ਮੱਤੀ 26

1ਜਦੋਂ ਯਿਸੂ ਇਹ ਸਭ ਬਚਨ ਆਖ ਹਟਿਆ, ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, 2“ਤੁਹਾਨੂੰ ਪਤਾ ਹੈ ਕਿ ਪਰਸੋਂ ਪਸਾਹ ਦਾ ਤਿਉਹਾਰ ਹੈ। ਉਸ ਦਿਨ, ਮਨੁੱਖ ਦਾ ਪੁੱਤਰ ਆਪਣੇ ਦੁਸ਼ਮਨਾਂ ਹੱਥੀਂ ਸਲੀਬ ਦਿੱਤੇ ਜਾਣ ਲਈ ਦੇ ਦਿੱਤਾ ਜਾਵੇਗਾ।” 3ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕੱਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ। 4ਅਤੇ ਉਸ ਸਭਾ ਵਿੱਚ, ਉਨ੍ਹਾਂ ਨੇ ਧੋਖੇ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਅਤੇ ਮਾਰ ਦੇਣ ਦੀ ਵਿਉਂਤ ਬਣਾਈ। 5ਪਰ ਉਨ੍ਹਾਂ ਨੇ ਆਖਿਆ, “ਅਸੀਂ ਯਿਸੂ ਨੂੰ ਪਸਾਹ ਦੇ ਤਿਉਹਾਰ ਵੇਲੇ ਗਿਰਫ਼ਤਾਰ ਨਹੀਂ ਕਰ ਸੱਕਦੇ ਕਿਉਂਕਿ ਲੋਕ ਗੁੱਸੇ ਵਿੱਚ ਆ ਜਾਣਗੇ ਅਤੇ ਫ਼ਸਾਦ ਕਰ ਦੇਣਗੇ।” 6ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬੜਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ। 8ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬੜੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ? 9ਇਹੋ ਅਤਰ ਮਹਿੰਗੇ ਮੁੱਲ ਵੇਚਿਆ ਜਾ ਸੱਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸੱਕਦੇ ਸਨ?” 10ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸ ਲਈ ਉਸ ਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸ ਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ। 11ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ। 12ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਡੋਲ੍ਹਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ। 13ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿੱਥੇ ਕਿਤੇ ਇਹ ਖੁਸ਼ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸ ਨੂੰ ਯਾਦ ਕਰਨਗੇ।” 