ਪਰਕਾਸ਼ ਦੀ ਪੋਥੀ 6

1ਫ਼ੇਰ ਮੈਂ ਲੇਲੇ ਨੂੰ ਸੱਤਾਂ ਵਿੱਚੋਂ ਪਹਿਲੀ ਮੋਹਰ ਖੋਲ੍ਹਦਿਆਂ ਦੇਖਿਆ। ਮੈਂ ਚਾਰਾਂ ਸਜੀਵ ਚੀਜ਼ਾਂ ਵਿੱਚੋਂ ਕਿਸੇ ਨੂੰ ਤੂਫ਼ਾਨੀ ਗਰਜ ਵਰਗੀ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਇਸਨੇ ਆਖਿਆ, “ਆਓ।” 2ਮੈਂ ਤੱਕਿਆ, ਅਤੇ ਉੱਥੇ ਮੇਰੇ ਅੱਗੇ ਇੱਕ ਚਿੱਟਾ ਘੋੜਾ ਸੀ। ਘੁੜਸਵਾਰ ਦੇ ਹੱਥ ਵਿੱਚ ਇੱਕ ਧਨੁਸ਼ ਫ਼ੜਿਆ ਹੋਇਆ ਸੀ। ਅਤੇ ਉਸ ਨੂੰ ਇੱਕ ਤਾਜ ਦਿੱਤਾ ਹੋਇਆ ਸੀ। ਉਹ ਵੱਧ ਜਿੱਤਾਂ ਪ੍ਰਾਪਤ ਕਰਨ ਲਈ ਇੱਕ ਜੇਤੂ ਦੀ ਤਰ੍ਹਾਂ ਬਾਹਰ ਗਿਆ। 3ਲੇਲੇ ਨੇ ਦੂਸਰੀ ਮੋਹਰ ਖੋਲ੍ਹੀ। ਫ਼ੇਰ ਮੈਂ ਦੂਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” 4ਫ਼ੇਰ ਇੱਕ ਹੋਰ ਘੋੜਾ ਬਾਹਰ ਆਇਆ। ਇਹ ਲਾਲ ਘੋੜਾ ਸੀ। ਘੋੜਸਵਾਰ ਨੂੰ ਧਰਤੀ ਤੋਂ ਸ਼ਾਂਤੀ ਹਟਾਉਣ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਮਰਾਉਣ ਦੀ ਸ਼ਕਤੀ ਦਿੱਤੀ ਗਈ ਸੀ। ਇਸ ਘੋੜਸਵਾਰ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ। 5ਲੇਲੇ ਨੇ ਤੀਜੀ ਮੋਹਰ ਖੋਲ੍ਹੀ। ਫ਼ੇਰ ਮੈਂ ਤੀਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਮੈਂ ਤੱਕਿਆ ਅਤੇ ਉੱਥੇ ਮੇਰੇ ਅੱਗੇ ਇੱਕ ਕਾਲਾ ਘੋੜਾ ਸੀ। ਘੋੜਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫ਼ੜੀ ਹੋਈ ਸੀ। 6ਫ਼ੇਰ ਮੈਂ ਇੱਕ ਅਵਾਜ਼ ਵਰਗੀ ਚੀਜ਼ ਸੁਣੀ। ਇਹ ਅਵਾਜ਼ ਓੱਥੋਂ ਆ ਰਹੀ ਸੀ ਜਿੱਥੇ ਚਾਰ ਸਜੀਵ ਚੀਜ਼ਾਂ ਸਨ। ਅਵਾਜ਼ ਨੇ ਆਖਿਆ, “ਇੱਕ ਦਿਨ ਦੀ ਤਨਖਾਹ ਵਜੋਂ ਇੱਕ ਚੌਥਾਈ ਕਣਕ ਦਾ ਮਾਪ। ਅਤੇ ਇੱਕ ਦਿਨ ਦੀ ਤਨਖਾਹ ਵਜੋਂ ਤਿੰਨ ਚੌਥਾਈ ਜੌਆਂ ਦਾ ਮਾਪ। ਪਰ ਤੇਲ ਅਤੇ ਮੈਨੂੰ ਬਰਬਾਦ ਨਾ ਕਰੋ।” 7ਲੇਲੇ ਨੇ ਚੌਥੀ ਮੋਹਰ ਖੋਲ੍ਹੀ। ਫ਼ੇਰ ਮੈਂ ਚੌਥੀ ਸਜੀਵ ਚੀਜ਼ ਦੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” 8ਮੈਂ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਫ਼ਿੱਕੇ ਰੰਗ ਦਾ ਘੋੜਾ ਸੀ। ਘੋੜਸਵਾਰ ਮੌਤ ਸੀ। ਉਸ ਦੇ ਪਿੱਛੇ, ਪਾਤਾਲ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਪਰ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤਲਵਾਰ ਦੁਆਰਾ, ਅਕਾਲ ਦੁਆਰਾ, ਖਤਰਨਾਕ ਬਿਮਾਰੀਆਂ ਦੁਆਰਾ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ। 9ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ। ਫ਼ੇਰ ਮੈਂ ਕੁਝ ਰੂਹਾਂ ਨੂੰ ਜਗਵੇਦੀ ਹੇਠਾਂ ਵੇਖਿਆ। ਇਹ ਉਨ੍ਹਾਂ ਲੋਕਾਂ ਦੀਆਂ ਰੂਹਾਂ ਸਨ ਜੋ ਕਿ ਇਸ ਲਈ ਮਾਰੇ ਗਏ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਲਈ ਵਫ਼ਾਦਾਰ ਸਨ ਅਤੇ ਆਪਣੀ ਨਿਹਚਾ ਬਾਰੇ ਬੋਲੇ ਸਨ। 10ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?” 11ਫ਼ੇਰ ਉਨ੍ਹਾਂ ਵਿੱਚੋਂ ਹਰ ਰੂਹ ਨੂੰ ਇੱਕ ਚਿੱਟਾ ਚੋਲਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁਝ ਸਮਾਂ ਉਡੀਕਣ ਲਈ ਕਿਹਾ ਗਿਆ ਸੀ, ਜਿੰਨਾ ਚਿਰ ਉਨ੍ਹਾਂ ਦੇ ਕੁਝ ਹੋਰ ਭਰਾ ਜਿਹੜੇ ਮਸੀਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਾਂਗ ਹੀ ਨਾ ਮਾਰੇ ਜਾਣ। ਉਨ੍ਹਾਂ ਨੂੰ ਓਨਾ ਚਿਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਿੰਨਾ ਚਿਰ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੰਪੂਰਣ ਨਾ ਹੋ ਜਾਵੇ। 12ਫ਼ੇਰ ਮੈਂ ਦੇਖ ਰਿਹਾ ਸੀ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਉੱਥੇ ਬਹੁਤ ਵੱਡਾ ਭੁਚਾਲ ਆ ਗਿਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਬੋਰੇ ਵਰਗਾ ਕਾਲਾ ਹੋ ਗਿਆ। ਪੂਰਾ ਚੰਨ ਲਹੂ ਵਾਂਗ ਲਾਲ ਹੋ ਗਿਆ। 13ਅਕਾਸ਼ ਦੇ ਤਾਰੇ ਧਰਤੀ ਉੱਤੇ ਇੰਝ ਡਿੱਗ ਪਏ ਜਿਵੇਂ ਕਿ ਹੰਜ਼ੀਰ ਦਾ ਬੂਟਾ ਜਦੋਂ ਹਵਾ ਵੱਗਦੀ ਹੈ ਤਾਂ ਆਪਣੇ ਕੱਚੇ ਫ਼ਲ ਸੁੱਟ ਦਿੰਦਾ ਹੈ। 14ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾੜ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ। 15ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ। 16ਲੋਕਾਂ ਨੇ ਪਹਾੜਾਂ ਅਤੇ ਚੱਟਾਨਾਂ ਨੂੰ ਆਖਿਆ, “ਸਾਡੇ ਉੱਪਰ ਡਿੱਗ ਪਵੋ। ਸਾਨੂੰ ਉਸਤੋਂ ਲਕੋ ਲਵੋ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਲਕੋ ਲਵੋ। 17ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁੱਕਿਆ ਹੈ। ਕੌਣ ਇਸਦਾ ਸਾਹਮਣਾ ਕਰ ਸੱਕਦਾ ਹੈ?”

will be added

X\