ਪਰਕਾਸ਼ ਦੀ ਪੋਥੀ 9

1ਪੰਜਵੇਂ ਦੂਤ ਨੇ ਅਪਣਾ ਬਿਗਲ ਵਜਾਇਆ। ਫ਼ੇਰ ਮੈਂ ਅਕਾਸ਼ ਤੋਂ ਟੁੱਟਕੇ ਧਰਤੀ ਉੱਤੇ ਡਿੱਗਦੇ ਹੋਏ ਤਾਰੇ ਨੂੰ ਦੇਖਿਆ। ਤਾਰੇ ਨੂੰ ਉਸ ਡੂੰਘੇ ਸੁਰਾਖ ਦੀ ਕੁੰਜੀ ਦਿੱਤੀ ਹੋਈ ਸੀ ਜੋ ਥੱਲੇ ਤਲਹੀਣ ਖੱਡ ਨੂੰ ਜਾਂਦਾ ਸੀ। 2ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹੜਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿੱਚੋਂ ਧੂੰਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂੰਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ। 3ਫ਼ੇਰ ਧੂੰਏ ਵਿੱਚੋਂ ਹੇਠਾਂ ਧਰਤੀ ਤੇ ਸਲਾ ਦੇ ਟਿੱਡੀਆਂ ਦਾ ਇੱਕ ਦਲ ਆਇਆ। ਜਿਨ੍ਹਾਂ ਕੋਲ ਬਿੱਛੂਆਂ ਵਾਂਗ ਡੰਗ ਮਾਰਨ ਦੀ ਸ਼ਕਤੀ ਸੀ। 4ਇਨ੍ਹਾਂ ਟਿੱਡੀਆਂ ਨੂੰ ਧਰਤੀ ਦੇ ਘਾਹ, ਜਾਂ ਕਿਸੇ ਬੂਟੇ ਜਾਂ ਕਿਸੇ ਵੀ ਰੁੱਖ ਨੂੰ ਨੁਕਸਾਨ ਨਾ ਪਹੁੰਚਾਣ ਲਈ ਕਿਹਾ ਗਿਆ ਸੀ। ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨੁਕਸਾਨ ਪਹੁੰਚਾ ਸੱਕਦੀਆਂ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ੁਰ ਦਾ ਨਿਸ਼ਾਨ ਨਹੀਂ ਸੀ। 5ਇਨ੍ਹਾਂ ਟਿੱਡੀਆਂ ਨੂੰ ਲੋਕਾਂ ਉੱਤੇ ਪੰਜਾਂ ਮਹੀਨਿਆਂ ਤੱਕ ਦਰਦ ਲਿਆਉਣ ਦਾ ਕਾਰਣ ਬਣਨ ਦੀ ਸ਼ਕਤੀ ਦਿੱਤੀ ਗਈ ਸੀ। ਟਿੱਡੀਆਂ ਨੂੰ ਲੋਕਾਂ ਨੂੰ ਮਾਰਨ ਦੀ ਸ਼ਕਤੀ ਨਹੀਂ ਸੀ ਦਿੱਤੀ ਗਈ। ਅਤੇ ਉਹ ਪੀੜ ਜਿਹੜੀ ਲੋਕਾਂ ਨੇ ਮਹਿਸੂਸ ਕੀਤੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਪੀੜ ਕਿਸੇ ਵਿਅਕਤੀ ਨੂੰ ਬਿਛੂ ਦੇ ਡੰਗਣ ਨਾਲ ਹੁੰਦੀ ਹੈ। 6ਉਨ੍ਹਾਂ ਦਿਨਾਂ ਵਿੱਚ, ਲੋਕ ਮਰਨ ਲਈ ਕੋਈ ਰਾਹ ਲੱਭਣਗੇ ਪਰ ਉਨ੍ਹਾਂ ਨੂੰ ਇੱਕ ਵੀ ਰਾਹ ਨਹੀਂ ਮਿਲੇਗਾ। ਉਹ ਮਰਨਾ ਚਾਹੁੰਣਗੇ ਪਰ ਮੌਤ ਉਨ੍ਹਾਂ ਪਾਸੋਂ ਛੁੱਪ ਜਾਵੇਗੀ। 