14ਤਦ ਉਨ੍ਹਾਂ ਬਾਰ੍ਹਾਂ ਚੇਲਿਆਂ ਵਿੱਚ ਇੱਕ ਨੇ ਜਿਸਦਾ ਨਾਉਂ ਯਹੂਦਾ ਇਸੱਕਰਿਯੋਤੀ ਸੀ, ਪ੍ਰਧਾਨ ਜਾਜਕ ਕੋਲ ਜਾਕੇ ਆਖਿਆ, 15“ਮੈਂ ਯਿਸੂ ਨੂੰ ਤੁਹਾਡੇ ਹੱਥ ਫ਼ੜਵਾ ਦੇਵਾਂਗਾ ਤਾਂ ਤੁਸੀਂ ਮੈਨੂੰ ਇਸ ਕਾਰਜ ਲਈ ਕੀ ਦੇਵੋਂਗੇ?” ਤਾਂ ਉਨ੍ਹਾਂ ਜਾਜਕਾਂ ਨੇ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਦੇ ਦਿੱਤੇ। 16ਉਸ ਵੇਲੇ ਤੋਂ ਬਾਦ ਯਹੂਦਾ ਯਿਸੂ ਨੂੰ ਜਾਜਕ ਦੇ ਹੱਥ ਫ਼ੜਵਾਉਨ ਦਾ ਦਾਅ ਲੱਭਣ ਲੱਗਾ। 17ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸੂ ਕੋਲ ਆਕੇ ਆਖਿਆ, “ਤੁਹਾਡੇ ਖਾਣ ਲਈ ਪਸਾਹ ਦਾ ਭੋਜਨ ਅਸੀਂ ਕਿੱਥੇ ਤਿਆਰ ਕਰੀਏ?” 18ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਅੰਦਰ ਜਾਓ ਅਤੇ ਉਸ ਵਿਅਕਤੀ ਨੂੰ ਮਿਲੋ ਜਿਸ ਨੂੰ ਮੈਂ ਜਾਨਦਾ ਹਾਂ ਅਤੇ ਉਸ ਨੂੰ ਦੱਸੋ ਕਿ ਤੇਰੇ ਗੁਰੂ ਨੇ ਕਿਹਾ, ‘ਮੇਰਾ ਚੁਣਿਆ ਹੋਇਆ ਵੇਲਾ ਨੇੜੇ ਆ ਗਿਆ ਹੈ ਅਤੇ ਮੈਂ ਪਸਾਹ ਦਾ ਭੋਜਨ ਆਪਣੇ ਚੇਲਿਆਂ ਸਮੇਤ ਤੇਰੇ ਘਰ ਹੀ ਕਰਾਂਗਾ।’” 19ਜਿਸ ਤਰ੍ਹਾਂ ਯਿਸੂ ਨੇ ਚੇਲਿਆਂ ਨੂੰ ਕਿਹਾ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਵੇਂ ਪਸਾਹ ਦਾ ਭੋਜਨ ਤਿਆਰ ਹੋਇਆ। 20ਸ਼ਾਮ ਵੇਲੇ ਯਿਸੂ ਆਪਣੇ ਬਾਰ੍ਹਾਂ ਚੇਲਿਆ ਸਮੇਤ ਮੇਜ਼ ਤੇ ਬੈਠਾ ਹੋਇਆ ਸੀ। 21ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਚੇਲਾ ਮੈਨੂੰ ਜਲਦੀ ਹੀ ਮੇਰੇ ਦੁਸ਼ਮਨਾਂ ਦੇ ਹੱਥ ਫ਼ੜਾ ਦੇਵੇਗਾ।” 22ਇਹ ਸੁਣਕੇ ਚੇਲੇ ਬੜੇ ਨਿਰਾਸ਼ ਹੋਏ। ਯਿਸੂ ਦੇ ਹਰ ਚੇਲੇ ਨੇ ਕਿਹਾ, “ਪ੍ਰਭੂ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?” 23ਯਿਸੂ ਨੇ ਉੱਤਰ ਦਿੱਤਾ, “ਜਿਸ ਆਦਮੀ ਨੇ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਡੁਬੋਇਆ ਹੈ ਉਹੀ ਵਿਅਕਤੀ ਹੈ ਜਿਹੜਾ ਮੈਨੂੰ ਦੁਸ਼ਮਨਾਂ ਦੇ ਹੱਥੀ ਫ਼ੜਾਵੇਗਾ। 