਰ ਦੀ ਮਹਿਮਾ ਲਈ ਕਾਫ਼ੀ ਚੰਗੇ ਨਹੀਂ ਹਨ। 24ਸੋ ਪਰਮੇਸ਼ੁਰ ਦੀ ਕਿਰਪਾ ਨਾਲ ਉਸ ਨਿਸਤਾਰੇ ਕਾਰਣ ਜੋ ਮਸੀਹ ਯਿਸੂ ਤੋਂ ਹੈ ਲੋਕ ਮੁਫ਼ਤ ਧਰਮੀ ਬਣਾਏ ਗਏ ਹਨ। 25ਪਰਮੇਸ਼ੁਰ ਨੇ ਯਿਸੂ ਨੂੰ ਸੇਵਾ ਮਾਰਗ ਦੀ ਤਰ੍ਹਾ ਆਪਣੇ ਲਹੂ ਰਾਹੀਂ ਵਿਸ਼ਵਾਸ ਦੁਆਰਾ ਲੋਕਾਂ ਦੇ ਪਾਪ ਨੂੰ ਮੁਆਫ਼ੀ ਦਿੱਤੀ। ਉਸ ਨੇ ਅਜਿਹਾ ਇਹ ਵਿਖਾਉਣ ਲਈ ਕੀਤਾ ਕਿ ਉਹ ਹਮੇਸ਼ਾ ਉਹੀ ਕਾਰਜ ਕਰਦਾ ਹੈ ਜੋ ਨਿਆਂਈ ਹੈ। ਅਤੀਤ ਵਿੱਚ ਪਰਮੇਸ਼ੁਰ ਨਿਆਂਈ ਸੀ। ਉਦੋਂ ਉਹ ਦਿਯਾਲੂ ਸੀ, ਅਤੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਸਜ਼ਾ ਨਹੀਂ ਦਿੱਤੀ ਗਈ। 26ਪਰਮੇਸ਼ੁਰ ਨੇ ਯਿਸੂ ਨੂੰ ਵਰਤਮਾਨ ਕਾਲ ਵਿੱਚ ਇਹ ਵਿਖਾਉਣ ਲਈ ਭੇਂਟ ਕੀਤਾ, ਕਿ ਉਹ ਧਰਮੀ ਹੈ। ਪਰਮੇਸ਼ੁਰ ਆਪਣੇ ਆਪ ਨੂੰ ਧਰਮੀ ਮੁਨਸਫ਼ ਵਾਂਗ ਦਰਸ਼ਾਉਂਦਾ ਹੈ ਅਤੇ ਉਸ ਵਾਂਗ ਵੀ ਜੋ ਯਿਸੂ ਵਿੱਚ ਨਿਹਚਾ ਰੱਖਣ ਵਾਲੇ ਕਿਸੇ ਨੂੰ ਵੀ, ਧਰਮੀ ਬਣਾਉਂਦਾ ਹੈ। 27ਤਾਂ ਕੀ ਸਾਡੇ ਕੋਲ ਆਪਣੇ-ਆਪ ਬਾਰੇ ਸ਼ੇਖੀ ਮਾਰਨ ਦੀ ਕੋਈ ਵਜਹ ਹੈ? ਨਹੀਂ। ਇਹ ਕੀ ਹੈ ਜੋ ਸ੍ਵੈ-ਪ੍ਰਸੰਸਾ ਨੂੰ ਰੋਕਦਾ ਹੈ? ਇਹ ਵਿਸ਼ਵਾਸ ਦਾ ਰਸਤਾ ਹੈ ਜੋ ਰੋਕਦਾ ਹੈ ਨਾ ਕਿ ਸ਼ਰ੍ਹਾ ਦਾ ਪਿੱਛਾ ਕਰਨ ਦਾ ਰਸਤਾ? 28ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵਿਅਕਤੀ ਨਿਹਚਾ ਰਾਹੀਂ ਧਰਮੀ ਬਣਾਇਆ ਜਾਂਦਾ ਹੈ, ਨਾ ਕਿ ਸ਼ਰ੍ਹਾ ਨੂੰ ਮੰਨਣ ਨਾਲ ਜੋ ਗੱਲਾਂ ਉਹ ਕਰਦਾ ਹੈ। 29ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਪਰਮੇਸ਼ੁਰ ਨਹੀਂ, ਉਹ ਗੈਰ-ਯਹੂਦੀਆਂ ਦਾ ਵੀ ਪਰਮੇਸ਼ੁਰ ਹੈ। ਪਰਮੇਸ਼ੁਰ ਇੱਕ ਹੈ। 30ਉਹ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਉਹ ਗੈਰ-ਯਹੂਦੀਆਂ ਨੂੰ ਵੀ ਉਨ੍ਹਾਂ ਦੀ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। 31ਕੀ ਅਸੀਂ ਨਿਹਚਾ ਦੇ ਮਾਰਗ ਨੂੰ ਮੰਨ ਕੇ ਸ਼ਰ੍ਹਾ ਨੂੰ ਨਸ਼ਟ ਕਰਦੇ ਹਾਂ? ਨਹੀਂ। ਵਿਸ਼ਵਾਸ ਸਾਨੂੰ ਉਵੇਂ ਹੀ ਬਣਾਉਂਦੀ ਹੈ। ਜਿਸ ਢੰਗ ਨਾਲ ਸ਼ਰ੍ਹਾ ਚਾਹੁੰਦੀ ਹੈ ਕਿ ਅਸੀਂ ਹੋਈਏ।

will be added

X\