ਮੱਤੀ 12

1ਉਸ ਵੇਲੇ, ਯਿਸੂ ਕਣਕ ਦੇ ਖੇਤਾਂ ਵਿੱਚੋਂ ਲੰਘ ਰਿਹਾ ਸੀ। ਉਸ ਦੇ ਚੇਲੇ ਉਸ ਦੇ ਨਾਲ ਸਨ ਅਤੇ ਉਹ ਭੁੱਖੇ ਸਨ ਇਸ ਲਈ ਉਨ੍ਹਾਂ ਨੇ ਸਿੱਟੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। 2ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।” 3ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ? 4ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸ ਨੇ ਅਤੇ ਉਸ ਦੇ ਸਾਥੀਆਂ ਨੇ ਉੱਥੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਕਿ ਦਾਊਦ ਅਤੇ ਉਸ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ? 5ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋੜਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ? 6ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ। 7ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।’ ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। 8“ਕਿਉਂ ਜੋ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।” 9ਯਿਸੂ ਉਸ ਜਗ੍ਹਾ ਤੋਂ ਤੁਰਕੇ ਉੱਥੋਂ ਦੇ ਪ੍ਰਾਰਥਨਾ ਸਥਾਨ ਤੇ ਗਿਆ। 10ਉੱਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉੱਥੇ ਕੁਝ ਯਹੂਦੀਆਂ ਨੇ ਯਿਸੂ ਦੇ ਜੁੰਮੇ ਇੱਕ ਦੋਸ਼ ਲਾਉਣ ਲਈ ਇਹ ਕਹਿਕੇ ਉਸ ਨੂੰ ਪੁੱਛਿਆ ਕਿ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ?” 11ਯਿਸੂ ਨੇ ਜਵਾਬ ਦਿੱਤਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੋਵੇ ਅਤੇ ਜੇ ਸਬਤ ਦੇ ਦਿਨ ਉਹ ਟੇਏ ਵਿੱਚ ਡਿੱਗ ਪਵੇ, ਤਾਂ ਕੀ ਤੁਸੀਂ ਉਸ ਨੂੰ ਟੋਏ ਵਿੱਚੋਂ ਨਹੀਂ ਕੱਢੋਂਗੇ? 12ਨਿਸ਼ਚੇ ਹੀ, ਆਦਮੀ ਭੇਡ ਨਾਲੋਂ ਕਿਤੇ ਵੱਧ ਮੁੱਲਵਾਨ ਹੈ। ਇਸ ਲਈ ਸਬਤ ਦੇ ਦਿਨ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ।” 13ਤਦ ਯਿਸੂ ਨੇ ਉਸ ਟੁੰਡੇ ਮਨੁੱਖ ਨੂੰ ਕਿਹਾ, “ਮੈਨੂੰ ਆਪਣਾ ਹੱਥ ਵੇਖਣਦੇ?” ਜਦ ਮਨੁੱਖ ਨੇ ਆਪਣਾ ਹੱਥ ਯਿਸੂ ਅੱਗੇ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਹੀ ਚੰਗਾ ਹੋ ਗਿਆ। 14ਪਰ ਫ਼ਰੀਸੀ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਈਆਂ। 15ਯਿਸੂ ਫ਼ਰੀਸੀਆਂ ਦੀਆਂ ਵਿਉਂਤਾਂ ਜਾਣ ਗਿਆ ਅਤੇ ਉਸ ਨੇ ਉਹ ਜਗ੍ਹਾ ਛੱਡ ਦਿੱਤੀ। ਬਹੁਤ ਸਾਰੇ ਲੋਕ ਉਸ ਦੇ ਪਿੱਛੇ ਲੱਗ ਤੁਰੇ, ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 16ਅਤੇ ਉਨ੍ਹਾਂ ਨੂੰ ਤਾਗੀਤ ਕੀਤੀ ਕਿ ਉਹ ਉਸ ਬਾਰੇ ਹੋਰਾਂ ਨੂੰ ਨਾ ਦੱਸਣ। 17ਯਿਸੂ ਨੇ ਇਹ ਸਭ ਨਬੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਪੂਰਨ ਕਰਨ ਲਈ ਕੀਤਾ। 18“ਇਹ ਮੇਰਾ ਸੇਵਕ ਹੈ ਜਿਸ ਨੂੰ ਮੈਂ ਚੁਣਿਆ ਹੈ। ਮੇਰਾ ਪਿਆਰਾ ਹੈ ਜਿਸਤੋਂ ਮੈਂ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਉੱਪਰ ਰੱਖਾਂਗਾ, ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ। 19ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ। ਨਾ ਹੀ ਰਾਹਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ। 20ਉਹ ਲਿਤਾੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ। ਉਹ ਉਸ ਦੀਵੇ ਨੂੰ ਬਾਹਰ ਰੱਖੇਗਾ ਜੋ ਕਿ ਬੁਝਣ ਵਾਲਾ ਹੈ ਉਹ ਅਜਿਹਾ ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਨਿਰਪੱਖ ਨਿਆਂ ਦੀ ਜਿੱਤ ਸਥਾਪਿਤ ਨਾ ਕਰ ਦੇਵੇ। 21ਅਤੇ ਕੌਮਾਂ ਉਸ ਉੱਪਰ ਆਪਣੀ ਆਸ ਰੱਖਣਗੀਆਂ।” 22ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸ ਨੂੰ ਭੂਤ ਚਿੰਬੜਿਆਂ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਸ ਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ। 23ਸਾਰੇ ਲੋਕ ਹੈਰਾਨ ਸਨ ਅਤੇ ਆਖਿਆ, “ਕੀ ਇਹ ਆਦਮੀ ਦਾਊਦ ਦਾ ਪੁੱਤਰ ਤਾਂ ਨਹੀਂ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਲੋਕਾਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ।” 24ਫ਼ਰੀਸੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ ਅਤੇ ਆਖਿਆ, “ਉਹ ਬਆਲ-ਜ਼ਬੂਲ ਦੇ ਸ਼ਾਸਕ ਦੀ ਸਹਾਇਤਾ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਕੱਢਦਾ ਹੈ।” 25ਪਰ ਉਸ ਨੇ ਉਨ੍ਹਾਂ ਦੀ ਸੋਚ-ਵਿੱਚਾਰ ਜਾਣਕੇ ਉਨ੍ਹਾਂ ਨੂੰ ਆਖਿਆ, “ਹਰ ਉਹ ਰਾਜ, ਜੋ ਆਪਣੇ-ਆਪ ਨਾਲ ਲੜਦਾ ਹੈ,ਨਸ਼ਟ ਹੋ ਜਾਵੇਗਾ, ਅਤੇ ਉਹ ਸ਼ਹਿਰ ਜਾਂ ਪਰਿਵਾਰ, ਜੋ ਆਪਣੇ ਆਪ ਨਾਲ ਲੜਦਾ ਹੈ, ਖੜ੍ਹਾ ਨਹੀਂ ਹੋ ਸੱਕਦਾ। 26ਅਤੇ ਜੇ ਸ਼ੈਤਾਨ ਆਪਣੇ ਹੀ ਭੂਤਾਂ ਨੂੰ ਬਾਹਰ ਧੱਕਦਾ ਹੈ, ਤਾਂ ਸ਼ੈਤਾਨ ਆਪਣੇ ਹੀ ਖਿਲਾਫ਼ ਲੜ ਰਿਹਾ ਹੈ। ਇਸ ਤਰ੍ਹਾਂ ਉਸਦਾ ਰਾਜ ਨਹੀਂ ਚੱਲ ਸੱਕਦਾ? 27ਜੇਕਰ ਮੈਂ ਭੂਤਾਂ ਨੂੰ ਕੱਢਣ ਵਾਸਤੇ ਬਆਲ-ਜ਼ਬੂਲ ਦੀ ਸ਼ਕਤੀ ਦੀ ਵਰਤੋਂ ਕਰਦਾ ਹਾਂ, ਤਾਂ ਤੁਹਾਡੇ ਚੇਲੇ ਭੂਤ ਕੱਢਣ ਵਾਸਤੇ ਕਿਸ ਸ਼ਕਤੀ ਦੀ ਵਰਤੋਂ ਕਰਦੇ ਹਨ? ਇਸ ਲਈ ਤੁਹਾਡੇ ਆਪਣੇ ਲੋਕ ਇਹ ਸਾਬਿਤ ਕਰ ਦਿੰਦੇ ਹਨ ਕਿ ਤੁਸੀਂ ਗਲਤ ਹੋ। 28ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਇਸਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। 29ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ। 30ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁੜਦਾ, ਖਿੰਡ ਜਾਂਦਾ ਹੈ। 31“ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਪਾਪ ਅਤੇ ਹਰ ਕੁਫ਼ਰ ਲਈ ਮਾਫ਼ੀ ਹੈ ਜੋ ਲੋਕ ਕਰਦੇ ਅਤੇ ਕਹਿੰਦੇ ਹਨ। ਪਰ ਉਹ ਕੁਫ਼ਰ, ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਹੋਵੇ, ਮਾਫ਼ ਨਹੀਂ ਕੀਤਾ ਜਾਵੇਗਾ। 32ਅਤੇ ਜੇ ਕੋਈ ਮਨੁੱਖ ਦੇ ਪੁੱਤਰ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਤਾਂ ਉਸ ਨੂੰ ਨਾ ਇਸ ਜੁੱਗ ਵਿੱਚ ਤੇ ਨਾਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ। 