ਮਰਕੁਸ 8

1ਉਨ੍ਹਾਂ ਦਿਨਾਂ ਵਿੱਚ ਹੀ, ਯਿਸੂ ਦੇ ਦੁਆਲੇ ਬਹੁਤ ਸਾਰੇ ਲੋਕ ਫ਼ੇਰ ਇਕੱਠੇ ਹੋਏ। ਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, 2“ਮੈਨੂੰ ਇਨ੍ਹਾਂ ਲੋਕਾਂ ਤੇ ਤਰਸ ਆਉਂਦਾ ਹੈ ਕਿਉਂਕਿ ਇਹ ਪਿੱਛਲੇ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ ਅਤੇ ਹੁਣ ਇਨ੍ਹਾਂ ਕੋਲ ਖਾਣ ਨੂੰ ਕੁਝ ਵੀ ਨਹੀਂ ਹੈ। 3ਜੇਕਰ ਮੈਂ ਇਨ੍ਹਾਂ ਨੂੰ ਭੁੱਖਿਆਂ ਭੇਜਦਾ ਹਾਂ। ਇਹ ਰਾਹ ਵਿੱਚ ਹੀ ਬੇਹੋਸ਼ ਹੋ ਜਾਣਗੇ। ਕੁਝ ਲੋਕ ਇਨ੍ਹਾਂ ਵਿੱਚੋਂ ਇੱਥੋਂ ਕਾਫ਼ੀ ਦੂਰ ਰਹਿੰਦੇ ਹਨ।” 4ਯਿਸੂ ਦੇ ਚੇਲਿਆਂ ਨੇ ਆਖਿਆ, “ਪਰ ਅਸੀਂ ਇੱਥੇ ਕਿਸੇ ਵੀ ਸ਼ਹਿਰ ਤੋਂ ਬਹੁਤ ਦੂਰ ਹਾਂ ਅਤੇ ਅਸੀਂ ਇਸ ਲਈ ਇੰਨੇ ਸਾਰੇ ਲੋਕਾਂ ਲਈ ਖਾਣ ਦਾ ਇੰਤਜ਼ਾਮ ਕਿੱਥੋਂ ਕਰ ਸੱਕਦੇ ਹਾਂ?” 5ਫ਼ੇਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਚੇਲਿਆਂ ਨੇ ਕਿਹਾ, “ਸਾਡੇ ਕੋਲ ਸਿਰਫ਼ ਸੱਤ ਰੋਟੀਆਂ ਹਨ।” 6ਯਿਸੂ ਨੇ ਲੋਕਾਂ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਉਸ ਨੇ ਸੱਤ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਕਿਹਾ ਕਿ ਇਹ ਰੋਟੀਆਂ ਇਕੱਠੀ ਹੋਈ ਭੀੜ ਨੂੰ ਵੰਡ ਦੇਵੋ। ਚੇਲਿਆਂ ਨੇ ਉਵੇਂ ਕੀਤਾ ਜਿਵੇਂ ਉਸ ਨੇ ਆਖਿਆ ਸੀ। 7ਚੇਲਿਆਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ ਅਤੇ ਉਸ ਨੇ ਮੱਛੀ ਵੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਅਤੇ ਉਸ ਨੇ ਉਨ੍ਹਾਂ ਨੂੰ ਮੱਛੀਆਂ ਵੀ ਲੋਕਾਂ ਵਿੱਚ ਵੰਡਣ ਲਈ ਕਿਹਾ। 8ਸਭ ਲੋਕਾਂ ਨੇ ਢਿੱਡ ਭਰਕੇ ਖਾਧਾ। ਇਸਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਭੋਜਨ ਦੇ ਟੁਕੜਿਆਂ ਨਾਲ ਸੱਤ ਟੋਕਰੇ ਭਰੇ। 