ਪਰਕਾਸ਼ ਦੀ ਪੋਥੀ 15

1ਫ਼ੇਰ ਮੈਂ ਸਵਰਗ ਵਿੱਚ ਇੱਕ ਹੋਰ ਅਚੰਭਾ ਦੇਖਿਆ ਇਹ ਬਹੁਤ ਮਹਾਨ ਅਤੇ ਹੈਰਾਨੀ ਭਰਿਆ ਸੀ। ਉੱਥੇ ਸੱਤ ਦੂਤ ਸੱਤ ਮੁਸੀਬਤਾਂ ਲਿਆ ਰਹੇ ਸਨ। ਇਹ ਆਖਰੀ ਮੁਸੀਬਤਾਂ ਸਨ, ਕਿਉਂ ਕਿ ਇਸਤੋਂ ਬਾਅਦ ਪਰਮੇਸ਼ੁਰ ਦਾ ਗੁੱਸਾ ਮੁੱਕ ਜਾਵੇਗਾ। 2ਜੋ ਕੁਝ ਮੈਂ ਦੇਖਿਆ ਉਹ ਸ਼ੀਸ਼ੇ ਦੇ ਸਮੁੰਦਰ ਵਰਗਾ ਸੀ ਜਿਸ ਵਿੱਚ ਅੱਗ ਬਲੀ ਹੋਈ ਸੀ। ਉਹ ਸਾਰੇ ਲੋਕ ਜਿਨ੍ਹਾਂ ਨੇ ਜਾਨਵਰ, ਅਤੇ ਉਸਦੀ ਮੂਰਤੀ ਅਤੇ ਸਮੁੰਦਰ ਕੰਢੇ ਖਲੋਤੇ ਉਸ ਦੇ ਨਾਮਾਂ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਇਨ੍ਹਾਂ ਲੋਕਾਂ ਕੋਲ ਉਹ ਸਾਰੰਗੀਆਂ ਸਨ ਜਿਹੜੀਆਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਸਨ। 3ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ, “ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ, ਤੇਰੇ ਰਾਹ ਧਰਮੀ ਅਤੇ ਸੱਚੇ ਹਨ। 4ਹੇ ਪ੍ਰਭੂ ਸਾਰੇ ਲੋਕ ਤੈਥੋਂ ਡਰਨਗੇ। ਸਾਰੇ ਲੋਕ ਤੇਰੇ ਨਾਮ ਦੀ ਉਸਤਤਿ ਕਰਨਗੇ। ਸਿਰਫ਼ ਤੂੰ ਹੀ ਪਵਿੱਤਰ ਹੈਂ। ਸਾਰੀਆਂ ਕੌਮਾਂ ਆਉਣਗੀਆਂ ਅਤੇ ਉਪਾਸਨਾ ਕਰਨਗੀਆਂ, ਕਿਉਂਕਿ ਇਹ ਸਪੱਸ਼ਟ ਹੈ ਕਿ ਤੂੰ ਹੀ ਉਹ ਗੱਲਾਂ ਕਰਦਾ ਹੈਂ, ਜਿਹੜੀਆਂ ਸਹੀ ਹਨ।” 5ਇਸ ਤੋਂ ਮਗਰੋਂ ਮੈਂ ਸਵਰਗ ਵਿੱਚ ਮੰਦਰ ਪਰਮੇਸ਼ੁਰ ਦੀ ਹਜ਼ੂਰੀ ਦਾ ਪਵਿੱਤਰ ਸਥਾਨ ਦੇਖਿਆ। ਮੰਦਰ ਖੁੱਲ੍ਹਾ ਸੀ। 6ਸੱਤ ਦੂਤ ਜਿਨ੍ਹਾਂ ਕੋਲ ਸੱਤ ਮੁਸੀਬਤਾਂ ਸਨ ਮੰਦਰ ਵਿੱਚੋਂ ਬਾਹਰ ਆਏ। ਉਹ ਸਾਫ਼ ਅਤੇ ਚਮਕਦਾਰ ਕਤਾਨ ਵਿੱਚ ਸਜਿੱਤ ਸਨ। ਉਨ੍ਹਾਂ ਨੇ ਸੀਨਿਆਂ ਤੇ ਸੁਨਿਹਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ। 7ਫ਼ੇਰ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਦਿੱਤੇ। ਕਟੋਰੇ ਉਸ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ ਜਿਹੜਾ ਸਦਾ ਜੀਵਤ ਹੈ। 8ਮੰਦਰ ਪਰਮੇਸ਼ੁਰ ਦੀ ਸ਼ਾਨ ਅਤੇ ਸ਼ਕਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਓਨਾ ਚਿਰ ਕੋਈ ਵੀ ਮੰਦਰ ਵਿੱਚ ਦਾਖਲ ਨਹੀਂ ਹੋ ਸੱਕਦਾ ਜਿੰਨਾ ਚਿਰ ਸੱਤਾਂ ਦੂਤਾਂ ਦੀਆਂ ਸੱਤੇ ਮੁਸੀਬਤਾਂ ਸੰਪੂਰਣ ਨਹੀਂ ਹੋ ਜਾਂਦੀਆਂ।

will be added

X\