ਮਰਕੁਸ 6

1ਯਿਸੂ ਨੇ ਉਹ ਜਗ੍ਹਾ ਛੱਡ ਦਿੱਤੀ ਅਤੇ ਆਪਣੇ ਸ਼ਹਿਰ ਆ ਗਿਆ। ਉਸ ਦੇ ਚੇਲੇ ਉਸ ਦੇ ਨਾਲ ਸਨ। 2ਉਸ ਨੇ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਉਸ ਨੂੰ ਸੁਣਕੇ ਹੈਰਾਨ ਸਨ ਅਤੇ ਆਖਿਆ, “ਉਸਨੇ ਇਹ ਸਭ ਕਿੱਥੋਂ ਸਿੱਖਿਆ ਅਤੇ ਉਸ ਨੂੰ ਇਹ ਗਿਆਨ ਕਿਸਨੇ ਦਿੱਤਾ? ਅਤੇ ਇੰਨੇ ਕਰਿਸ਼ਮੇ ਕਰਨ ਦੀ ਸ਼ਕਤੀ ਇਸਨੇ ਕਿੱਥੋਂ ਹਾਸਿਲ ਕੀਤੀ ਹੈ? 3ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ। 4ਯਿਸੂ ਨੇ ਲੋਕਾਂ ਨੂੰ ਆਖਿਆ, “ਹੋਰ ਲੋਕ ਨਬੀ ਦਾ ਆਦਰ ਕਰਦੇ ਹਨ। ਪਰ ਉਸ ਦੇ ਆਪਣੇ ਸ਼ਹਿਰ ਦੇ ਲੋਕ ਅਤੇ ਉਸ ਦੇ ਆਪਣੇ ਰਿਸ਼ਤੇਦਾਰ ਅਤੇ ਆਪਣਾ ਪਰਿਵਾਰ ਉਸਦਾ ਆਦਰ ਨਹੀਂ ਕਰੇਗਾ।” 5ਯਿਸੂ ਉੱਥੇ ਕੋਈ ਕਰਿਸ਼ਮਾ ਨਾ ਕਰ ਸੱਕਿਆ ਉਸ ਨੇ ਸਿਰਫ਼ ਕੁਝ ਬਿਮਾਰ ਲੋਕਾਂ ਉੱਤੇ ਆਪਣਾ ਹੱਥ ਧਰਕੇ ਉਨ੍ਹਾਂ ਨੂੰ ਚੰਗਾ ਕਰ ਦਿੱਤਾ। 6ਯਿਸੂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਫ਼ਿਰ ਉਹ ਉਸ ਜਗ੍ਹਾ ਦੇ ਹੋਰਨਾਂ ਪਿੰਡਾਂ ਵਿੱਚ ਗਿਆ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ। 7ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭਰਿਸ਼ਟ-ਆਤਮਿਆਂ ਨੂੰ ਬਾਹਰ ਕੱਢਣ ਦੀ ਸ਼ਕਤੀ ਵੀ ਦਿੱਤੀ। 8ਅਤੇ ਆਪਣੇ ਚੇਲਿਆਂ ਨੂੰ ਇਹ ਆਖਿਆ, “ਆਪਣੇ ਸਫ਼ਰ ਵਿੱਚ ਸਿਵਾਇ ਇੱਕ ਲਾਠੀ ਦੇ ਹੋਰ ਕੁਝ ਨਾ ਲੈ ਕੇ ਜਾਣਾ। ਨਾ ਕੋਈ ਰੋਟੀ, ਨਾ ਥੈਲਾ ਨਾ ਹੀ ਆਪਣੀਆਂ ਜੇਬਾਂ ਵਿੱਚ ਕੋਈ ਪੈਸਾ ਲੈ ਕੇ ਜਾਣਾ। 9ਜੁੱਤੀ ਪਾਓ ਅਤੇ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਸਿਰਫ਼ ਉਹੀ ਲਓ। 10ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰੋ, ਓਨਾਂ ਚਿਰ ਉੱਥੇ ਹੀ ਰਹੋ ਜਿੰਨਾ ਚਿਰ ਤੁਸੀਂ ਦੂਜੇ ਸ਼ਹਿਰ ਨੂੰ ਨਹੀਂ ਜਾਂਦੇ। 