9ਤਕਰੀਬਨ ਚਾਰ ਹਜ਼ਾਰ ਲੋਕਾਂ ਨੇ ਭੋਜਨ ਕੀਤਾ, ਜਦੋਂ ਉਹ ਖਾ ਚੁੱਕੇ ਤਾਂ ਯਿਸੂ ਨੇ ਉਨ੍ਹਾਂ ਨੂੰ ਘਰ ਜਾਣ ਨੂੰ ਕਿਹਾ। 10ਤਦ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ। 11ਫ਼ਰੀਸੀ ਯਿਸੂ ਕੋਲ ਆਏ ਅਤੇ ਉਸ ਨੂੰ ਕੁਝ ਸਵਾਲ ਕੀਤੇ। ਉਹ ਯਿਸੂ ਨੂੰ ਪਰਤਿਆਉਣਾ ਚਾਹੁੰਦੇ ਸਨ ਇਸੇ ਲਈ ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਦੱਸਣ ਲਈ, ਤੂੰ ਕੋਈ ਕਰਿਸ਼ਮਾ ਕਰਕੇ ਵਿਖਾ ਕਿ ਉਹ ਪਰਮੇਸ਼ੁਰ ਵੱਲੋਂ ਹੈ।” 12ਯਿਸੂ ਨੇ ਆਪਣੇ ਆਤਮਾ ਤੋਂ ਹਉਂਕਾ ਭਰਕੇ ਕਿਹਾ, “ਤੁਸੀਂ ਕੋਈ ਕਰਿਸ਼ਮਾ ਕਿਉਂ ਵੇਖਣਾ ਚਾਹੁੰਦੇ ਹੋ? ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿ ਤੁਹਾਨੂੰ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ।” 13ਫ਼ੇਰ ਉਹ ਫ਼ਰੀਸੀਆਂ ਨੂੰ ਛੱਡ ਕੇ, ਬੇੜੀ ਵਿੱਚ ਚੜ੍ਹ੍ਹਿਆ ਅਤੇ ਝੀਲ ਪਾਰ ਕਰ ਗਿਆ। 14ਚੇਲਿਆਂ ਕੋਲ ਬੇੜੀ ਵਿੱਚ ਸਿਰਫ਼ ਇੱਕੋ ਹੀ ਰੋਟੀ ਸੀ, ਚੇਲੇ ਆਪਣੇ ਨਾਲ ਰੋਟੀ ਲਿਆਉਣੀ ਭੁੱਲ ਗਏ ਸਨ। 15ਯਿਸੂ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਅਤੇ ਆਖਿਆ, “ਸਾਵੱਧਾਨ ਰਹੋ ਅਤੇ ਆਪਣੇ-ਆਪ ਨੂੰ ਫ਼ਰੀਸੀਆਂ ਦੇ ਖਮੀਰ ਅਤੇ ਹੇਰੋਦੇਸ ਦੇ ਖਮੀਰ ਤੋਂ ਬਚਾਓ!” 16ਚੇਲਿਆਂ ਨੇ ਆਪਸ ਵਿੱਚ ਇਸ ਗੱਲ ਤੇ ਵਿੱਚਾਰ ਕੀਤਾ ਅਤੇ ਕਿਹਾ, “ਉਸਨੇ ਇਹ ਇਸ ਲਈ ਆਖਿਆ ਹੈ ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ।” 17ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਗੱਲ ਕਰ ਰਹੇ ਹਨ। ਇਸੇ ਲਈ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਵਿੱਚਾਰ ਕਿਉਂ ਕਰ ਰਹੇ ਹੋ ਕਿ ਸਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਅਜੇ ਵੀ ਵੇਖ ਸਮਝ ਨਹੀਂ ਸੱਕਦੇ? ਕੀ ਤੁਸੀਂ ਇਹ ਸਮਝਣ ਦੇ ਸਮਰੱਥ ਨਹੀਂ? 