ਮੱਤੀ 13

1ਉਸੇ ਦਿਨ ਯਿਸੂ ਘਰੋ ਨਿਕਲ ਕੇ ਝੀਲ ਦੇ ਨੇੜੇ ਜਾ ਬੈਠਾ। 2ਜਦੋਂ ਬਹੁਤ ਭੀੜ ਉਸ ਦੇ ਆਸ-ਪਾਸ ਇਕੱਠੀ ਹੋ ਗਈ ਤਾਂ ਉਹ ਬੇੜੀ ਤੇ ਚੜ੍ਹ੍ਹ ਬੈਠ ਗਿਆ ਅਤੇ ਸਾਰੇ ਲੋਕ ਕੰਢੇ ਤੇ ਖੜ੍ਹੇ ਸਨ। 3ਫ਼ਿਰ ਯਿਸੂ ਨੇ ਦ੍ਰਿਸ਼ਟਾਂਤ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਾਈਆਂ। ਉਸ ਨੇ ਆਖਿਆ, “ਵੇਖੋ ਇੱਕ ਕਿਸਾਨ ਆਪਣਾ ਬੀਜ ਬੀਜਣ ਲਈ ਬਾਹਰ ਗਿਆ। 4ਜਦੋਂ ਉਹ ਬੀਜ, ਬੀਜ ਰਿਹਾ ਸੀ ਤਾਂ ਕੁਝ ਬੀਜ ਬੀਜਦੇ ਹੋਏ ਸੜਕ ਵੱਲ ਡਿੱਗ ਪਏ, ਪੰਛੀ ਆਏ ਤੇ ਉਹ ਡਿੱਗੇ ਹੋਏ ਬੀਜ ਚੁਗ ਗਏ। 5ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਖਾਦ ਨਾ ਮਿਲੀ। ਉੱਥੇ ਬੀਜ ਬਹੁਤ ਜਲਦੀ ਉੱਗੇ ਕਿਉਂਕਿ ਜ਼ਮੀਨ ਕਾਫ਼ੀ ਡੂੰਘੀ ਨਹੀਂ ਸੀ। 6ਪਰ ਜਦੋਂ ਸੂਰਜ ਚੜ੍ਹ੍ਹਿਆ, ਤਾਂ ਬੂਟੇ ਸੜ ਗਏ, ਉਹ ਇਸ ਲਈ ਮਰੇ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ। 7ਅਤੇ ਕੁਝ ਬੀਜ ਕੰਡਿਆਂ ਵਿੱਚ ਡਿੱਗ ਪਏ, ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੇ ਪੌਦਿਆਂ ਨੂੰ ਦਬਾ ਲਿਆ। 8ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗ ਪਏ। ਉਹ ਪੌਦੇ ਬਣ ਗਏ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਤੋਂ ਸੌ ਗੁਣਾ ਵੱਧ ਅਨਾਜ ਪੈਦਾ ਹੋਇਆ, ਕੁਝ ਤੋਂ ਸੱਠ ਗੁਣਾ ਵੱਧ ਅਤੇ ਕੁਝ ਤੋਂ ਤੀਹ ਗੁਣਾ ਵੱਧ ਅਨਾਜ ਪੈਦਾ ਹੋਇਆ। 9ਤੁਸੀਂ ਜੋ ਲੋਕ ਮੈਨੂੰ ਸੁਣਦੇ ਹੋ, ਸੁਣੋ।” 10ਤਾਂ ਚੇਲਿਆਂ ਨੇ ਯਿਸੂ ਕੋਲ ਆਕੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਨੂੰ ਦ੍ਰਿਸ਼ਟਾਂਤ ਵਿੱਚ ਉਪਦੇਸ਼ ਕਿਉਂ ਦਿੰਦਾ ਹੈਂ?” 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। 12ਕਿਉਂਕਿ ਜਿਸ ਕੋਲ ਹੈ, ਉਸ ਨੂੰ ਵੱਧ ਦਿਤਾ ਜਾਵੇਗਾ। ਉਹ ਆਪਣੀ ਜ਼ਰੂਰਤ ਤੋਂ ਵੱਧ ਪ੍ਰਾਪਤ ਕਰੇਗਾ। ਪਰ ਜਿਸ ਕਿਸੇ ਕੋਲ ਨਹੀਂ ਹੈ, ਅਤੇ ਜੋ ਥੋੜਾ ਜਿਹਾ ਉਸ ਕੋਲ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ। 13ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਤਾਂ ਵਿੱਚ ਗੱਲਾਂ ਕਰਦਾ ਹਾਂ ਕਿਉਂਕਿ ਉਹ ਵੇਖਦੇ ਹੋਵੇ ਵੀ ਉਹ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਉਹ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ। 