24ਮਨੁੱਖ ਦਾ ਪੁੱਤਰ ਜਾਵੇਗਾ ਅਤੇ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ, ਪੋਥੀਆਂ ਵਿੱਚ ਲਿਖਿਆ ਹੋਇਆ ਹੈ। ਪਰ ਉਸ ਮਨੁੱਖ ਤੇ ਲਾਹਨਤ ਜਿਹੜਾ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥੀਂ ਫ਼ੜਾਵੇਗਾ। ਉਸ ਮਨੁੱਖ ਲਈ ਭਲਾ ਹੁੰਦਾ ਕਿ ਉਹ ਨਾ ਹੀ ਜੰਮਦਾ।” 25ਤਦ ਯਹੂਦਾ ਨੇ ਯਿਸੂ ਨੂੰ ਆਖਿਆ, “ਗੁਰੂ ਜੀ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ। ਕੀ ਇਹ ਸੱਚ ਨਹੀਂ ਹੈ?” ਯਹੂਦਾ ਹੀ ਉਹ ਮਨੁੱਖ ਸੀ ਜੋ ਯਿਸੂ ਨੂੰ ਉਸ ਦੇ ਦੁਸ਼ਮਨਾਂ ਦੇ ਹੱਥ ਫ਼ੜਵਾਉਨਾ ਚਾਹੁੰਦਾ ਸੀ ਤਾਂ ਯਿਸੂ ਨੇ ਆਖਿਆ, “ਹਾਂ ਉਹ ਤੂੰ ਹੈਂ।” 26ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋੜੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੋ ਇਹ ਮੇਰਾ ਸ਼ਰੀਰ ਹੈ।” 27ਫ਼ਿਰ ਯਿਸੂ ਨੇ ਮੈਅ ਦਾ ਪਿਆਲਾ ਫ਼ੜਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਇਸ ਨੂੰ ਪੀਓ। 28ਇਹ ਮੇਰਾ ਲਹੂ ਹੈ। ਮੇਰਾ ਲਹੂ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਵਿੱਚਕਾਰ ਨਵਾਂ ਕਰਾਰ ਸ਼ੁਰੂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਕਰਨ ਲਈ ਇਹ ਲਹੂ ਵਹਾਇਆ ਗਿਆ ਹੈ। 29ਮੈਂ ਤੁਹਾਨੂੰ ਦੱਸਦਾ ਹਾਂ, ਕਿ ਮੈਂ ਇਸ ਮੈਅ ਨੂੰ ਫ਼ੇਰ ਕਦੇ ਨਹੀਂ ਪੀਵਾਂਗਾ। ਪਰ ਜਦੋਂ ਮੈਂ ਇਸ ਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਪੀਵਾਂਗਾ ਤਾਂ ਇਹ ਨਵੀਂ ਹੋਵੇਗੀ।” 30ਫ਼ਿਰ ਉਨ੍ਹਾਂ ਨੇ ਭਜਨ ਗਾਇਆ। ਇਸਤੋਂ ਬਾਦ ਜੈਤੂਨ ਦੇ ਪਹਾੜ ਵੱਲ ਚੱਲੇ ਗਏ। 31ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਰਾਤ ਮੇਰੇ ਕਾਰਣ ਤੁਸੀਂ ਸਾਰੇ ਆਪਣਾ ਭਰੋਸਾ ਗੁਆ ਲਵੋਂਗੇ। ਕਿਉਂ ਜੋ ਇਹ ਲਿਖਿਆ ਹੋਇਆ ਹੈ: ‘ਮੈਂ ਆਜੜੀ ਨੂੰ ਮਾਰ ਦੇਵਾਂਗਾ, ਅਤੇ ਉਸ ਦੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।’ 