ਮੱਤੀ 20

1“ਸਵਰਗ ਦਾ ਰਾਜ ਤਾਂ ਇੱਕ ਜਿਮੀਦਾਰ ਵਰਗਾ ਹੈ, ਜੋ ਤੜਕੇ ਹੀ ਘਰੋਂ ਨਿੱਕਲਿਆ ਕਿ ਆਪਣੇ ਅੰਗੂਰਾਂ ਦੇ ਬਾਗ ਵਿੱਚ ਕੁਝ ਕਾਮੇ ਲਾਵੇ। 2ਉਸ ਨੇ ਕਾਮਿਆਂ ਨਾਲ ਇੱਕ ਚਾਂਦੀ ਦਾ ਸਿੱਕਾ ਦਿਹਾੜੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬਾਗ ਵਿੱਚ ਭੇਜ ਦਿੱਤਾ। 3“ਨੌ ਕੁ ਵਜੇ ਉਹ ਆਦਮੀ ਬਜ਼ਾਰ ਗਿਆ ਤਾਂ ਕੁਝ ਬੰਦਿਆਂ ਨੂੰ ਉੱਥੇ ਖੜ੍ਹੇ ਵੇਖਿਆ, ਇਹ ਲੋਕ ਕੁਝ ਵੀ ਨਹੀਂ ਸੀ ਕਰ ਰਹੇ। 4ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ‘ਜੇਕਰ ਤੁਸੀਂ ਵੀ ਮੇਰੇ ਬਾਗਾਂ ਵਿੱਚ ਜਾਕੇ ਕੰਮ ਕਰੋ ਤਾਂ ਮੈਂ ਤੁਹਾਨੂੰ ਜਿੰਨਾ ਤੁਹਾਡਾ ਹੱਕ ਬਣੇਗਾ ਦੇਵਾਂਗਾ।’ 5ਅਤੇ ਉਹ ਲੋਕ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਚੱਲੇ ਗਏ। “ਅਤੇ ਫ਼ਿਰ ਉਹੀ ਆਦਮੀ ਬਾਰ੍ਹਾਂ ਕੁ ਵਜੇ ਬਾਹਰ ਗਿਆ, ਅਤੇ ਫ਼ਿਰ ਤਿੰਨ ਕੁ ਵਜੇ। ਦੋਨੋਂ ਵਾਰੀ ਉਸ ਨੇ ਕੁਝ ਕਾਮਿਆਂ ਨੂੰ ਉਸ ਦੇ ਬਾਗ ਵਿੱਚ ਕੰਮ ਕਰਨ ਲਈ ਲਿਆਂਦਾ। 6ਆਥਣ ਵੇਲੇ, ਪੰਜ ਕੁ ਵਜੇ ਉਹ ਬਾਹਰ ਗਿਆ ਅਤੇ ਕੁਝ ਹੋਰ ਲੋਕਾਂ ਨੂੰ ਬਜ਼ਾਰ ਵਿੱਚ ਖੜ੍ਹੇ ਵੇਖਿਆ। ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਕੁਝ ਕੀਤੇ ਬਿਨਾ ਖੜ੍ਹੇ ਰਹਿੰਦੇ ਹੋ?’ 7“ਉਨ੍ਹਾਂ ਮਨੁੱਖਾਂ ਨੇ ਜਵਾਬ ਦਿੱਤਾ, ‘ਸਾਨੂੰ ਕਿਸੇ ਨੇ ਵੀ ਨੌਕਰੀ ਨਹੀਂ ਦਿੱਤੀ।’ “ਉਸ ਆਦਮੀ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਮੇਰੇ ਬਾਗ ਵਿੱਚ ਜਾਕੇ ਕੰਮ ਕਰ ਸੱਕਦੇ ਹੋ।’ 8“ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।’ 9“ਜਿਹੜੇ ਕਾਮੇ ਪੰਜ ਵਜੇ ਲਿਆਂਦੇ ਗਏ ਸਨ, ਆਏ ਅਤੇ ਇੱਕ ਚਾਂਦੀ ਦਾ ਸਿੱਕਾ ਪ੍ਰਾਪਤ ਕੀਤਾ। 10ਫ਼ਿਰ ਜਿਹੜੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵੱਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ। 11ਪਰ ਉਹ ਇਹ ਸਿੱਕਾ ਲੈ ਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। 12ਅਤੇ ਬੋਲੇ, ‘ਜਿਹੜੇ ਲੋਕ ਅੰਤ ਵਿੱਚ ਲਿਆਂਦੇ ਗਏ ਸਨ ਅਤੇ ਜਿਨ੍ਹਾਂ ਨੇ ਸਿਰਫ਼ ਇੱਕ ਹੀ ਘੰਟੇ ਲਈ ਕੰਮ ਕੀਤਾ, ਤੁਸੀਂ ਉਨ੍ਹਾਂ ਨੂੰ ਵੀ ਸਾਡੇ ਜਿੰਨਾ ਹੀ ਦਿੱਤਾ। ਅਤੇ ਅਸੀਂ ਸਾਰਾ ਦਿਨ ਧੁੱਪੇ ਸਖਤ ਮਿਹਨਤ ਕੀਤੀ।’ 