11ਜੇਕਰ ਕਿਸੇ ਵੀ ਸ਼ਹਿਰ ਦੇ ਵਾਸੀ ਤੁਹਾਨੂੰ ਕਬੂਲਣ ਅਤੇ ਸੁਣਨ ਤੋਂ ਇਨਕਾਰ ਕਰਦੇ ਹਨ, ਫ਼ਿਰ ਆਪਣੇ ਪੈਰਾਂ ਤੋਂ ਧੂੜ ਝਾੜ ਦੇਣੀ ਅਤੇ ਇੱਕੋ ਵਾਰ ਉਹ ਸ਼ਹਿਰ ਛੱਡ ਦੇਣਾ। ਇਹ ਉਨ੍ਹਾਂ ਲਈ ਚਿਤਾਵਨੀ ਹੋਵੇਗੀ।” 12ਤਾਂ ਚੇਲੇ ਉੱਥੋਂ ਫ਼ਿਰ ਹੋਰ ਜਗ੍ਹਾ ਵੱਲ ਨੂੰ ਚੱਲੇ ਗਏ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਜੀਵਨ ਮਾਰਗ ਬਦਲਣ ਦੇ ਉਪਦੇਸ਼ ਦਿੱਤੇ। 13ਅਤੇ ਉਨ੍ਹਾਂ ਨੇ ਲੋਕਾਂ ਵਿੱਚੋਂ ਕਾਫ਼ੀ ਸਾਰੇ ਭੂਤਾਂ ਨੂੰ ਕੱਢਿਆ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਕੇ ਚੰਗਾ ਕੀਤਾ। 14ਰਾਜਾ ਹੇਰੋਦੇਸ ਨੇ ਵੀ ਯਿਸੂ ਬਾਰੇ ਸੁਣਿਆ, ਕਿਉਂਕਿ ਯਿਸੂ ਦਾ ਨਾਉਂ ਪ੍ਰਸਿਧ ਹੋ ਗਿਆ ਸੀ। ਕੁਝ ਲੋਕਾਂ ਨੇ ਆਖਿਆ, “ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਾਰਣ ਉਹ ਇਹ ਸ਼ਕਤੀਆਂ ਤੇ ਕਰਿਸ਼ਮੇ ਕਰ ਸੱਕਦਾ ਹੈ।” 15ਕੁਝ ਹੋਰ ਲੋਕਾਂ ਨੇ ਆਖਿਆ, “ਇਹ ਏਲੀਯਾਹ ਹੈ।” ਹੋਰਨਾਂ ਨੇ ਆਖਿਆ, “ਯਿਸੂ ਪੁਰਾਣੇ ਦਿਨਾਂ ਦੇ ਨਬੀਆਂ ਵਰਗਾ, ਇੱਕ ਨਬੀ ਹੈ।” 16ਹੇਰੋਦੇਸ ਨੇ ਯਿਸੂ ਬਾਰੇ ਇਹ ਸਭ ਕੁਝ ਸੁਣਿਆ ਅਤੇ ਕਿਹਾ, “ਯੂਹੰਨਾ ਜਿਸਦਾ ਮੈਂ ਸਿਰ ਵੱਢਿਆ ਸੀ ਹੁਣ ਫ਼ੇਰ ਜੀ ਉੱਠਿਆ ਹੈ।” 17ਹੇਰੋਦੇਸ ਨੇ ਖੁਦ ਯੂਹੰਨਾ ਨੂੰ ਗਿਰਫ਼ਤਾਰ ਕਰਨ ਲਈ ਆਖਿਆ। ਇੰਝ ਉਸ ਨੂੰ ਕੈਦਖਾਨੇ ਵਿੱਚ ਪਾਇਆ ਗਿਆ। ਰਾਜਾ ਹੇਰੋਦੇਸ ਨੇ ਇਹ ਸਭ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੀਤਾ, ਜਿਸਦਾ ਨਾਉਂ ਸੀ ਹੇਰੋਦਿਯਾਸ। ਹੇਰੋਦਿਯਾਸ, ਹੇਰੋਦੇਸ ਦੇ ਭਰਾ ਫ਼ਿਲਿਪੁੱਸ ਦੀ ਪਤਨੀ ਸੀ। ਪਰ ਹੇਰੋਦੇਸ ਨੇ ਉਸ ਨਾਲ ਵਿਆਹ ਕਰਾ ਲਿਆ। 18ਯੂਹੰਨਾ ਹੇਰੋਦੇਸ ਨੂੰ ਕਿਹਾ, “ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਉਣਾ ਠੀਕ ਨਹੀਂ।” 