32ਪਰ ਮੈਂ ਮੌਤ ਤੋਂ ਬਾਦ ਫ਼ਿਰ ਜੀ ਉੱਠਾਂਗਾ ਅਤੇ ਗਲੀਲੀ ਵੱਲ ਜਾਵਾਂਗਾ। ਮੈਂ ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਹੋਵਾਂਗਾ।” 33ਤਦ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਭਾਵੇਂ ਤੇਰੇ ਕਾਰਨ ਬਾਕੀ ਸਾਰੇ ਚੇਲੇ ਭਰੋਸਾ ਗੁਆ ਬੈਠਣ, ਮੈਂ ਆਪਣਾ ਭਰੋਸਾ ਕਦੇ ਨਹੀਂ ਗੁਆਵਾਂਗਾ।” 34ਯਿਸੂ ਨੇ ਆਖਿਆ, “ਮੈਂ ਸੱਚ ਆਖਦਾ ਕਿ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਨਾਮੰਜ਼ੂਰ ਕਰੇਂਗਾ।” 35ਪਰ ਪਤਰਸ ਨੇ ਆਖਿਆ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਪਵੇ ਮੈਂ ਤੇਰਾ ਕਦੇ ਵੀ ਇਨਕਾਰ ਨਹੀਂ ਕਰਾਂਗਾ।” ਅਤੇ ਇਉਂ ਹੀ ਬਾਕੀ ਸਾਰਿਆਂ ਚੇਲਿਆਂ ਨੇ ਵੀ ਕਿਹਾ। 36ਫ਼ੇਰ, ਯਿਸੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮੇਂ ਦੀ ਇੱਕ ਥਾਂ ਤੇ ਗਿਆ, ਅਤੇ ਉਨ੍ਹਾਂ ਨੂੰ ਆਖਿਆ, “ਜਿੰਨਾ ਚਿਰ ਮੈਂ ਉੱਥੇ ਰਹਾਂ ਅਤੇ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ।” 37ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਆਪਣੇ ਨਾਲ ਆਉਣ ਨੂੰ ਕਿਹਾ ਪਰ ਨਾਲ ਹੀ ਯਿਸੂ ਬੜਾ ਉਦਾਸ ਅਤੇ ਬੇਕਰਾਰ ਨਜ਼ਰ ਆਉਣ ਲੱਗਾ। 38ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਕਿਹਾ, “ਮੇਰਾ ਆਤਮਾ ਦੁੱਖ ਨਾਲ ਭਰਪੂਰ ਹੈ ਅਤੇ ਮੇਰਾ ਦਿਲ ਉਦਾਸੀ ਨਾਲ ਟੁੱਟਦਾ ਜਾ ਰਿਹਾ ਹੈ। ਤੁਸੀਂ ਇੱਥੇ ਮੇਰੇ ਨਾਲ ਜਾਗਦੇ ਰਹੋ ਅਤੇ ਰਤਾ ਉਡੀਕ ਕਰੋ।” 39ਤਦ ਯਿਸੂ ਉਨ੍ਹਾਂ ਤੋਂ ਥੋੜਾ ਕੁ ਅੱਗੇ ਨੂੰ ਵੱਧਿਆ। ਯਿਸੂ ਮੂੰਹ ਭਾਰ ਜ਼ਮੀਨ ਉੱਤੇ ਪਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇਕਰ ਇਹ ਸੰਭਵ ਹੈ ਤਾਂ ਦੁੱਖ ਦਾ ਇਹ ਪਿਆਲਾ ਲੈ ਲਵੋ। ਪਰ ਤੂੰ ਉਹੀ ਕਰ ਜੋ ਤੂੰ ਚਾਹੁੰਦਾ ਹੈ ਨਾ ਕਿ ਜੋ ਮੈਂ ਚਾਹੁੰਦਾ ਹਾਂ।” 40ਤਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਸੁਤਿਆਂ ਪਾਇਆ। ਯਿਸੂ ਨੇ ਪਤਰਸ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਇੱਕ ਘੜੀ ਲਈ ਵੀ ਨਹੀਂ ਜਾਗ ਸੱਕਦੇ? 41ਜਾਗੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ। ਆਤਮਾ ਤਾਂ ਇਛੁੱਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ।” 42ਫ਼ੇਰ ਯਿਸੂ ਦੂਜੀ ਵਾਰ ਉੱਥੇ ਚੱਲਿਆ ਗਿਆ ਅਤੇ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਜੇਕਰ ਇਹ ਦੁੱਖਾ ਦਾ ਪਿਆਲਾ ਹਟਾਇਆ ਜਾਣਾ ਸੰਭਵ ਨਹੀਂ, ਕਾਸ਼ ਤੁਹਾਡੀ ਇੱਛਾ ਹੀ ਪੂਰਨ ਹੋਵੇ।” 43ਜਦੋਂ ਯਿਸੂ ਵਾਪਿਸ ਆਇਆ, ਉਸ ਨੇ ਆਪਣੇ ਚੇਲਿਆਂ ਨੂੰ ਫ਼ਿਰ ਸੁਤਾ ਹੋਇਆ ਪਾਇਆ। ਉਨ੍ਹਾਂ ਦੀਆਂ ਅੱਖਾ ਥੱਕੀਆ ਹੋਈਆਂ ਸਨ। 44ਤਾ ਯਿਸੂ ਤੋ ਵਿਦਾ ਹੋਕੇ ਇੱਕ ਵਾਰ ਫਿਰ ਚੱਲਾ ਗਿਆ ਅਤੇ ਤੀਜੀ ਵਾਰ ਉਹੀ ਬਚਨ ਆਖਦੇ ਹੋਏ ਪ੍ਰਾਰਥਨਾ ਕੀਤੀ। 45ਯਿਸੂ ਵਾਪਿਸ ਚੇਲਿਆਂ ਕੋਲ ਗਿਆ ਅਤੇ ਆਖਣ ਲੱਗਾ, “ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਅਰਾਮ ਕਰ ਰਹੇ ਹੋ? ਵੇਖੋ ਉਹ ਘੜੀ ਆ ਗਈ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫ਼ੜਾਇਆ ਜਾਣਾ ਹੈ। 46ਵੇਖੋ, ਜੋ ਮਨੁੱਖ ਮੈਨੂੰ ਮੇਰੇ ਦੁਸ਼ਮਨਾਂ ਹੱਥੀਂ ਫ਼ੜਾਵੇਗਾ ਉਹ ਆ ਗਿਆ ਹੈ।” 47ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਯਹੂਦਾ ਉੱਥੇ ਆ ਗਿਆ। ਪ੍ਰਧਾਨ ਜਾਜਕਾਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਲੋਕ ਅਤੇ ਲੋਕਾਂ ਦੇ ਬਜ਼ੁਰਗ ਆਗੂ ਵੀ ਉਸ ਦੇ ਨਾਲ ਸਨ। ਉਨ੍ਹਾਂ ਕੋਲ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਹੋਈਆਂ ਸਨ। 48ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸ ਨੂੰ ਗਿਰਫ਼ਤਾਰ ਕਰ ਲੈਣਾ।” 49ਤਾਂ ਯਹੂਦਾ ਸਿੱਧਾ ਯਿਸੂ ਕੋਲ ਗਿਆ ਅਤੇ ਆਖਿਆ, “ਗੁਰੂ ਜੀ ਨਮਸੱਕਾਰ!” ਫ਼ਿਰ ਉਸ ਨੇ ਉਸ ਨੂੰ ਚੁੰਮਿਆ। 50ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਤੂੰ ਜੋ ਇੱਥੇ ਕਰਨ ਆਇਆ ਹੈਂ ਉਹ ਕਰ।” ਉਦੋਂ ਹੀ ਆਦਮੀ ਆ ਗਏ ਉਨ੍ਹਾਂ ਨੇ ਯਿਸੂ ਨੂੰ ਫ਼ੜਿਆ ਅਤੇ ਗਿਰਫ਼ਤਾਰ ਕਰ ਲਿਆ। 51ਜਦੋਂ ਇੰਝ ਵਾਪਰਿਆ ਤਾਂ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਸਰਦਾਰ ਜਾਜਕ ਦੇ ਸੇਵਕ ਤੇ ਚਲਾਈ ਅਤੇ ਉਸਦਾ ਕੰਨ ਵੱਢ ਦਿੱਤਾ। 52ਯਿਸੂ ਨੇ ਉਸ ਨੂੰ ਕਿਹਾ, “ਆਪਣੀ ਤਲਵਾਰ ਮੁੜ ਮਿਆਨ ਵਿੱਚ ਪਾ ਲੈ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਤਲਵਾਰ ਨਾਲ ਹੀ ਮਾਰੇ ਜਾਣਗੇ। 53ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਸੱਕਦਾ ਹਾਂ ਅਤੇ ਉਹ ਝੱਟ ਮੇਰੇ ਵਾਸਤੇ ਦੂਤਾਂ ਦੀਆਂ ਬਾਰ੍ਹਾਂ ਸੈਨਾ ਤੋਂ ਵੱਧ ਭੇਜ ਦੇਵੇਗਾ। 54ਪਰ ਇਸ ਨੂੰ ਇਵੇਂ ਵਾਪਰਨਾ ਚਾਹੀਦਾ ਹੈ ਤਾਂ ਜੋ ਉਵੇਂ ਹੀ ਹੋਵੇ ਜਿਵੇਂ ਪੋਥੀਆਂ ਆਖਦੀਆਂ ਹਨ।” 55ਤਦ ਯਿਸੂ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਇਨ੍ਹਾਂ ਤਲਵਾਰਾਂ ਅਤੇ ਡਾਂਗਾ ਨਾਲ ਮੈਨੂੰ ਗਿਰਫ਼ਤਾਰ ਕਰਨ ਲਈ ਆਏ ਹੋਂ, ਜਿਵੇਂ ਮੈਂ ਕੋਈ ਅਪਰਾਧੀ ਹੋਵਾਂ? ਹਰ ਰੋਜ਼ ਮੈਂ ਮੰਦਰ ਦੇ ਇਲਾਕੇ ਵਿੱਚ ਬੈਠਦਾ ਸੀ ਅਤੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ। 56ਪਰ ਇਹ ਸਭ ਕੁਝ ਇਸ ਲਈ ਹੋਇਆ ਤਾਂ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।” ਇਸਤੋਂ ਬਾਦ ਯਿਸੂ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ। 57ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸ ਨੂੰ ਸਰਦਾਰ ਜਾਜਕ ਕਯਾਫ਼ਾ ਦੇ ਘਰ ਲੈ ਗਏ ਜਿੱਥੇ ਨੇਮ ਦੇ ਉਪਦੇਸ਼ਕ ਅਤੇ ਵਡੇਰੇ ਆਗੂ ਇਕੱਠੇ ਹੋਏ ਸਨ। 58ਜਦੋਂ ਉਸ ਨੂੰ ਸਰਦਾਰ ਜਾਜਕ ਦੇ ਘਰ ਲਿਜਾਇਆ ਜਾ ਰਿਹਾ ਸੀ ਤਾਂ ਪਤਰਸ ਨੇ ਕੁਝ ਵਿੱਥ ਨਾਲ ਉਸਦਾ ਪਿੱਛਾ ਕੀਤਾ। ਉਸ ਨੇ ਵਿਹੜੇ ਵਿੱਚ ਪ੍ਰਵੇਸ਼ ਕੀਤਾ ਅਤੇ ਸਿਪਾਹੀਆਂ ਨਾਲ ਬੈਠ ਗਿਆ। ਉਹ ਇਹ ਵੇਖਣ ਲਈ ਉਤਸੁਕ ਸੀ ਕਿ ਅੰਤ ਵਿੱਚ ਯਿਸੂ ਨਾਲ ਕੀ ਵਾਪਰੇਗਾ। 