14ਇਸ ਲਈ ਜੋ ਯਸਾਯਾਹ ਨੇ ਆਖਿਆ ਉਨ੍ਹਾਂ ਦੇ ਮਾਮਲੇ ਵਿੱਚ ਸੱਚ ਹੋਇਆ: ‘ਤੁਸੀਂ ਲੋਕ ਹਮੇਸ਼ਾ ਸੁਣਦੇ ਰਹੋਂਗੇ ਪਰ ਸਮਝੋਗੇ ਨਹੀਂ। ਤੁਸੀਂ ਲੋਕ ਹਮੇਸ਼ਾ ਵੇਖਦੇ ਰਹੋਂਗੇ ਪਰ ਦੇਖੋਂਗੇ ਨਹੀਂ। 15ਕਿਉਂਕਿ ਇਨ੍ਹਾਂ ਲੋਕਾਂ ਦੇ ਦਿਲ ਸਖਤ ਹੋ ਗਏ ਹਨ, ਇਨ੍ਹਾਂ ਦੇ ਕੰਨ ਬੋਲੇ ਹੋ ਗਏ ਹਨ, ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਤਾਂ ਜੋ ਇਹ ਆਪਣੀਆਂ ਅੱਖਾਂ ਨਾਲ ਨਾ ਵੇਖ ਸੱਕਣ ਅਤੇ ਆਪਣੇ ਕੰਨਾਂ ਨਾਲ ਨਾ ਸੁਣ ਸੱਕਣ। ਅਤੇ ਮੇਰੇ ਕੋਲ ਵਾਪਸ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’ 16ਪਰ ਤੁਹਾਡੀਆਂ ਅੱਖੀਆਂ ਧੰਨ ਹਨ, ਕਿਉਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਧੰਨ ਹਨ ਕਿਉਂ ਜੋ ਉਹ ਸੁਣਦੇ ਹਨ। 17ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਬਹੁਤ ਸਾਰੇ ਨਬੀ ਅਤੇ ਚੰਗੇ ਲੋਕੀਂ ਉਹ ਗੱਲਾਂ ਵੇਖਣੀਆਂ ਚਾਹੁੰਦੇ ਸਨ ਜੋ ਤੁਸੀਂ ਹੁਣ ਵੇਖੀਆਂ ਹਨ। ਪਰ ਉਨ੍ਹਾਂ ਨੇ ਇਹ ਗੱਲਾਂ ਨਾ ਵੇਖੀਆਂ। ਉਹ ਗੱਲਾਂ ਸੁਨਣੀਆਂ ਚਾਹੁੰਦੇ ਸਨ ਜੋ ਹੁਣ ਤੁਸੀਂ ਸੁਣਦੇ ਹੋ ਪਰ ਉਨ੍ਹਾਂ ਨੇ ਨਾ ਸੁਣੀਆਂ। 18“ਇਸ ਲਈ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਅਰਥ ਸੁਣੋ। 19“ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸ ਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸ ਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ। 20“ਅਤੇ ਜਿਹੜਾ ਬੀਜ਼ ਪੱਥਰੀਲੀ ਧਰਤੀ ਤੇ ਬੀਜਿਆ ਗਿਆ ਸੀ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਸੁਣਦਾ ਹੈ ਅਤੇ ਝੱਟ ਖੁਸ਼ੀ ਨਾਲ ਉਨ੍ਹਾਂ ਨੂੰ ਮੰਨ ਲੈਂਦਾ ਹੈ। 21ਪਰ ਉਹ ਵਿਅਕਤੀ ਉਪਦੇਸ਼ਾਂ ਨੂੰ ਡੂੰਘਿਆਂ ਨਹੀਂ ਲੈਦਾ ਇਸ ਨਾਲ ਉਹ ਥੋੜਾ ਚਿਰ ਹੀ ਰਹਿੰਦਾ ਹੈ। ਜਦੋਂ ਇਨ੍ਹਾਂ ਉਪਦੇਸ਼ਾਂ ਕਾਰਨ ਉਸ ਨੂੰ ਦੁੱਖ ਜਾਂ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਝੱਟ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ। 22“ਜਿਹੜਾ ਬੀਜ ਕੰਡਿਆਲੀਆਂ ਤੇ ਡਿੱਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵੱਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸੱਕਦਾ। 23“ਪਰ ਜਿਹੜਾ ਬੀਜ ਉਪਜਾਊ ਜ਼ਮੀਨ ਤੇ ਡਿੱਗਿਆ ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਚੰਗਾ ਫ਼ਲ ਦਿੰਦਾ ਹੈ। ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।” 24ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਆਖਿਆ, “ਸਵਰਗ ਦਾ ਰਾਜ ਇੱਕ ਅਜਿਹੇ ਮਨੁੱਖ ਵਰਗਾ ਹੈ ਜਿਸਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। 25ਪਰ ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਵਿੱਚ ਜੰਗਲੀ ਬੂਟੀ ਬੀਜਕੇ ਚੱਲਿਆ ਗਿਆ। 26ਕਣਕ ਵੱਧੀ ਅਤੇ ਕਣਕ ਦੇ ਸਿੱਟੇ ਵੀ ਵੱਧੇ। ਅਤੇ ਉਸ ਦੇ ਨਾਲ ਜੰਗਲੀ ਬੂਟੀ ਵੀ ਵੱਧੀ। 27ਫ਼ੇਰ ਮਾਲਕ ਦੇ ਨੋਕਰ ਉਸ ਕੋਲ ਆਏ ਅਤੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗੇ ਬੀਜ ਨਹੀਂ ਬੀਜੇ? ਤਾਂ ਫ਼ੇਰ ਜੰਗਲੀ ਬੂਟੀ ਕਿੱਥੋਂ ਆਈ?’ 28“ਮਨੁੱਖ ਨੇ ਜਵਾਬ ਦਿੱਤਾ, ‘ਕਿਸੇ ਵੈਰੀ ਨੇ ਅਜਿਹਾ ਕੀਤਾ ਹੈ।’ “ਨੋਕਰਾਂ ਨੇ ਪੁੱਛਿਆ, ‘ਕੀ ਸਾਨੂੰ ਜੰਗਲੀ ਬੂਟੀਆਂ ਨੂੰ ਇਕੱਠਾ ਕਰਨ ਜਾਣਾ ਚਾਹੀਦਾ ਹੈ?’ 29“ਮਨੁੱਖ ਨੇ ਜਵਾਬ ਦਿੱਤਾ, ‘ਨਹੀਂ, ਜਦੋਂ ਤੁਸੀਂ ਜੰਗਲੀ ਬੂਟੀ ਨੂੰ ਪੁੱਟੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਕਣਕ ਨੂੰ ਵੀ ਪੁੱਟ ਸੁੱਟੋਂ। 30ਇਸ ਲਈ ਵਾਢੀ ਤੱਕ ਤੁਸੀਂ ਦੋਹਾਂ ਨੂੰ ਰਲੇ-ਮਿਲੇ ਵੱਧਣ ਦਿਓ ਅਤੇ ਵਾਢੀ ਦੇ ਵੇਲੇ, ਮੈਂ ਕਾਮਿਆਂ ਨੂੰ ਆਖਾਂਗਾ, ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫ਼ੂਕਣ ਲਈ ਉਸਦਾ ਪੂਲਾ ਬੰਨ੍ਹੋ। ਅਤੇ ਫ਼ੇਰ ਕਣਕ ਨੂੰ ਇਕੱਠਾ ਕਰਕੇ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ।’” 31ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਕਿਹਾ: “ਸਵਰਗ ਦਾ ਰਾਜ ਇੱਕ ਸਰ੍ਹੋਂ ਦੇ ਦਾਣੇ ਵਰਗਾ ਹੈ। ਇੱਕ ਮਨੁੱਖ ਨੇ ਇਸ ਨੂੰ ਲਿਆਂਦਾ ਅਤੇ ਆਪਣੇ ਖੇਤ ਵਿੱਚ ਬੀਜ ਦਿੱਤਾ। 32ਇਹ ਸਭ ਚੀਜ਼ਾਂ ਤੋਂ ਛੋਟਾ ਹੈ ਪਰ ਜਦੋਂ ਬੀਜ ਉੱਗਦਾ ਹੈ, ਇਹ ਬਾਗ ਦੇ ਸਾਰਿਆਂ ਪੌਦਿਆਂ ਨਾਲੋਂ ਵੱਡਾ ਹੁੰਦਾ ਹੈ। ਅਤੇ ਇਹ ਇੱਕ ਰੁੱਖ ਬਣ ਜਾਂਦਾ ਹੈ। ਪੰਛੀ ਆਕੇ ਇਸ ਦੀਆਂ ਸ਼ਾਖਾਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਹਨ।” 33ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤੀ, “ਸਵਰਗ ਦਾ ਰਾਜ ਖਮੀਰ ਵਰਗਾ ਹੈ, ਜਿਸ ਨੂੰ ਔਰਤ ਨੇ ਲੈ ਕੇ ਦਸ ਕਿੱਲੋ ਆਟੇ ਵਿੱਚ ਮਿਲਾਇਆ, ਅਤੇ ਖਮੀਰ ਸਾਰੇ ਆਟੇ ਨੂੰ ਉਫ਼ਾਨ ਦਿੰਦਾ ਹੈ।” 