19ਇਸੇ ਲਈ ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਉਹ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ। 20ਹੇਰੋਦੇਸ ਯੂਹੰਨਾ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯੂਹੰਨਾ ਇੱਕ ਧਰਮੀ ਅਤੇ ਪਵਿੱਤਰ ਪੁਰੱਖ ਸੀ, ਇਸ ਲਈ ਉਸ ਨੇ ਉਸਦੀ ਰੱਖਿਆ ਕੀਤੀ। ਉਹ ਯੂਹੰਨਾ ਦੇ ਉਪਦੇਸ਼ ਨੂੰ ਬੜੇ ਅਨੰਦ ਨਾਲ ਸੁਣਦਾ ਸੀ। ਪਰ ਉਸ ਦੇ ਇਸ ਉਪਦੇਸ਼ ਨੇ ਹੇਰੋਦੇਸ ਨੂੰ ਪਰੇਸ਼ਾਨ ਕੀਤਾ। 21ਫ਼ੇਰ ਯੂਹੰਨਾ ਦੀ ਮੌਤ ਲਈ ਹੇਰੋਦਿਯਾਸ ਦੇ ਹੱਥ ਉਦੋਂ ਸਹੀ ਸਮਾਂ ਲੱਗ ਗਿਆ ਜਦੋਂ ਰਾਜਾ ਹੇਰੋਦੇਸ ਦਾ ਜਨਮ ਦਿਨ ਸੀ। ਉਸ ਦਿਨ, ਹੇਰੋਦੇਸ ਨੇ ਇੱਕ ਦਾਵਤ ਤੇ ਆਪਣੇ ਅਧਿਕਾਰੀਆਂ, ਫ਼ੌਜ ਦੇ ਅਧਿਕਾਰੀਆਂ, ਅਤੇ ਗਲੀਲ ਦੇ ਮਹੱਤਵਪੂਰਨ ਲੋਕਾਂ ਨੂੰ ਨਿਉਂਤਾ ਦਿੱਤਾ। 22ਹੇਰੋਦਿਯਾਸ ਦੀ ਧੀ ਉਸ ਦਾਵਤ ਵਿੱਚ ਆਈ ਅਤੇ ਨੱਚੀ। ਰਾਜੇ ਅਤੇ ਉਸ ਨਾਲ ਦੇ ਹੋਰ ਵਿਸ਼ੇਸ਼ ਵਿਅਕਤੀਆਂ ਨੇ ਉਸ ਦੇ ਨਾਚ ਦਾ ਅਨੰਦ ਮਾਣਿਆ। ਰਾਜਾ ਹੇਰੋਦੇਸ ਨੇ ਉਸ ਕੁੜੀ ਨੂੰ ਆਖਿਆ, “ਜੋ ਕੁਝ ਵੀ ਤੈਨੂੰ ਚਾਹੀਦਾ ਮੰਗ ਅਤੇ ਮੈਂ ਉਹ ਤੈਨੂੰ ਦੇ ਦੇਵਾਂਗਾ।” 23ਉਸ ਨੇ ਸੌਂਹ ਖਾਕੇ ਉਸ ਨਾਲ ਇਕਰਾਰ ਕੀਤਾ, “ਜੋ ਕੁਝ ਤੂੰ ਮੰਗੇਂਗੀ ਮੈਂ ਤੈਨੂੰ ਦੇਵਾਂਗਾ ਭਾਵੇਂ ਇਹ ਮੇਰਾ ਅੱਧਾ ਰਾਜ ਹੀ ਕਿਉਂ ਨਾ ਹੋਵੇ।” 24ਤਾਂ ਕੁੜੀ ਨੇ ਆਪਣੀ ਮਾਂ ਕੋਲ ਜਾਕੇ ਪੁੱਛਿਆ, “ਮੈਨੂੰ ਕੀ ਮੰਗਣਾ ਚਾਹੀਦਾ?” ਤਾਂ ਉਸਦੀ ਮਾਂ ਨੇ ਆਖਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੰਗ ਲੈ।” 25ਤਦ ਉਹ ਜਲਦੀ ਨਾਲ ਰਾਜੇ ਕੋਲ ਗਈ ਅਤੇ ਆਖਿਆ, “ਮੈਨੂੰ ਹੁਣੇ ਹੀ ਇੱਕ ਥਾਲੀ ਤੇ ਰੱਖਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਚਾਹੀਦਾ ਹੈ।” 