7ਟਿੱਡੀਆਂ ਉਨ੍ਹਾਂ ਘੋੜਿਆਂ ਵਾਂਗ ਦਿਖਾਈ ਦੇ ਰਹੇ ਸਨ ਜੋ ਯੁੱਧ ਲਈ ਤਿਆਰ ਸਨ। ਉਨ੍ਹਾਂ ਨੇ ਆਪਣੇ ਸਿਰਾਂ ਉੱਤੇ ਸੋਨੇ ਦੇ ਤਾਜ ਵਾਂਗ ਲੱਗਦੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰੇ ਇਨਸਾਨੀ ਚਿਹਰਿਆਂ ਵਰਗੇ ਦਿਖਾਈ ਦਿੰਦੇ ਸਨ। 8ਉਨ੍ਹਾਂ ਦੇ ਵਾਲ ਔਰਤ ਦੇ ਵਾਲਾਂ ਵਰਗੇ ਸਨ। ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ। 9ਉਨ੍ਹਾਂ ਦੀਆਂ ਛਾਤੀਆਂ ਲੋਹੇ ਦੀਆਂ ਢਾਲਾਂ ਵਰਗੀਆਂ ਨਜ਼ਰ ਆਈਆਂ। ਉਨ੍ਹਾਂ ਦੇ ਖੰਭਾਂ ਤੋਂ ਇੱਕ ਅਵਾਜ਼ ਪੈਦਾ ਹੋਈ ਜਿਵੇਂ ਕਿ ਬਹੁਤ ਸਾਰੇ ਘੋੜੇ ਅਤੇ ਰੱਥ ਯੁੱਧ ਵਿੱਚ ਭੱਜ ਰਹੇ ਹੋਣ। 10ਟਿੱਡੀਆਂ ਦੀਆਂ ਪੂਛਾਂ ਬਿਛੂਆਂ ਵਾਂਗ ਡੰਗਣ ਵਾਲੀਆਂ ਸਨ। ਲੋਕਾਂ ਉੱਤੇ ਪੰਜਾਂ ਮਹੀਨਿਆਂ ਲਈ ਦਰਦ ਪਾਉਣ ਵਾਲੀ ਸ਼ਕਤੀ ਉਨ੍ਹਾਂ ਦੀਆਂ ਪੂਛਾਂ ਵਿੱਚ ਸੀ। 11ਟਿੱਡੀਆਂ ਦਾ ਇੱਕ ਰਾਜਾ ਸੀ। ਇਹ ਤਲਹੀਣ ਖੱਡ ਦਾ ਦੂਤ ਸੀ। ਉਸਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ। ਯੂਨਾਨੀ ਭਾਸ਼ਾ ਵਿੱਚ ਉਸਦਾ ਨਾਮ ਅਪੁਲੂਉਨ (ਵਿਨਾਸ਼ਕ) ਹੈ। 12ਪਹਿਲੀ ਵੱਡੀ ਮੁਸੀਬਤ ਮੁੱਕ ਚੁੱਕੀ ਹੈ ਪਰ ਬਾਕੀ ਦੀਆਂ ਦੋ ਮੁਸੀਬਤਾਂ ਹਾਲੇ ਆਉਣ ਵਾਲੀਆਂ ਹਨ। 13ਛੇਵੇਂ ਦੂਤ ਨੇ ਆਪਣਾ ਬਿਗਲ ਵਜਾਇਆ। ਫ਼ੇਰ ਮੈਂ ਪਰਮੇਸ਼ੁਰ ਦੇ ਸਾਹਮਣੇ ਰੱਖੇ ਹੋਏ ਸੋਨੇ ਦੀ ਜਗਵੇਦੀ ਦੇ ਛੇ ਸਿੰਗਾਂ ਵਿੱਚੋਂ ਇੱਕ ਅਵਾਜ਼ ਨਿਕਲਦੀ ਸੁਣੀ। 14ਆਵਾਜ਼ ਨੇ ਉਸ ਛੇਵੇਂ ਦੂਤ ਨੂੰ, ਜਿਸਦੇ ਕੋਲ ਬਿਗਲ ਸੀ, ਆਖਿਆ, “ਉਨ੍ਹਾਂ ਚਾਰ ਦੂਤਾਂ ਨੂੰ ਅਜ਼ਾਦ ਕਰ ਦਿਉ ਜਿਹੜੇ ਮਹਾਂ ਨਦੀ ਫ਼ਰਾਤ ਉੱਪਰ ਬੰਨ੍ਹੇ ਹੋਏ ਹਨ।” 15ਇਨ੍ਹਾਂ ਚਾਰ ਦੂਤਾਂ ਨੂੰ ਇਸੇ ਸਾਲ, ਮਹੀਨੇ, ਦਿਨ ਅਤੇ ਘੰਟੇ (ਸਮੇਂ) ਲਈ ਤਿਆਰ ਕਰਕੇ ਰੱਖਿਆ ਗਿਆ ਸੀ। ਇਨ੍ਹਾਂ ਦੂਤਾਂ ਨੂੰ ਧਰਤੀ ਉਤਲੇ ਸਾਰੇ ਲੋਕਾਂ ਵਿੱਚੋਂ ਇੱਕ ਤਿਹਾਈ ਨੂੰ ਮਾਰ ਮੁਕਾਉਣ ਲਈ ਅਜ਼ਾਦ ਕੀਤਾ ਗਿਆ ਸੀ। 