34ਇਹ ਸਾਰੀਆਂ ਗੱਲਾਂ ਯਿਸੂ ਰਾਹੀਂ ਲੋਕਾਂ ਨੂੰ ਦ੍ਰਿਸ਼ਟਾਂਤ ਵਿੱਚ ਦੱਸੀਆਂ ਗਈਆਂ ਸਨ। ਉਸ ਨੇ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕੀਤੇ ਬਿਨਾ ਲੋਕਾਂ ਨੂੰ ਕੁਝ ਨਹੀਂ ਦੱਸਿਆ। 35ਇਹ ਉਵੇਂ ਸੀ ਜਿਹੜਾ ਬਚਨ ਨਬੀ ਨੇ ਕੀਤਾ ਸੀ ਕਿ: “ਮੈਂ ਦ੍ਰਿਸ਼ਟਾਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ, ਜਿਹੜੀਆਂ ਕਿ ਦੁਨੀਆਂ ਦੇ ਮੁੱਢ ਤੋਂ ਗੁਪਤ ਰਹੀਆਂ ਹਨ।” 36ਫ਼ਿਰ ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ ਅਤੇ ਘਰ ਆ ਗਿਆ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਸਾਨੂੰ ਖੇਤ ਦੀ ਜੰਗਲੀ ਬੂਟੀ ਦੀ ਦ੍ਰਿਸ਼ਟਾਂਤ ਦੀ ਵਿਆਖਿਆ ਕਰਕੇ ਦੱਸ।” 37ਉਸ ਨੇ ਜਵਾਬ ਦਿੱਤਾ, “ਜਿਸ ਵਿਅਕਤੀ ਨੇ ਚੰਗਾ ਬੀਜ ਬੀਜਿਆ ਉਹ ਮਨੁੱਖ ਦਾ ਪੁੱਤਰ ਹੈ। 38ਖੇਤ ਦੁਨੀਆਂ ਹੈ ਅਤੇ ਚੰਗੇ ਬੀਜ, ਹਕੂਮਤ ਦੇ ਪੁੱਤਰ ਹਨ। ਅਤੇ ਜੰਗਲੀ ਬੂਟੀਆਂ ਦੁਸ਼ਟ ਦੇ ਪੁੱਤਰ ਹਨ। 39ਅਤੇ ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦੇ ਅੰਤ ਦਾ ਸਮਾਂ ਹੈ ਅਤੇ ਵੱਢਣ ਵਾਲੇ ਪਰਮੇਸ਼ੁਰ ਦੇ ਦੂਤ ਹਨ। 40“ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਹੈ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ, ਇਸੇ ਤਰ੍ਹਾਂ ਇਸ ਜੁਗ ਦੇ ਅੰਤ ਦੇ ਸਮੇਂ ਹੋਵੇਗਾ। 41ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਆਪਣੇ ਰਾਜ ਵਿੱਚੋਂ ਪਾਪ ਕਰਾਉਣ ਦੇ ਸਾਰੇ ਕਾਰਣਾ ਅਤੇ ਭੈੜੀਆਂ ਵਸਤਾਂ ਅਤੇ ਪਾਪੀਆਂ ਤੇ ਸਾਰੇ ਕੁਕਰਮੀਆਂ ਨੂੰ ਇਕੱਠਿਆਂ ਕਰਨ ਲਈ ਘੱਲੇਗਾ। 42ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉੱਥੇ ਉਹ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ। 43ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਹੜੇ ਲੋਕ ਸੁਣ ਸੱਕਦੇ ਹਨ ਸੁਨਣ। 44“ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ। 45“ਫ਼ੇਰ ਸਵਰਗ ਦਾ ਰਾਜ ਉਸ ਵਪਾਰੀ ਵਰਗਾ ਹੈ ਜੋ ਕਿ ਚੰਗੇ ਮੋਤੀਆਂ ਨੂੰ ਲੱਭ ਰਿਹਾ ਸੀ। 46ਜਦ ਉਸ ਨੂੰ ਇੱਕ ਮੋਤੀ ਭਾਰੇ ਦਾਮ ਦਾ ਮਿਲਿਆ ਤਾਂ ਜਾਕੇ ਆਪਣਾ ਸਭ ਕੁਝ ਵੇਚ-ਵੱਟਕੇ ਉਸ ਨੇ ਉਹ ਮੋਤੀ ਮੁੱਲ ਲੈ ਲਿਆ। 47“ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ, ਜਿਹੜਾ ਝੀਲ ਵਿੱਚ ਪਾਇਆ ਹੋਇਆ ਹੈ। ਉਸ ਜਾਲ ਨੇ ਵੱਖਰੀ ਪ੍ਰਕਾਰ ਦੀਆਂ ਮੱਛੀਆਂ ਫ਼ੜੀਆਂ। 