18ਕੀ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸੱਕਦੇ? ਕੀ ਤੁਸੀਂ ਆਪਣੇ ਕੰਨਾਂ ਨਾਲ ਨਹੀਂ ਸੁਣ ਸੱਕਦੇ? ਕੀ ਤੁਹਾਨੂੰ ਯਾਦ ਨਹੀਂ ਜਦੋਂ ਸਾਡੇ ਖਾਣ ਨੂੰ ਕੁਝ ਨਹੀਂ ਸੀ ਤਾਂ ਮੈਂ ਕੀ ਕੀਤਾ ਸੀ। 19ਮੈਂ ਪੰਜ ਰੋਟੀਆਂ ਨੂੰ ਪੰਜ-ਹਜ਼ਾਰ ਲੋਕਾਂ ਵਿੱਚ ਵੰਡਿਆ ਸੀ। ਕੀ ਤੁਹਾਨੂੰ ਯਾਦ ਹੈ, ਲੋਕਾਂ ਨੂੰ ਖੁਆਉਣ ਤੋਂ ਬਾਅਦ ਬਚੇ ਹੋਏ ਭੋਜਨ ਦੇ ਟੁਕੜਿਆਂ ਦੀਆਂ ਤੁਸੀਂ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਚੇਲਿਆਂ ਨੇ ਜਵਾਬ ਦਿੱਤਾ, “ਅਸੀਂ ਬਾਰ੍ਹਾਂ, ਟੋਕਰੀਆਂ ਭਰੀਆਂ ਸਨ।” 20“ਅਤੇ ਯਾਦ ਕਰੋ ਜਦੋਂ ਮੈਂ ਸੱਤ ਰੋਟੀਆਂ ਨੂੰ ਵੰਡਕੇ ਚਾਰ ਹਜ਼ਾਰ ਲੋਕਾਂ ਵਿੱਚ ਵੰਡਿਆ ਸੀ, ਅਤੇ ਤੁਸੀਂ ਬਚੇ ਹੋਏ ਭੋਜਨ ਦੇ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਚੇਲਿਆਂ ਨੇ ਉੱਤਰ ਦਿੱਤਾ, “ਅਸੀਂ ਸੱਤ ਟੋਕਰੀਆਂ ਭਰੀਆਂ ਸਨ।” 21ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਯਾਦ ਹੈ ਮੈਂ ਜੋ ਕੁਝ ਕੀਤਾ ਸੀ, ਪਰ ਕੀ ਫ਼ੇਰ ਵੀ ਤੁਸੀਂ ਨਹੀਂ ਸਮਝਦੇ?” 22ਯਿਸੂ ਅਤੇ ਉਸ ਦੇ ਚੇਲੇ ਬੈਤਸੈਦਾ ਨੂੰ ਆਏ। ਉੱਥੇ ਕੁਝ ਲੋਕ ਉਸ ਕੋਲ ਇੱਕ ਅੰਨ੍ਹੇ ਆਦਮੀ ਨੂੰ ਲਿਆਏ। ਉਨ੍ਹਾਂ ਨੇ ਉਸ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਛੋਹੇ। 23ਤਾਂ ਉਹ ਅੰਨ੍ਹੇ ਆਦਮੀ ਦਾ ਹੱਥ ਫ਼ੜਕੇ ਉਸ ਨੂੰ ਸ਼ਹਿਰੋਂ ਬਾਹਰ ਲੈ ਗਿਆ। ਫ਼ੇਰ ਯਿਸੂ ਨੇ ਉਸਦੀਆਂ ਅੱਖਾਂ ਤੇ ਥੁੱਕਿਆ ਅਤੇ ਆਪਣੇ ਹੱਥ ਉਸ ਉੱਤੇ ਰੱਖਕੇ ਪੁੱਛਿਆ, “ਕੀ ਹੁਣ ਤੂੰ ਕੁਝ ਵੇਖ ਸੱਕਦਾ ਹੈ?” 24ਅੰਨ੍ਹੇ ਆਦਮੀ ਨੇ ਨਜ਼ਰ ਪੱਟਕੇ ਵੇਖਿਆ ਅਤੇ ਕਿਹਾ, “ਹਾਂ, ਮੈਂ ਲੋਕਾਂ ਨੂੰ ਵੇਖਦਾ ਹਾਂ ਅਤੇ ਉਹ ਤੁਰਦੇ ਫ਼ਿਰਦੇ ਮੈਨੂੰ ਰੁੱਖਾਂ ਵਾਂਗ ਦਿਸਦੇ ਹਨ।” 