ਪਰਕਾਸ਼ ਦੀ ਪੋਥੀ 1

1ਇਹ ਯਿਸੂ ਮਸੀਹ ਦਾ ਪਰਕਾਸ਼ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਹ ਗੱਲਾਂ ਦਿੱਤੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦਰਸ਼ਾ ਸੱਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਦਾਸ ਯੂਹੰਨਾ ਨੂੰ ਦਰਸ਼ਾਉਣ ਲਈ ਆਪਣੇ ਦੂਤ ਨੂੰ ਘੱਲਿਆ। 2ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸ ਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹੜਾ ਯਿਸੂ ਮਸੀਹ ਨੇ ਉਸ ਨੂੰ ਦੱਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ। 3ਧੰਨ ਹੈ ਉਹ ਜਿਹੜਾ ਪਰਮੇਸ਼ੁਰ ਦੇ ਇਸ ਸੰਦੇਸ਼ ਦੇ ਸ਼ਬਦ ਸੰਗਤ ਨੂੰ ਪੜ੍ਹਕੇ ਸੁਣਾਉਂਦਾ ਹੈ। ਅਤੇ ਧੰਨ ਹਨ ਉਹ, ਜਿਹੜੇ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ, ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਬਚਿਆ। 4ਯੂਹੰਨਾ ਵੱਲੋਂ, ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ: ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ। 5ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਜਿਵਾਲਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ। ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ। 6ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸ ਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹੜੇ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇੱਥੇ ਉਸ ਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ। 7ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸ ਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸ ਨੂੰ ਛੇਕਿਆ ਸੀ। ਧਰਤੀ ਦੇ ਸਾਰੇ ਲੋਕ ਉਸ ਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ। 8ਪ੍ਰਭੂ ਪਰਮੇਸ਼ੁਰ ਆਖਦਾ ਹੈ, “ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।” 9ਮੈਂ ਯੂਹੰਨਾ ਹਾਂ ਅਤੇ ਮਸੀਹ ਵਿੱਚ ਮੈਂ ਤੁਹਾਡਾ ਭਰਾ ਹਾਂ। ਅਸੀਂ ਇਕੱਠੇ ਯਿਸੂ ਵਿੱਚ ਹਾਂ ਅਤੇ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ; ਦੁੱਖ, ਰਾਜ ਅਤੇ ਸਹਿਣਸ਼ਕਤੀ। ਮੈਂ ਪਾਤਮੁਸ ਦੇ ਟਾਪੂ ਉੱਤੇ ਸਾਂ ਕਿਉਂਕਿ ਮੈਂ ਪਰਮੇਸ਼ੁਰ ਦੇ ਸੰਦੇਸ਼ ਅਤੇ ਯਿਸੂ ਦੇ ਸੱਚ ਪ੍ਰਤੀ ਵਫ਼ਾਦਾਰ ਸਾਂ। 10ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ। 11ਆਵਾਜ਼ ਨੇ ਆਖਿਆ, “ਉਹ ਸਾਰੀਆਂ ਗੱਲਾਂ ਜਿਹੜੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਅਤੇ ਉਨ੍ਹਾਂ ਨੂੰ ਸੱਤ ਕਲੀਸਿਯਾਵਾਂ ਨੂੰ ਭੇਜ। ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ।” 12ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁੜਿਆ, ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ। 13ਇਨ੍ਹਾਂ ਸ਼ਮਾਦਾਨਾਂ ਵਿੱਚਕਾਰ ਮੈਂ ਕਿਸੇ ਨੂੰ ਖਲੋਤਿਆਂ ਦੇਖਿਆ ਜਿਹੜਾ “ਮਨੁੱਖ ਦੇ ਪੁੱਤਰ ਵਰਗਾ” ਸੀ। ਉਸ ਨੇ ਉਸ ਦੇ ਪੈਰਾਂ ਤੱਕ ਪਹੁੰਚਦਾ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਉਸਦੀ ਛਾਤੀ ਦੁਆਲੇ ਇੱਕ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14ਉਸਦਾ ਸਿਰ ਅਤੇ ਵਾਲ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ। ਅਤੇ ਉਸਦੀਆਂ ਅੱਖਾਂ ਅੱਗ ਦੇ ਅੰਗਿਆਰਾਂ ਵਰਗੀਆਂ ਸਨ। 15ਉਸ ਦੇ ਪੈਰ ਭੱਠੀ ਵਿੱਚ ਦਗਦੇ ਹੋਏ ਤਾਂਬੇ ਵਰਗੇ ਸਨ। ਉਸਦੀ ਅਵਾਜ਼ ਹੜ੍ਹ ਦੇ ਪਾਣੀ ਵਰਗੀ ਸੀ। 16ਉਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ੜੇ ਹੋਏ ਸਨ। ਉਸ ਦੇ ਮੁੱਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ। 17ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ। 18ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ। 19ਇਸ ਲਈ ਉਹੀ ਗੱਲਾਂ ਲਿਖੋ ਜਿਹੜੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿੱਖ ਵਿੱਚ ਵਾਪਰਨਗੀਆਂ। 20ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।

will be added

X\