59ਪ੍ਰਧਾਨ ਜਾਜਕ ਅਤੇ ਯਹੂਦੀਆਂ ਦੀ ਪੂਰੀ ਸਭਾ ਯਿਸੂ ਦੇ ਖਿਲਾਫ਼ ਝੂਠੇ ਗਵਾਹ ਲੱਭ ਰਹੀ ਸੀ। ਤਾਂ ਜੋ ਉਹ ਉਸ ਨੂੰ ਮਰਵਾ ਸੱਕਣ। ਉਹ ਅਜਿਹੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਯਿਸੂ ਦੇ ਵਿਰੁੱਧ ਕੁਝ ਕਹਿਣ। 60ਬਹੁਤ ਸਾਰੇ ਲੋਕ ਸਾਹਮਣੇ ਆਏ ਜਿਨ੍ਹਾਂ ਨੇ ਯਿਸੂ ਬਾਰੇ ਝੂਠੀਆਂ ਗੱਲਾਂ ਆਖੀਆਂ। ਪਰ ਉਹ ਅਜਿਹੀ ਕੋਈ ਵੀ ਗਵਾਹੀ ਨਾ ਲੱਭ ਸੱਕੇ। ਫ਼ੇਰ ਦੋ ਲੋਕ ਬਾਹਰ ਆਏ ਅਤੇ ਉਨ੍ਹਾਂ ਆਖਿਆ, 61“ਇਸ ਆਦਮੀ ਨੇ ਆਖਿਆ, ‘ਮੈਂ ਪਰਮੇਸ਼ੁਰ ਦਾ ਮੰਦਰ ਢਾਹ ਕੇ ਤਿੰਨ ਦਿਨਾਂ ਵਿੱਚ ਫ਼ੇਰ ਬਣਾ ਸੱਕਦਾ ਹਾਂ।’” 62ਸਰਦਾਰ ਜਾਜਕ ਉੱਠਿਆ ਅਤੇ ਯਿਸੂ ਨੂੰ ਆਖਣ ਲੱਗਾ, “ਇਹ ਲੋਕ ਤੇਰੇ ਉੱਤੇ ਦੋਸ਼ ਲਾ ਰਹੇ ਹਨ। ਕੀ ਤੇਰੇ ਕੋਲ ਕੋਈ ਜਵਾਬ ਨਹੀਂ? ਕੀ ਇਹ ਲੋਕ ਸੱਚ ਆਖ ਰਹੇ ਹਨ?” 63ਪਰ ਯਿਸੂ ਨੇ ਕੁਝ ਨਾ ਕਿਹਾ। ਦੋਬਾਰਾ ਸਰਦਾਰ ਜਾਜਕ ਨੇ ਯਿਸੂ ਨੂੰ ਪੁੱਛਿਆ, “ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਅਤੇ ਹੁਕਮ ਦਿੰਦਾ ਹਾਂ ਸਾਨੂੰ ਦੱਸ, ਕੀ ਪਰਮੇਸ਼ੁਰ ਦਾ ਪੁੱਤਰ ਮਸੀਹ ਤੂੰ ਹੈਂ?” 64ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਹੀ ਹਾਂ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਭਵਿੱਖ ਵਿੱਚ, ਤੁਸੀਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਬੈਠਿਆਂ, ਅਤੇ ਸਵਰਗਾਂ ਦੇ ਬੱਦਲਾਂ ਚੋਂ ਆਉਂਦਿਆਂ ਵੇਖੋਂਗੇ।” 65ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ ਉਹ ਬੜੇ ਕਰੋਧ ਵਿੱਚ ਆਇਆ। ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਖਿਆ, “ਇਸ ਮਨੁੱਖ ਨੇ ਉਹ ਗੱਲਾਂ ਆਖਿਆਂ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ, ਇਸ ਲਈ ਸਾਨੂੰ ਕੋਈ ਹੋਰ ਗਵਾਹੀ ਨਹੀਂ ਲੋੜੀਂਦੀ। ਤੁਸੀਂ ਸਭ ਨੇ ਇਸ ਨੂੰ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ। 