ਪਰਕਾਸ਼ ਦੀ ਪੋਥੀ 14

1ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ। 2ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ। 3ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ। 4ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ। 5ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ। 6ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ। 7ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।” 8ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।” 9ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ। 10ਉਹ ਵਿਅਕਤੀ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਂਦਾ ਹੈ। ਇਹ ਮੈਅ ਪਰਮੇਸ਼ੁਰ ਦੇ ਗੁੱਸੇ ਵਾਲੇ ਪਿਆਲੇ ਵਿੱਚ ਬਿਨ ਪਤਲੀ ਕੀਤਿਆਂ ਵਰਤਾਈ ਜਾਵੇਗੀ। ਇਸ ਵਿਅਕਤੀ ਨੂੰ ਬਲਦੀ ਹੋਈ ਗੰਧਕ ਨਾਲ ਪਵਿੱਤਰ ਦੂਤਾਂ ਅਤੇ ਲੇਲੇ ਦੇ ਸਾਹਮਣੇ ਕਸ਼ਟ ਦਿੱਤੇ ਜਾਣਗੇ। 11ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।” 12ਇਸਦਾ ਅਰਥ ਹੈ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ (ਵਿਸ਼ਵਾਸੀਆਂ) ਨੂੰ ਧੀਰਜ ਵਾਲੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਆਦੇਸ਼ ਮੰਨਣ ਅਤੇ ਯਿਸੂ ਵਿੱਚ ਆਪਣੀ ਨਿਹਚਾ ਰੱਖਣ। 13ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਇਸ ਨੂੰ ਲਿਖੋ; ਧੰਨ ਹਨ ਉਹ ਲੋਕ ਜਿਹੜੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।” ਆਤਮਾ ਆਖਦਾ, “ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰੜੇ ਕੰਮ ਤੋਂ ਅਰਾਮ ਪਾਉਣਗੇ। ਜਿਹੜੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।” 14ਮੈਂ ਤੱਕਿਆ ਅਤੇ ਮੇਰੇ ਅੱਗੇ ਇੱਕ ਚਿੱਟਾ ਬੱਦਲ ਸੀ। ਉਸ ਚਿੱਟੇ ਬੱਦਲ ਉੱਪਰ ਉਹ ਬੈਠਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਜਾਪਦਾ ਸੀ। ਉਸ ਦੇ ਸਿਰ ਤੇ ਸੁਨਿਹਰੀ ਤਾਜ ਸੀ ਅਤੇ ਉਸ ਦੇ ਹੱਥ ਵਿੱਚ ਤਿੱਖੀ ਦਾਤਰੀ ਸੀ। 15ਫ਼ੇਰ ਇੱਕ ਹੋਰ ਦੂਤ ਮੰਦਰ ਵਿੱਚੋਂ ਬਾਹਰ ਆਇਆ। ਇਸ ਦੂਤ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਇੱਕ ਨੂੰ ਉੱਚੀ ਅਵਾਜ਼ ਵਿੱਚ ਆਖਿਆ, “ਆਪਣੀ ਦਾਤਰੀ ਲੈ ਅਤੇ ਧਰਤੀ ਦੀ ਫ਼ਸਲ ਇਕੱਠੀ ਕਰ। ਵਾਢੀ ਦਾ ਵੇਲਾ ਆ ਗਿਆ ਹੈ। ਧਰਤੀ ਦਾ ਫ਼ਲ ਪੱਕ ਚੁੱਕਿਆ ਹੈ।” 16ਫ਼ਿਰ ਉਸ ਨੇ ਜਿਹੜਾ ਬੱਦਲ ਉੱਪਰ ਬੈਠਾ ਸੀ, ਆਪਣੀ ਦਾਤਰੀ ਧਰਤੀ ਉੱਤੇ ਸੁੱਟ ਦਿੱਤੀ। ਤੁਰੰਤ ਹੀ ਧਰਤੀ ਦੀ ਫ਼ਸਲ ਦੀ ਵਢਾਈ ਹੋ ਗਈ। 17ਫ਼ੇਰ ਸਵਰਗ ਦੇ ਮੰਦਰ ਵਿੱਚੋਂ ਇੱਕ ਹੋਰ ਦੂਤ ਬਾਹਰ ਆਇਆ। ਇਸ ਦੂਤ ਕੋਲ ਵੀ ਤਿੱਖੀ ਦਾਤਰੀ ਸੀ। 18ਫ਼ੇਰ ਇੱਕ ਹੋਰ ਦੂਤ ਜੱਗਵੇਦੀ ਵੱਲੋਂ ਬਾਹਰ ਆਇਆ। ਇਸ ਦੂਤ ਕੋਲ ਅੱਗ ਉੱਤੇ ਅਧਿਕਾਰ ਸੀ। ਇਸ ਦੂਤ ਨੇ ਉੱਚੀ ਅਵਾਜ਼ ਨਾਲ ਉਸ ਨੂੰ ਸੱਦਿਆ। ਜਿੱਸ ਕੋਲ ਤਿੱਖੀ ਦਾਤਰੀ ਸੀ ਅਤੇ ਆਖਿਆ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰ ਤੋੜ। ਅੰਗੂਰ ਪੱਕੇ ਹੋਏ ਹਨ।” 19ਦੂਤ ਨੇ ਆਪਣੀ ਦਾਤਰੀ ਧਰਤੀ ਵੱਲ ਵਗਾਈ। ਦੂਤ ਨੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਗੁੱਸੇ ਦੀ ਵੱਡੀ ਘੁਲਾੜੀ ਵਿੱਚ ਪਾ ਦਿੱਤਾ। 20ਸ਼ਹਿਰ ਤੋਂ ਬਾਹਰ ਅੰਗੂਰਾਂ ਨੂੰ ਘੁਲਾੜੀ ਵਿੱਚ ਪੀੜਿਆ ਗਿਆ। ਘੁਲਾੜੀ ਵਿੱਚੋਂ ਲਹੂ ਚੋਣ ਲੱਗਾ। ਇਹ 200 ਮੀਲ ਤੱਕ ਘੋੜਿਆਂ ਦੇ ਸਿਰਾਂ ਜਿੰਨਾ ਉੱਚਾ ਉੱਠ ਗਿਆ।

will be added

X\