13“ਜਿਮੀਦਾਰ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ, ‘ਮਿੱਤਰਾ, ਮੈਂ ਤੇਰੇ ਨਾਲ ਬੇਈਮਾਨੀ ਨਹੀਂ ਕੀਤੀ। ਕੀ ਤੂੰ ਇੱਕ ਚਾਂਦੀ ਦੇ ਸਿੱਕੇ ਵਾਸਤੇ ਕੰਮ ਕਰਨ ਲਈ ਰਾਜੀ ਨਹੀਂ ਹੋਇਆ? 14ਤੂੰ ਆਪਣੀ ਮਜੂਰੀ ਲੈ ਤੇ ਚੱਲਿਆ ਜਾ। ਪਰ ਮੈਂ ਅਖੀਰਲੇ ਬੰਦੇ ਨੂੰ ਵੀ ਉਹੀ ਦੇਣਾ ਚਾਹੁੰਦਾ ਹਾਂ ਜੋ ਮੈਂ ਤੈਨੂੰ ਦਿੱਤਾ। 15ਕੀ ਇਹ ਮੇਰਾ ਹੱਕ ਨਹੀਂ ਕਿ ਮੈਂ ਆਪਣੇ ਪੈਸੇ ਨੂੰ ਜਿਵੇਂ ਚਾਹਾਂ ਇਸਤੇਮਾਲ ਕਰਾਂ? ਜਾਂ ਤੈਨੂੰ ਈਰਖਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨਾਲ ਉਦਾਰ ਹਾਂ ਜੋ ਮਗਰੋਂ ਆਏ।’ 16“ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਹੁਣ ਪਿੱਛਲਾ ਦਰਜਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਹਿਲਾ ਦਰਜਾ ਹੋਵੇਗਾ ਅਤੇ ਉਹ ਲੋਕ ਜਿਨ੍ਹਾਂ ਦਾ ਹੁਣ ਦਰਜਾ ਪਹਿਲਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਿੱਛਲਾ ਹੋਵੇਗਾ।” 17ਜਦੋਂ ਯਿਸੂ ਯਰੂਸਲਮ ਜਾ ਰਿਹਾ ਸੀ, ਉਸ ਦੇ ਬਾਰ੍ਹਾਂ ਚੇਲੇ ਵੀ ਉਸ ਦੇ ਨਾਲ ਸਨ। ਰਾਹ ਵਿੱਚ ਉਸ ਨੇ ਉਨ੍ਹਾਂ ਨੂੰ ਇੱਕ ਸਾਥ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਇੱਕਾਂਤ ਵਿੱਚ ਆਖਿਆ। 18“ਵੇਖੋ, ਅਸੀਂ ਯਰੂਸ਼ਲਮ ਵੱਲ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਫ਼ੜਾ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੇ ਦੇਣਗੇ। 19ਉਹ ਮਨੁੱਖ ਦੇ ਪੁੱਤਰ ਨੂੰ ਗੈਰ-ਯਹੂਦੀਆਂ ਨੂੰ ਦੇ ਦੇਣਗੇ। ਉਹ ਉਸ ਉੱਤੇ ਹੱਸਣਗੇ ਅਤੇ ਕੋੜਿਆਂ ਨਾਲ ਕੁੱਟਣਗੇ ਅਤੇ ਸਲੀਬ ਤੇ ਚੜ੍ਹਾ ਦੇਣਗੇ। ਅਤੇ ਮੌਤ ਤੋਂ ਤੀਜੇ ਦਿਨ ਬਾਦ, ਫਿਰ ਜੀ ਉੱਠੇਗਾ।” 20ਉਸ ਸਮੇਂ, ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਮੇਤ ਯਿਸੂ ਕੋਲ ਆਈ ਅਤੇ ਉਸ ਅੱਗੇ ਝੁਕੀ ਅਤੇ ਉਸ ਕੋਲੋਂ ਇੱਕ ਸਹਾਇਤਾ ਮੰਗੀ। 21ਯਿਸੂ ਨੇ ਆਖਿਆ, “ਤੂੰ ਕੀ ਚਾਹੁੰਦੀ ਹੈ?” ਉਸ ਨੇ ਯਿਸੂ ਨੂੰ ਕਿਹਾ, “ਵਾਅਦਾ ਕਰੋ ਕਿ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਤੇ ਇੱਕ ਤੁਹਾਡੇ ਖੱਬੇ ਪਾਸੇ ਬੈਠਣ।” 22ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਤੁਸੀਂ ਕੀ ਮੰਗ ਰਹੇ ਹੋ?ਕੀ ਤੁਸੀਂ ਉਹ ਕਸ਼ਟ ਝੱਲ ਸੱਕਦੇ ਹੋਂ ਜਿਹੜੇ ਮੈਂ ਝੱਲਣੇ ਹਨ।” ਉਨ੍ਹਾਂ ਨੇ ਜਵਾਬ ਦਿੱਤਾ, “ਹਾਂ ਅਸੀਂ ਝੱਲ ਸੱਕਦੇ ਹਾਂ!” 23ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸੱਚ ਮੁੱਚ ਜੋ ਕਸ਼ਟ ਮੈਂ ਝੱਲਾਂਗਾ ਤੁਸੀਂ ਵੀ ਝੱਲੋਂਗੇ। ਪਰ ਮੈਂ ਉਹ ਨਹੀਂ ਹਾਂ ਜੋ ਇਸ ਗੱਲ ਦੀ ਚੋਣ ਕਰੇਗਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਉਹ ਜਗ੍ਹਾਵਾਂ ਕੌਣ ਪਾਵੇਗਾ ਮੇਰੇ ਪਿਤਾ ਨੇ ਫ਼ੈਸਲਾ ਕਰ ਲਿਆ ਹੈ। ਉਹ ਥਾਵਾਂ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।” 24ਜਦੋਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਨ੍ਹਾਂ ਦੋਹਾਂ ਭਰਾਵਾਂ ਤੇ ਖਿਝ ਗਏ। 25ਤਦ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕੋਲ ਸੱਦਕੇ ਆਖਿਆ, “ਤੁਸੀਂ ਜਾਣਦੇ ਹੋ ਕਿ ਗੈਰ-ਯਹੂਦੀਆਂ ਦੇ ਹਾਕਮ ਦੂਜਿਆਂ ਤੇ ਹੁਕਮ ਚਲਾਉਣਾ ਪਸੰਦ ਕਰਦੇ ਹਨ, ਅਤੇ ਉਨ੍ਹਾਂ ਦੇ ਮਹੱਤਵਪੂਰਣ ਆਗੂ ਲੋਕਾਂ ਤੇ ਆਪਣੀ ਸ਼ਕਤੀ ਇਸਤੇਮਲ ਕਰਨਾ ਪਸੰਦ ਕਰਦੇ ਹਨ। 26ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਉਸ ਨੂੰ ਸੇਵਕ ਵਾਂਗ ਤੁਹਾਡੀ ਸੇਵਾ ਕਰਨੀ ਚਾਹੀਦੀ ਹੈ। 27ਜੇਕਰ ਤੁਹਾਡੇ ਵਿੱਚੋਂ ਕੋਈ ਪਹਿਲਾ ਬਨਣਾ ਚਾਹੇ ਉਹ ਪਹਿਲਾਂ ਤੁਹਾਡਾ ਦਾਸ ਹੋਵੇ। 28ਉਵੇਂ ਹੀ ਜਿਵੇਂ ਮਨੁੱਖ ਦਾ ਪੁੱਤਰ ਆਪਣੀ ਸੇਵਾ ਕਰਵਾਉਨ ਨਹੀਂ ਸਗੋਂ ਉਹ ਹੋਰਨਾਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।” 29ਜਦੋਂ ਉਹ ਅਤੇ ਉਸ ਦੇ ਚੇਲੇ ਯਰੀਹੋ ਤੋਂ ਵਿਦਾ ਹੋ ਰਹੇ ਸਨ, ਲੋਕਾਂ ਦੀ ਇੱਕ ਵੱਡੀ ਭੀੜ ਨੇ ਯਿਸੂ ਦਾ ਪਿੱਛਾ ਕੀਤਾ। 30ਦੋ ਅੰਨ੍ਹੇ ਮਨੁੱਖ ਸੜਕ ਦੇ ਕੰਢੇ ਬੈਠੇ ਸਨ। ਜਦੋਂ ਉਨ੍ਹਾਂ ਸੁਣਿਆ ਕਿ ਯਿਸੂ ਲੰਘਿਆ ਜਾਂਦਾ ਹੈ ਤਾਂ ਉਹ ਉੱਚੀ ਆਵਾਜ਼ ਵਿੱਚ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ।” 31ਉਨ੍ਹਾਂ ਨੇ ਅੰਨ੍ਹੇ ਆਦਮੀਆਂ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ ਕਿਰਪਾ ਕਰਕੇ ਸਾਡੀ ਸਹਾਇਤਾ ਕਰ।” 32ਤਦ ਯਿਸੂ ਰੁਕਿਆ ਅਤੇ ਉਨ੍ਹਾਂ ਨੂੰ ਸੱਦਕੇ ਪੁੱਛਿਆ, “ਤੁਸੀਂ ਮੈਥੋਂ ਆਪਣੇ ਵਾਸਤੇ ਕੀ ਕਰਾਉਨਾ ਚਾਹੁੰਦੇ ਹੋ?” 33ਤਦ ਉਨ੍ਹਾਂ ਦੋਹਾਂ ਨੇ ਕਿਹਾ, “ਪ੍ਰਭੂ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁਲ੍ਹ ਜਾਣ ਜੋ ਅਸੀਂ ਵੇਖ ਸੱਕੀਏ।” 34ਯਿਸੂ ਨੇ ਉਨ੍ਹਾਂ ਅੰਨ੍ਹਿਆਂ ਆਦਮੀਆਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਉਹ ਝੱਟ ਸੁਜਾਖੇ ਹੋ ਗਏ ਅਤੇ ਯਿਸੂ ਦੇ ਮਗਰ ਹੋ ਤੁਰੇ।

will be added

X\