66ਤੁਹਾਡੀ ਕੀ ਸਲਾਹ ਹੈ?” ਯਹੂਦੀਆਂ ਨੇ ਉੱਤਰ ਦਿੱਤਾ, “ਇਹ ਕਸੂਰਵਾਰ ਹੈ, ਅਤੇ ਉਸ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।” 67ਤਦ ਲੋਕਾਂ ਨੇ ਯਿਸੂ ਦੇ ਮੂੰਹ ਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ। ਹੋਰਨਾਂ ਲੋਕਾਂ ਨੇ ਯਿਸੂ ਨੂੰ ਥੱਪੜ ਮਾਰੇ। 68ਉਨ੍ਹਾਂ ਕਿਹਾ, “ਦਿਖਾ ਕਿ ਤੂੰ ਇੱਕ ਨਬੀ ਹੈਂ। ਹੇ ਮਸੀਹ, ਅਗੰਮ ਵਾਕ ਕਰ ਕਿ ਤੈਨੂੰ ਕਿਸਨੇ ਮਾਰਿਆ ਹੈ।” 69ਉਸ ਸਾਰੇ ਸਮੇਂ ਪਤਰਸ ਵਿਹੜੇ ਵਿੱਚ ਬੈਠਾ ਰਿਹਾ। ਇੱਕ ਨੋਕਰਾਨੀ ਪਤਰਸ ਕੋਲ ਆਈ ਅਤੇ ਆਖਿਆ, “ਤੂੰ ਵੀ ਗਲੀਲ ਦੇ ਯਿਸੂ ਨਾਲ ਸੀ।” 70ਪਰ ਪਤਰਸ ਨੇ ਇਸਦਾ ਸਭ ਅੱਗੇ ਇਨਕਾਰ ਕੀਤਾ, ਅਤੇ ਆਖਿਆ, “ਮੈਂ ਨਹੀਂ ਜਾਣਦਾ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ।” 71ਫ਼ੇਰ ਪਤਰਸ ਉਸ ਵਿਹੜੇ ਤੋਂ ਬਾਹਰ ਚੱਲਿਆ ਗਿਆ। ਫ਼ਾਟਕ ਕੋਲ ਇੱਕ ਹੋਰ ਗੋਲੀ ਨੇ ਉਸ ਨੂੰ ਵੇਖਿਆ ਅਤੇ ਉੱਥੇ ਲੋਕਾਂ ਨੂੰ ਆਖਿਆ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।” 72ਫ਼ਿਰ, ਪਤਰਸ ਨੇ ਸੌਂਹ ਖਾਕੇ ਇਹ ਆਖਦਿਆਂ ਇਨਕਾਰ ਕਰ ਦਿੱਤਾ, “ਮੈਂ ਇਸ ਆਦਮੀ ਨੂੰ ਨਹੀਂ ਜਾਣਦਾ।” 73ਕੁਝ ਦੇਰ ਬਾਦ, ਜੋ ਲੋਕ ਉੱਥੇ ਖੜ੍ਹੇ ਸਨ ਉਹ ਪਤਰਸ ਕੋਲ ਆਏ ਅਤੇ ਆਖਿਆ, “ਤੇਰੇ ਉੱਚਾਰਣ ਤੋਂ ਹੀ ਸਾਨੂੰ ਪਤਾ ਹੈ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ।” 74ਤਦ ਉਹ ਖੁਦ ਨੂੰ ਸਰਾਪਣ ਲੱਗਾ ਅਤੇ ਉਸ ਨੇ ਆਖਿਆ, “ਮੈਂ ਪਰਮੇਸ਼ੁਰ ਦੀ ਸੌਹ ਖਾਂਦਾ ਹਾਂ ਕਿ ਮੈਂ ਇਸ ਆਦਮੀ ਨੂੰ ਨਹੀਂ ਜਾਣਦਾ।” ਜਿਵੇਂ ਹੀ ਪਤਰਸ ਨੇ ਇਹ ਆਖਿਆ, ਕੁੱਕੜ ਨੇ ਬਾਂਗ ਦਿੱਤੀ। 75ਤਦ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਉਸ ਨੂੰ ਕੀ ਆਖਿਆ ਸੀ: “ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਮੈਨੂੰ ਤਿੰਨ ਵਾਰੀ ਜਾਨਣ ਤੋਂ ਇਨਕਾਰ ਕਰੇਂਗਾ।” ਫ਼ੇਰ ਪਤਰਸ ਬਾਹਰ ਗਿਆ ਅਤੇ ਭੁਬਾਂ ਮਾਰਕੇ ਰੋਇਆ।

will be added

X\