26ਤਦ ਰਾਜਾ ਬਹੁਤ ਉਦਾਸ ਹੋ ਗਿਆ। ਪਰ ਉਸ ਨੇ ਸੌਂਹ ਖਾਕੇ ਉਸ ਕੁੜੀ ਨਾਲ ਇਕਰਾਰ ਕੀਤਾ ਸੀ ਕਿ ਉਹ ਜੋ ਕੁਝ ਵੀ ਮੰਗੇਗੀ, ਦੇਵੇਗਾ। ਅਤੇ ਉਸ ਦੇ ਮਹਿਮਾਨਾਂ ਨੇ ਵੀ ਉਸਦਾ ਵਾਦਾ ਸੁਣਿਆ ਸੀ। ਇਸ ਲਈ ਹੇਰੋਦੇਸ ਉਸ ਨੂੰ ਇਨਕਾਰ ਨਹੀਂ ਸੀ ਕਰ ਸੱਕਦਾ। 27ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇਕੇ ਭੇਜਿਆ ਕਿ ਉਹ ਯੂਹੰਨਾ ਦਾ ਸਿਰ ਲੈ ਕੇ ਆਵੇ ਤਾਂ ਸਿਪਾਹੀ ਕੈਦਖਾਨੇ ਨੂੰ ਗਿਆ ਅਤੇ ਯੂਹੰਨਾ ਦਾ ਸਿਰ ਵੱਢ ਦਿੱਤਾ। 28ਤਦ ਸਿਪਾਹੀ ਥਾਲੀ ਵਿੱਚ ਉਸਦਾ ਸਿਰ ਧਰਕੇ ਲਿਆਇਆ ਅਤੇ ਉਹ ਸਿਰ ਉਸ ਨੇ ਕੁੜੀ ਅੱਗੇ ਪੇਸ਼ ਕੀਤਾ ਅਤੇ ਉਸ ਕੁੜੀ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। 29ਜਦੋਂ ਯੂਹੰਨਾ ਦੇ ਚੇਲਿਆਂ ਨੂੰ ਇਹ ਪਤਾ ਲੱਗਾ, ਉਹ ਆਏ ਅਤੇ ਉਸਦਾ ਸਰੀਰ ਲੈ ਜਾਕੇ ਕਬਰ ਵਿੱਚ ਰੱਖ ਦਿੱਤਾ। 30ਫ਼ੇਰ ਰਸੂਲ ਵਾਪਸ ਆਏ ਅਤੇ ਯਿਸੂ ਦੇ ਦੁਆਲੇ ਇਕੱਠੇ ਹੋ ਗਏ ਅਤੇ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਜੋ ਪ੍ਰਚਾਰ ਕੀਤਾ ਸੀ ਸਭ ਉਸ ਨੂੰ ਦਸਿਆ। 31ਬਹੁਤ ਸਾਰੇ ਲੋਕ ਉੱਥੇ ਆਉਂਦੇ ਅਤੇ ਜਾਂਦੇ ਸਨ। ਇਸ ਲਈ ਯਿਸੂ ਅਤੇ ਰਸੂਲਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ। ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੇਰੇ ਨਾਲ ਆਓ, ਅਸੀਂ ਇੱਕਲੇ ਕਿਸੇ ਨਿਵੇਕਲੀ ਥਾਂ ਤੇ ਚੱਲੀਏ ਤਾਂ ਜੋ ਅਸੀਂ ਥੋੜੇ ਸਮੇਂ ਲਈ ਅਰਾਮ ਕਰ ਸੱਕੀਏ।” 32ਤਾਂ ਯਿਸੂ ਅਤੇ ਉਸ ਦੇ ਚੇਲੇ ਇੱਕਲੇ ਨਿਕਲ ਗਏ। ਉਹ ਕਿਸ਼ਤੀ ਦੁਆਰਾ ਇੱਕ ਇੱਕਾਂਤ ਜਗ੍ਹਾ ਤੇ ਚੱਲੇ ਗਏ। 33ਪਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆਂ ਵੇਖਿਆ ਸੀ ਅਤੇ ਉਹ ਜਾਣਦੇ ਸਨ ਕਿ ਇਹ ਯਿਸੂ ਹੀ ਹੈ। ਤਾਂ ਸਾਰੇ ਸ਼ਹਿਰਾਂ ਦੇ ਲੋਕ ਤੁਰਕੇ ਉੱਥੇ ਪਹੁੰਚੇ ਜਿੱਥੇ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਗਿਆ ਸੀ। ਸਗੋਂ ਲੋਕ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਸਨ। 