33“ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈੜਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ। 34ਹੇ ਸੱਪਾਂ ਦੇ ਬੱਚਿਓ! ਕੀ ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਰ ਸੱਕਦੇ ਹੋਂ? ਤੁਹਾਡਾ ਦਿਲ ਜਿਸ ਨਾਲ ਭਰਿਆ ਹੈ, ਤੁਹਾਡਾ ਮੂੰਹ ਵੀ ਉਹੀ ਬੋਲਦਾ ਹੈ। 35ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸ ਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰੱਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ। 36ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰੇਕ ਅਕਾਰਥ ਗੱਲ ਲਈ, ਜੋ ਮਨੁੱਖ ਬੋਲਣਗੇ ਨਿਆਂ ਦੇ ਦਿਨ ਉਸਦਾ ਹਿਸਾਬ ਦੇਣਗੇ। 37ਤੁਹਾਡੇ ਸ਼ਬਦਾਂ ਤੋਂ, ਤੁਸੀਂ ਧਰਮੀ ਮੰਨੇ ਜਾਵੋਂਗੇ। ਤੁਹਾਡੇ ਸ਼ਬਦਾਂ ਤੋਂ ਤੁਹਾਡਾ ਦੋਸ਼ੀ ਹੋਣ ਦਾ ਨਿਰਨਾ ਕੀਤਾ ਜਾਵੇਗਾ।” 38ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।” 39ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ। 40ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮੱਛੀ ਦੇ ਢਿਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41ਨੀਨਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਆਂ ਦੇ ਦਿਨ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇੱਥੇ ਹੈ। 42“ਦੱਖਣ ਦੀ ਰਾਣੀ ਵੀ ਇਸ ਪੀੜ੍ਹੀ ਦੇ ਲੋਕਾਂ ਨਾਲ ਨਿਆਂ ਦੇ ਦਿਨ ਉੱਠ ਖੜ੍ਹੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇੱਥੇ ਹੈ। 43“ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲੱਭਦੀ। 44ਤਦ ਇਹ ਆਖਦਾ ਹੈ, ‘ਮੈਂ ਆਪਣੇ ਘਰੋਂ, ਜਿੱਥੋਂ ਨਿਕਲਿਆ ਸੀ, ਉੱਥੇ ਹੀ ਮੁੜ ਜਾਵਾਂਗਾ।’ ਅਤੇ ਜਦੋਂ ਉਹ ਮੁੜ ਉਸ ਘਰ ਪਰਤਦਾ ਹੈ ਤਾਂ ਉਹ ਵੇਖਦਾ ਹੈ ਕਿ ਉਹ ਘਰ ਸੁੰਨਾ, ਝਾੜਿਆ ਅਤੇ ਸੰਵਰਿਆ ਹੋਇਆ ਹੈ। 45ਤਦ ਉਹ ਪ੍ਰੇਤ ਆਤਮਾ ਜਾਂਦਾ ਹੈ ਅਤੇ ਆਪਣੇ ਤੋਂ ਵੀ ਵੱਧ ਭੈੜੇ ਸੱਤ ਹੋਰ ਭ੍ਰਿਸ਼ਟ ਆਤਮੇ ਨਾਲ ਲਿਆਉਂਦਾ ਹੈ। ਫ਼ਿਰ ਉਹ ਸਾਰੇ ਆਤਮੇ ਉਸ ਮਨੁੱਖ ਅੰਦਰ ਜਾ ਵੱਸਦੇ ਹਨ। ਫ਼ੇਰ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਵੱਧ ਬੁਰਾ ਹੁੰਦਾ ਹੈ। ਇਹੀ ਦੁਸ਼ਟ ਲੋਕਾਂ ਨਾਲ ਵਾਪਰੇਗਾ ਜੋ ਅੱਜ ਜਿਉਂਦੇ ਹਨ।” 46ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖੜੋਤੇ ਹੋਏ ਸਨ। 47ਤਾਂ ਇੱਕ ਬੰਦੇ ਨੇ ਉਸ ਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।” 48ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49ਅਤੇ ਉਸ ਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ। 50ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”

will be added

X\