48ਜਦੋਂ ਉਹ ਭਰ ਗਿਆ ਤਾਂ ਮਛੇਰੇ ਜਾਲ ਨੂੰ ਕੰਢੇ ਉੱਤੇ ਖਿੱਚਕੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਾਲਟੀ ਵਿੱਚ ਜਮਾ ਕੀਤਾ ਅਤੇ ਫ਼ਿਜ਼ੂਲ ਨੂੰ ਪਰੇ ਸੁੱਟ ਦਿੱਤਾ। 49ਸੋ ਦੁਨੀਆਂ ਦੇ ਅੰਤ ਦੇ ਸਮੇਂ ਵੀ ਅਜਿਹਾ ਹੋਵੇਗਾ। ਦੂਤ ਜਾਣਗੇ ਅਤੇ ਚੰਗੇ ਲੋਕਾਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰ ਦੇਣਗੇ। 50ਅਤੇ ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉਸ ਜਗ੍ਹਾ ਤੇ ਲੋਕਾਂ ਨੂੰ ਰੋਣਾ ਪਵੇਗਾ ਅਤੇ ਆਪਣੇ ਦੰਦ ਪੀਸਣੇ ਪੈਣਗੇ।” 51ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ?” ਚੇਲਿਆਂ ਨੇ ਜਵਾਬ ਦਿੱਤਾ, “ਹਾਂ, ਅਸੀਂ ਸਮਝਦੇ ਹਾਂ।” 52ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਨੇਮ ਦੇ ਉਪਦੇਸ਼ਕ, ਜਿਸ ਨੂੰ ਇਸ ਸਵਰਗ ਦੇ ਰਾਜ ਬਾਰੇ ਸਿੱਖਿਆ ਦਿੱਤੀ ਗਈ ਹੈ, ਉਹ ਘਰ ਦੇ ਮਾਲਕ ਵਰਗਾ ਹੈ, ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ, ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।” 53ਜਦੋਂ ਯਿਸੂ ਨੇ ਇਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉਹ ਉੱਥੋਂ ਤੁਰ ਪਿਆ। 54ਯਿਸੂ ਉਸ ਨਗਰ ਵਿੱਚ ਗਿਆ ਜਿੱਥੇ ਉਹ ਵੱਡਾ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਤਾਂ ਉਹ ਲੋਕ ਹੈਰਾਨ ਹੋ ਗਏ ਅਤੇ ਪੁੱਛਿਆ, “ਉਸਨੇ ਕਰਿਸ਼ਮੇ ਕਰਨ ਦਾ ਇਹ ਗਿਆਨ ਅਤੇ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਹੈ? 55ਭਲਾ ਇਹ ਤਰੱਖਾਣ ਦਾ ਪੁੱਤਰ ਨਹੀਂ, ਅਤੇ ਇਸਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਸਦੇ ਭਾਈ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ? 56ਅਤੇ ਉਸ ਦੀਆਂ ਸਾਰੀਆਂ ਭੈਣਾਂ ਭਲਾ ਸਾਡੇ ਕੋਲ ਨਹੀਂ ਹਨ? ਫ਼ੇਰ ਉਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?” 57ਇੰਝ ਉਨ੍ਹਾਂ ਨੇ ਯਿਸੂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਨਬੀ ਨੂੰ ਉਸ ਦੇ ਆਪਣੇ ਸ਼ਹਿਰ ਜਾਂ ਆਪਣੇ ਘਰ ਵਿੱਚ ਨਹੀਂ ਸਤਿਕਾਰਿਆ ਜਾਂਦਾ। ਬਾਕੀ ਲੋਕ ਉਸਦਾ ਸਤਿਕਾਰ ਕਰਦੇ ਹਨ।” 58ਉੱਥੇ ਯਿਸੂ ਨੇ ਬਹੁਤੇ ਕਰਿਸ਼ਮੇ ਨਾ ਕੀਤੇ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ।

will be added

X\