34ਜਦੋਂ ਯਿਸੂ ਉੱਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਬਹੁਤ ਸਾਰੇ ਲੋਕ ਉਸਦਾ ਇੰਤਜ਼ਾਰ ਕਰ ਰਹੇ ਸਨ। ਯਿਸੂ ਨੂੰ ਉਨ੍ਹਾਂ ਤੇ ਤਰਸ ਆਇਆ, ਕਿਉਂਕਿ ਉਹ ਬਿਨ ਆਜੜੀ ਦੀਆਂ ਭੇਡਾਂ ਵਾਂਗ ਸਨ। ਤਾਂ ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਪਦੇਸ਼ ਦਿੱਤਾ। 35ਕਾਫ਼ੀ ਦਿਨ ਲਹਿ ਚੁੱਕਾ ਸੀ ਤਾਂ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਇਹ ਇੱਕ ਉਜਾੜ ਥਾਂ ਹੈ ਅਤੇ ਕਾਫ਼ੀ ਦੇਰ ਹੋ ਰਹੀ ਹੈ। 36ਇਸ ਲਈ ਇਨ੍ਹਾਂ ਲੋਕਾਂ ਨੂੰ ਜਾਣ ਦਿਉ ਤਾਂ ਜੋ ਇਹ ਆਲੇ-ਦੁਆਲੇ ਦੇ ਖੇਤਾਂ ਤੇ ਨਗਰਾਂ ਵਿੱਚੋਂ ਆਪਣੇ ਲਈ ਭੋਜਨ ਦਾ ਇੰਤਜ਼ਾਮ ਕਰ ਸੱਕਣ।” 37ਪਰ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦੇਵੋ।” ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਕੀ ਸਾਨੂੰ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੇ ਲੋਕਾਂ ਵਾਸਤੇ ਭੋਜਨ ਖਰੀਦਣਾ ਚਾਹੀਦਾ ਹੈ? ਜੇਕਰ ਇਨ੍ਹਾਂ ਸਾਰਿਆਂ ਲੋਕਾਂ ਨੂੰ ਭੋਜਨ ਦੇਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਕਾਫ਼ੀ ਪੈਸਾ ਕਮਾਉਣ ਲਈ ਇੱਕ ਮਹੀਨਾ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਨ੍ਹਾਂ ਲੋਕਾਂ ਨੂੰ ਭੋਜਨ ਖਰੀਦ ਕੇ ਦੇਣ ਦੇ ਯੋਗ ਹੋ ਸੱਕੀਏ।” 38ਯਿਸੂ ਨੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਵੇਖੋ! ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਚੇਲਿਆਂ ਨੇ ਆਪਣੀਆਂ ਰੋਟੀਆਂ ਗਿਣੀਆਂ ਅਤੇ ਯਿਸੂ ਕੋਲ ਆਕੇ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।” 