16ਮੈ ਸੁਣਿਆ ਉਨ੍ਹਾਂ ਦੀ ਫ਼ੌਜ ਵਿੱਚ ਘੋੜਿਆਂ ਦੀਆਂ ਕਿੰਨੀਆਂ ਟੋਲੀਆਂ ਸਨ। ਇਹ ਵੀਹ ਕਰੋੜ ਸਨ। 17ਆਪਣੇ ਦਰਸ਼ਨ ਵਿੱਚ ਮੈ ਇਵੇਂ ਹੀ ਘੋੜਿਆਂ ਅਤੇ ਘੋੜ ਸਵਾਰਾਂ ਨੂੰ ਦੇਖਿਆ; ਉਨ੍ਹਾਂ ਕੋਲ ਢਾਲਾਂ ਸਨ ਜੋ ਕਿ ਅੰਗਿਆਰਾਂ ਵਰਗੀਆਂ ਲਾਲ ਗੂੜੇ ਨੀਲੇ ਅਤੇ ਗੰਧਕ ਵਰਗੇ ਪੀਲੇ ਰੰਗ ਦੀਆਂ ਸਨ। ਘੋੜਿਆਂ ਦੇ ਮੂੰਹ ਸ਼ੇਰਾਂ ਦੇ ਮੂੰਹਾਂ ਵਰਗੇ ਸਨ। ਘੋੜਿਆਂ ਦੇ ਮੂੰਹਾਂ ਵਿੱਚੋਂ ਅੱਗ, ਧੂਂਆਂ ਅਤੇ ਗੰਧਕ ਨਿਕਲ ਰਹੀ ਸੀ। 18ਇਨ੍ਹਾਂ ਤਿੰਨਾਂ ਮੁਸ਼ਕਿਲਾਂ ਦੁਆਰਾ; ਘੋੜਿਆਂ ਦੇ ਮੂੰਹਾਂ ਵਿੱਚੋਂ ਨਿਕਲਦੀ ਅੱਗ, ਧੂਂਏ ਅਤੇ ਗੰਧਕ ਨਾਲ, ਧਰਤੀ ਦੇ ਇੱਕ ਤਿਹਾਈ ਲੋਕ ਮਰ ਗਏ। 19ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹਾਂ ਵਿੱਚ ਅਤੇ ਪੂਛਾਂ ਵਿੱਚ ਸੀ। ਉਨ੍ਹਾਂ ਦੀਆਂ ਪੂਛਾਂ ਉਨ੍ਹਾਂ ਸੱਪਾਂ ਵਰਗੀਆਂ ਸਨ ਜਿਨ੍ਹਾਂ ਦੇ ਸਿਰ ਲੋਕਾਂ ਨੂੰ ਡੰਗਣ ਅਤੇ ਨੁਕਸਾਨ ਪਹੁੰਚਾਉਣ ਲਈ ਹੁੰਦੇ ਹਨ। 20ਧਰਤੀ ਉਤਲੇ ਬਾਕੀ ਲੋਕ ਇਨ੍ਹਾਂ ਮੁਸ਼ਕਿਲਾਂ ਕਾਰਣ ਨਹੀਂ ਮਰੇ। ਪਰ ਹਾਲੇ ਵੀ ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੇ ਅਤੇ ਆਪਣੇ ਹੀ ਹੱਥਾਂ ਦੁਆਰਾ ਬਣਾਈਆਂ ਚੀਜ਼ਾਂ ਤੋਂ ਦੂਰ ਹੋ ਗਏ। ਉਨ੍ਹਾਂ ਨੂੰ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਭੂਤਾਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ। ਇਹ ਮੂਰਤਾਂ ਨਾ ਵੇਖ ਸੱਕਦੀਆਂ ਸਨ ਅਤੇ ਨਾ ਹੀ ਸੁਣ ਅਤੇ ਨਾਹੀ ਤੁਰ ਸੱਕਦੀਆਂ ਸਨ। 21ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਆਪਣੇ ਜੀਵਨ ਨਹੀਂ ਬਦਲੇ, ਅਤੇ ਨਾ ਹੀ ਆਪਣੇ ਕਤਲਾਂ ਤੋਂ, ਜਾਦੂਆਂ ਤੋਂ, ਆਪਣੇ ਜਿਨਸੀ ਪਾਪਾਂ ਤੋਂ ਤੇ ਨਾ ਹੀ ਉਨ੍ਹਾਂ ਚੋਰੀਆਂ ਤੋਂ ਆਪਣੇ ਆਪ ਨੂੰ ਮੋੜਿਆ।

will be added

X\