25ਤਦ ਯਿਸੂ ਨੇ ਫ਼ੇਰ ਉਸਦੀਆਂ ਅੱਖਾਂ ਉੱਤੇ ਹੱਥ ਰੱਖੇ ਤਾਂ ਉਸ ਆਦਮੀ ਨੇ ਅੱਖਾਂ ਖੋਲ੍ਹਕੇ ਵੇਖਿਆ ਤਾਂ ਉਸਦੀਆਂ ਅੱਖਾਂ ਠੀਕ ਸਨ ਅਤੇ ਹੁਣ ਉਹ ਸਭ ਕੁਝ ਸਾਫ਼ ਵੇਖਣ ਦੇ ਸਮਰੱਥ ਸੀ। 26ਯਿਸੂ ਨੇ ਉਸ ਆਦਮੀ ਨੂੰ ਘਰ ਵਾਪਸ ਜਾਣ ਲਈ ਆਖਿਆ ਅਤੇ ਚਿਤਾਵਨੀ ਦਿੱਤੀ, “ਸ਼ਹਿਰ ਵਿੱਚ ਨਾ ਜਾਵੀਂ।” 27ਯਿਸੂ ਅਤੇ ਉਸ ਦੇ ਚੇਲੇ ਉਨ੍ਹਾਂ ਨਗਰਾਂ ਵਿੱਚ ਗਏ ਜੋ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਸਨ। ਜਦੋਂ ਉਹ ਰਸਤੇ ਵਿੱਚ ਸਨ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਮੈਂ ਕੌਣ ਹਾਂ?” 28ਚੇਲਿਆਂ ਨੇ ਆਖਿਆ, “ਕੁਝ ਲੋਕ ਆਖਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ ਤੇ ਕੁਝ ਆਖਦੇ ਹਨ ਤੂੰ ਏਲੀਯਾਹ ਹੈਂ। ਅਤੇ ਕੁਝ ਆਖਦੇ ਹਨ ਕਿ ਤੂੰ ਨਬੀਆਂ ਵਿੱਚੋਂ ਹੈ।” 29ਤਾਂ ਯਿਸੂ ਨੇ ਆਖਿਆ, “ਤੁਸੀਂ ਕੀ ਕਿਹਾ ਕਿ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ, “ਤੂੰ ਮਸੀਹ ਹੈਂ।” 30ਫ਼ਿਰ ਉਸ ਨੇ ਚੇਲਿਆਂ ਨੂੰ ਕੜੀ ਚਿਤਾਵਨੀ ਦਿੱਤੀ, “ਕਿਸੇ ਨੂੰ ਵੀ ਮੇਰੇ ਬਾਰੇ ਕੁਝ ਨਾ ਦਸਿਓ।” 31ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਮਨੁੱਖ ਦੇ ਪੁੱਤਰ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਰਾਹੀਂ ਗੁਜ਼ਰਨਾ ਪਵੇਗਾ। ਉਸ ਨੇ ਇਹ ਵੀ ਆਖਿਆ ਕਿ ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਮਨੁੱਖ ਦੇ ਪੁੱਤਰ ਨੂੰ ਨਾਮੰਜ਼ੂਰ ਕਰਨਗੇ। ਅਤੇ ਯਿਸੂ ਨੇ ਇਹ ਵੀ ਆਖਿਆ ਕਿ ਮਨੁੱਖ ਦਾ ਪੁੱਤਰ ਮਾਰਿਆ ਜਾਵੇਗਾ। ਮਰਨ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉੱਠੇਗਾ। 