39ਤਾਂ ਯਿਸੂ ਨੇ ਚੇਲਿਆਂ ਨੂੰ ਕਿਹਾ, “ਉਨ੍ਹਾਂ ਨੂੰ ਆਖੋ ਕਿ ਸਭ ਕੁੰਡਲੀਆਂ ਬਣਾਕੇ ਹਰੀ ਘਾਹ ਉੱਤੇ ਬੈਠ ਜਾਣ।” 40ਤਾਂ ਸਾਰੇ ਲੋਕ ਕੁੰਡਲੀਆਂ ਬਣਾਕੇ ਬਹਿ ਗਏ ਅਤੇ ਹਰ ਕੁੰਡਲੀ ਵਿੱਚ ਪੰਜਾਹ ਜਾਂ ਸੌ ਬੰਦੇ ਸਨ। 41ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਫ਼ੜੀਆਂ, ਅਕਾਸ਼ ਵੱਲ ਵੇਖਕੇ ਇਨ੍ਹਾਂ ਵਾਸਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀਆਂ ਤੋੜੀਆਂ ਅਤੇ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਇੰਝ ਹੀ ਯਿਸੂ ਨੇ ਮੱਛੀਆਂ ਦੇ ਟੋਟੇ ਕੀਤੇ ਅਤੇ ਉਹ ਲੋਕਾਂ ਨੂੰ ਦੇ ਦਿੱਤੇ। 42ਸਭ ਲੋਕਾਂ ਨੇ ਆਪਣੀ ਭੁੱਖ ਮੁਤਾਬਕ ਖਾਧਾ। 43ਫ਼ੇਰ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ। 44ਉਸ ਭੋਜਨ ਵਿੱਚ ਪੰਜ ਹਜ਼ਾਰ ਦੇ ਕਰੀਬ ਆਦਮੀ ਸਨ। 45ਫ਼ਿਰ ਉਸ ਨੇ ਆਪਣੇ ਚੇਲਿਆਂ ਨੂੰ ਬੇੜੀ ਵਿੱਚ ਚੜ੍ਹ੍ਹਨ ਦੀ ਤਗੀਦ ਕੀਤੀ। ਯਿਸੂ ਨੇ ਉਨ੍ਹਾਂ ਨੂੰ ਝੀਲ ਦੇ ਦੂਜੇ ਕੰਢੇ ਬੈਤਸੈਦਾ ਨਾਉਂ ਦੀ ਥਾਂ ਤੇ ਜਾਣ ਨੂੰ ਕਿਹਾ ਅਤੇ ਖੁਦ ਉੱਥੇ ਹੀ ਰਹਿ ਪਿਆ। ਯਿਸੂ ਆਪ ਉੱਥੇ ਹੀ ਰੁਕ ਗਿਆ ਅਤੇ ਆਖਿਆ ਕਿ ਉਸ ਨੂੰ ਆਉਣ ਵਿੱਚ ਦੇਰੀ ਹੋ ਸੱਕਦੀ ਹੈ। ਅਤੇ ਉਸ ਨੇ ਬਾਕੀ ਲੋਕਾਂ ਨੂੰ ਵੀ ਵਾਪਿਸ ਘਰਾਂ ਨੂੰ ਮੁੜ ਜਾਣ ਲਈ ਕਿਹਾ। 46ਜਦੋਂ ਉਸ ਨੇ ਲੋਕਾਂ ਨੂੰ ਵਿਦਾ ਕੀਤਾ ਤਾਂ ਉਹ ਆਪ ਪਹਾੜੀ ਉੱਤੇ ਪ੍ਰਾਰਥਨਾ ਲਈ ਚੱਲਾ ਗਿਆ। 47ਆਥਣ ਤੱਕ, ਬੇੜੀ ਝੀਲ ਦੇ ਵਿੱਚਕਾਰ ਸੀ ਪਰ ਇੱਕਲਾ ਯਿਸੂ ਹਾਲੇ ਵੀ ਕੰਢੇ ਉੱਤੇ ਖੜ੍ਹਾ ਸੀ। 48ਉਸ ਨੇ ਵੇਖਿਆ ਕਿ ਦੂਰ ਬੇੜੀ ਅਜੇ ਝੀਲ ਵਿੱਚਕਾਰ ਹੈ ਅਤੇ ਚੱਪੂ ਚਲਾਉਣ ਲਈ ਚੇਲੇ ਬੜਾ ਜ਼ੋਰ ਲਗਾ ਰਹੇ ਹਨ ਕਿਉਂਕਿ ਹਵਾ ਉਲਟੀ ਦਿਸ਼ਾ ਵੱਲ ਦੀ ਸੀ। ਰਾਤ ਦੇ ਪਿੱਛਲੇ ਪਹਿਰ ਤਕਰੀਬਨ ਤਿੰਨ ਤੋਂ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਪਰੋਂ ਦੀ ਤੁਰਦਿਆਂ ਉਨ੍ਹਾਂ ਦੀ ਬੇੜੀ ਵੱਲ ਆਇਆ, ਅਤੇ ਉਹ ਬੇੜੀ ਤੋਂ ਥੋੜਾ ਅਗਾਂਹ ਤੁਰਿਆ। 49ਪਰ ਜਦੋਂ ਚੇਲਿਆਂ ਨੇ ਯਿਸੂ ਨੂੰ ਪਾਣੀ ਤੇ ਤੁਰਦਿਆਂ ਵੇਖਿਆ, ਉਨ੍ਹਾਂ ਨੇ ਸਮਝਿਆ ਕਿ ਉਹ ਕੋਈ ਭੂਤ ਹੈ ਅਤੇ ਉਹ ਡਰ ਨਾਲ ਚੀਕਣ ਲੱਗੇ। 50ਸਾਰੇ ਚੇਲੇ ਉਸ ਨੂੰ ਵੇਖਕੇ ਬਹੁਤ ਘਬਰਾਏ ਪਰ ਉਹ ਚੇਲਿਆਂ ਨੂੰ ਬੋਲਿਆ, “ਹੌਂਸਲਾ ਰੱਖੋ! ਇਹ ਮੈਂ ਹੀ ਹਾਂ! ਤੁਸੀਂ ਡਰੋ ਨਹੀਂ!” 51ਤਦ ਯਿਸੂ ਉਨ੍ਹਾਂ ਦਾ ਸਾਥ ਦੇਣ ਲਈ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਹਵਾ ਸ਼ਾਂਤ ਹੋ ਗਈ। ਚੇਲਿਆਂ ਨੇ ਇਹ ਸਭ ਵੇਖਿਆ ਅਤੇ ਹੈਰਾਨ ਹੋ ਗਏ। 52ਉਨ੍ਹਾਂ ਨੇ ਯਿਸੂ ਨੂੰ ਰੋਟੀਆਂ ਵਾਲਾ ਕਰਿਸ਼ਮਾ ਕਰਦਿਆਂ ਵੇਖਿਆ ਵੀ ਸੀ ਪਰ ਉਹ ਇਹ ਨਾ ਸਮਝ ਸੱਕੇ ਕਿਉਂਕਿ ਉਹ ਪੱਥਰ ਦਿਲ ਸਨ। 53ਜਦੋਂ ਉਨ੍ਹਾਂ ਨੇ ਝੀਲ ਪਾਰ ਕਰ ਲਈ ਤਾਂ ਉਹ ਗੰਨੇਸਰਤ ਦੇ ਕੰਢੇ ਪਹੁੰਚੇ ਅਤੇ ਉੱਥੇ ਜਾਕੇ ਬੇੜੀ ਨੂੰ ਬੰਨ੍ਹ ਦਿੱਤਾ। 54ਜਦੋਂ ਉਹ ਬੇੜੀ ਤੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਯਿਸੂ ਨੂੰ ਵੇਖਿਆ। ਉਹ ਜਾਣਦੇ ਸਨ ਕਿ ਇਹ ਕੌਣ ਹੈ। 55ਉਹ ਲੋਕ ਦੂਜੇ ਲੋਕਾਂ ਨੂੰ ਇਤਲਾਹ ਦੇਣ ਵਾਸਤੇ ਨਗਰ ਦੇ ਚਾਰੇ ਪਾਸੇ ਦੌੜੇ, ਇਹ ਦੱਸਣ ਲਈ ਕਿ ਯਿਸੂ ਉੱਥੇ ਸੀ। ਜਿੱਥੇ ਵੀ ਯਿਸੂ ਜਾਂਦਾ ਲੋਕ ਬਿਮਾਰ ਲੋਕਾਂ ਨੂੰ ਮੰਜਿਆਂ ਉੱਤੇ ਪਾਕੇ ਉਸ ਕੋਲ ਲੈਂ ਆਉਂਦੇ। 56ਯਿਸੂ ਉਸ ਖੇਤ੍ਰ ਵਿੱਚ ਸ਼ਹਿਰਾਂ, ਨਗਰਾਂ ਅਤੇ ਖੇਤਾਂ ਵਿੱਚ ਹਰ ਥਾਂ ਗਿਆ। ਜਿੱਥੇ ਵੀ ਉਹ ਗਿਆ ਲੋਕ ਬਜ਼ਾਰਾਂ ਵਿੱਚ ਵੀ ਮਰੀਜ਼ਾਂ ਨੂੰ ਲੈ ਆਉਂਦੇ ਸਨ। ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੁੜਤੇ ਦੇ ਕਿਸੇ ਵੀ ਹਿੱਸੇ ਨੂੰ ਉਨ੍ਹਾਂ ਨੂੰ ਛੋਹਣ ਦੇਵੇ। ਜਿਨ੍ਹਾਂ ਨੇ ਉਸ ਨੂੰ ਛੋਹਿਆ ਚੰਗੇ ਹੋ ਗਏ।

will be added

X\