32ਜੋ ਕੁਝ ਵੀ ਵਾਪਰਨ ਵਾਲਾ ਸੀ। ਯਿਸੂ ਨੇ ਉਹ ਸਭ ਕੁਝ ਆਪਣੇ ਚੇਲਿਆਂ ਨੂੰ ਦੱਸ ਦਿੱਤਾ। ਉਸ ਨੇ ਕੋਈ ਵੀ ਭੇਦ ਨਾ ਰੱਖਿਆ। ਤਦ ਪਤਰਸ ਉਸ ਨੂੰ ਇੱਕ ਪਾਸੇ ਲੈਜਾ ਕੇ ਉਸਦੀਆਂ ਕਹੀਆਂ ਗੱਲਾਂ ਕਾਰਣ ਉਸ ਨੂੰ ਝਿੜਕਣ ਲੱਗਾ। 33ਪਰ ਯਿਸੂ ਨੇ ਮੂੰਹ ਫ਼ੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਤੱਕਿਆ। ਤਦ ਉਸ ਨੇ ਪਤਰਸ ਨੂੰ ਨਿੰਦਿਆ ਅਤੇ ਉਸ ਨੂੰ ਕਿਹਾ, “ਮੇਰੇ ਤੋਂ ਦੂਰ ਚੱਲਿਆ ਜਾ ਸ਼ੈਤਾਨ। ਤੇਰੀ ਸੋਚਣੀ ਮਨੁੱਖਾਂ ਵਰਗੀ ਹੈ ਨਾ ਕਿ ਪਰਮੇਸ਼ੁਰ ਵਰਗੀ।” 34ਤਦ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਸਨ। ਉਸ ਨੇ ਉਨ੍ਹਾਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਉਸ ਨੂੰ ਉਹ ਛੱਡਣਾ ਪਵੇਗਾ ਜੋ ਉਹ ਚਾਹੁੰਦਾ ਹੈ ਅਤੇ ਉਹ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। 35ਕਿਉਂਕਿ ਜੇਕਰ ਕੋਈ ਮਨੁੱਖ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਲਵੇਗਾ। ਪਰ ਜੇਕਰ ਕੋਈ ਮਨੁੱਖ ਮੇਰੇ ਲਈ ਅਤੇ ਖੁਸ਼ਖਬਰੀ ਲਈ ਆਪਣੀ ਜਾਨ ਵਾਰੇਗਾ, ਉਹ ਉਸ ਨੂੰ ਬਚਾ ਲਵੇਗਾ। 36ਪਰ ਕੀ ਫ਼ਾਇਦਾ ਜੇਕਰ ਕੋਈ ਵਿਅਕਤੀ ਸਾਰੀ ਦੁਨੀਆਂ ਨੂੰ ਪਾ ਲਵੇ ਪਰ ਆਪਣੀ ਜਾਨ ਗੁਆ ਲਵੇ? 37ਕਿਉਂਕਿ ਇੱਕ ਮਨੁੱਖ ਆਪਣੀ ਜਾਨ ਦੇ ਮੋੜੇ ਦੀ ਕੀ ਕੀਮਤ ਤਾਰ ਸੱਕਦਾ ਹੈ? 38ਕਿਉਂਕਿ ਜੋ ਮਨੁੱਖ ਇਸ ਪੀੜ੍ਹੀ ਵਿੱਚ ਜੀਅ ਰਹੇ ਹਨ ਉਹ ਬੜੀ ਬੁਰੀ ਅਤੇ ਪਾਪ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜੇਕਰ ਕੋਈ ਮੇਰੇ ਅਤੇ ਮੇਰੇ ਉਪਦੇਸ਼ ਬਾਰੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ, ਮੈਂ ਵੀ ਉਦੋਂ ਉਸ ਵਿਅਕਤੀ ਤੋਂ ਸ਼ਰਮਾਵਾਂਗਾ ਜਦੋਂ ਮੈਂ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਸਣੇ ਆਵਾਂਗਾ।”

will be added

X\