ਮਰਕੁਸ 14

1ਦੋ ਦਿਨਾਂ ਪਿੱਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਆਉਣ ਵਾਲਾ ਸੀ। ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਕਿ ਉਸ ਨੂੰ ਕਿਵੇ ਛੱਲ ਨਾਲ ਫ਼ੜ ਸੱਕਣ ਤੇ ਜਾਨੋਂ ਮਾਰ ਸੁੱਟਣ? 2ਉਨ੍ਹਾਂ ਆਖਿਆ, “ਪਰ ਅਸੀਂ ਤਿਉਹਾਰ ਦੇ ਸਮੇਂ ਉਸ ਨੂੰ ਨਹੀਂ ਮਾਰ ਸੱਕਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਕ੍ਰੋਧ ਵਿੱਚ ਆਕੇ ਕੋਈ ਹੰਗਾਮਾ ਕਰਨ।” 3ਜਦੋਂ ਯਿਸੂ ਬੈਤਅਨੀਆ ਵਿੱਚ ਸੀ ਤਾਂ ਉਹ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਔਰਤ ਉਸ ਕੋਲ ਆਈ। ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਕੀਮਤੀ ਅਤਰ ਭਰਕੇ ਲਿਆਈ। ਇਹ ਅਤਰ ਨਾਰਡ ਪੌਦੇ ਤੋਂ ਬਣਿਆ ਹੋਇਆ ਸੀ। ਉਸ ਔਰਤ ਨੇ ਸ਼ੀਸ਼ੀ ਖੋਲ੍ਹੀ ਅਤੇ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤੀ। 4ਉੱਥੇ ਬੈਠੇ ਕੁਝ ਲੋਕਾਂ ਨੇ ਇਹ ਵੇਖਿਆ ਅਤੇ ਗੁੱਸੇ ਹੋ ਗਏ ਅਤੇ ਇਸ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਉਨ੍ਹਾਂ ਆਖਿਆ, “ਉਸਨੇ ਇਸ ਅਤਰ ਨੂੰ ਫ਼ਿਜ਼ੂਲ ਕਿਉਂ ਗੁਆਇਆ। 5ਕਿਉਂਕਿ ਉਹ ਅਤਰ ਇੱਕ ਸਾਲ ਦੀ ਮਿਹਨਤ ਜਿੰਨਾ ਸੀ ਅਤੇ ਇਹੀ ਅਤਰ ਵੇਚਕੇ ਇਸਦਾ ਪੈਸਾ ਗਰੀਬ ਲੋਕਾਂ ਵਿੱਚ ਵੰਡਿਆ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ।” ਇਉਂ ਉਹ ਉਸ ਔਰਤ ਦੀ ਅਲੋਚਨਾ ਕਰਨ ਲੱਗੇ। 6ਯਿਸੂ ਨੇ ਆਖਿਆ, “ਤੁਸੀਂ ਉਸ ਨੂੰ ਇੱਕਲਾ ਛੱਡ ਦਿਉ। ਤੁਸੀਂ ਉਸ ਨੂੰ ਪਰੇਸ਼ਾਨ ਨਾ ਕਰੋ? ਉਸ ਨੇ ਮੇਰੇ ਲਈ ਬਹੁਤ ਚੰਗਾ ਕੰਮ ਕੀਤਾ ਹੈ। 7ਕਿਉਂਕਿ ਗਰੀਬ ਲੋਕ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣੇ ਹਨ ਅਤੇ ਤੁਸੀਂ ਜਦੋਂ ਚਾਹੋਂ ਉਨ੍ਹਾਂ ਦੀ ਮਦਦ ਕਰ ਸੱਕਦੇ ਹੋ। ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣਾ। 8ਉਸ ਨੇ ਉਹੀ ਕੀਤਾ ਜੋ ਉਹ ਕਰ ਸੱਕਦੀ ਸੀ। ਉਸ ਨੇ ਮੇਰੇ ਸਰੀਰ ਤੇ ਅਤਰ ਡੋਲ੍ਹਿਆ। ਉਸ ਨੇ ਇਹ ਮਿਥੇ ਸਮੇਂ ਤੋਂ ਪਹਿਲਾਂ ਮੇਰੇ ਸਰੀਰ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਹੈ। 9ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਸਾਰੀ ਦੁਨੀਆਂ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਜੋ ਇਸਨੇ ਕੀਤਾ ਹੈ, ਉਹ ਵੀ ਕਿਹਾ ਜਾਵੇਗ਼ਾ। ਅਤੇ ਲੋਕ ਇਸ ਨੂੰ ਯਾਦ ਰੱਖਣਗੇ।” 10ਤਦ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਪ੍ਰਧਾਨ ਜਾਜਕ ਕੋਲ ਗਿਆ। ਉਸਦਾ ਨਾਂ ਸੀ ਯਹੂਦਾ ਇਸੱਕਰਿਯੋਤੀ ਅਤੇ ਇਹ ਯਿਸੂ ਨੂੰ ਉਸ ਦੇ ਵੈਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ। 11ਪ੍ਰਧਾਨ ਜਾਜਕ ਇਹ ਸੁਣਕੇ ਬੜੇ ਖੁਸ਼ ਹੋਏ ਅਤੇ ਇਸ ਬਦਲੇ ਉਸ ਨੂੰ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਲਈ ਉਹ ਉਸ ਨੂੰ ਫ਼ੜਵਾਉਣ ਦਾ ਮੌਕਾ ਵੇਖ ਰਿਹਾ ਸੀ। 12ਇਹ ਯਹੂਦੀਆਂ ਦੇ ਪਤੀਰੀ ਰੋਟੀ ਦੇ ਤਿਉਹਾਰ ਦਾ ਪਹਿਲਾ ਦਿਨ ਸੀ। ਇਹ ਉਹ ਸਮਾਂ ਸੀ ਜਦੋਂ ਉਹ ਪਸਾਹ ਦੇ ਲੇਲੇ ਦਾ ਬਲਿਦਾਨ ਕਰਦੇ ਸਨ। ਤਾਂ ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਤੂੰ ਸਾਥੋਂ ਆਪਣੇ ਵਾਸਤੇ ਪਸਾਹ ਦਾ ਭੋਜਨ ਕਿੱਥੇ ਤਿਆਰ ਕਰਾਉਣਾ ਚਾਹੁੰਨਾ ਹੈਂ?” 13ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸ਼ਹਿਰ ਵਿੱਚ ਭੇਜਿਆ। ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸ਼ਹਿਰ ਵੱਲ ਜਾਵੋ ਅਤੇ ਉੱਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕੀ ਆਉਂਦਾ ਮਿਲੇਗਾ। ਉਹ ਤੁਹਾਡੇ ਵੱਲ ਆਵੇਗਾ ਤਾਂ ਤੁਸੀਂ ਉਸ ਦੇ ਪਿੱਛੇ ਹੋ ਤੁਰਨਾ। 14ਉਹ ਆਦਮੀ ਇੱਕ ਘਰ ਵੱਲ ਜਾਵੇਗਾ ਤਾਂ ਤੁਸੀਂ ਵੀ ਉਸ ਘਰ ਵਿੱਚ ਜਾਕੇ ਉਸ ਦੇ ਮਾਲਕ ਨੂੰ ਆਖਣਾ, ‘ਗੁਰੂ ਪੁੱਛਦਾ ਹੈ ਕਿ ਸਾਨੂੰ ਉਹ ਕਮਰਾ ਵਿਖਾ ਜਿੱਥੇ ਉਹ ਅਤੇ ਉਸ ਦੇ ਚੇਲੇ ਪਸਾਹ ਦਾ ਭੋਜਨ ਖਾ ਸੱਕਣ।’ 15ਮਾਲਕ ਤੁਹਾਨੂੰ ਘਰ ਦੇ ਉੱਪਰ ਇੱਕ ਵੱਡਾ ਚੁਬਾਰਾ ਵਿਖਾਏਗਾ। ਅਤੇ ਉਹ ਕਮਰਾ ਜੋ ਸਾਡੇ ਲਈ ਤਿਆਰ ਹੈ, ਉੱਥੇ ਜਾਕੇ ਸਾਡੇ ਲਈ ਭੋਜਨ ਦੀ ਤਿਆਰੀ ਕਰੋ।” 16ਇਉਂ ਉਹ ਚੇਲੇ ਸ਼ਹਿਰ ਵੱਲ ਨੂੰ ਚੱਲੇ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਆਖਿਆ ਸੀ, ਅਤੇ ਉੱਥੇ ਹੀ ਚੇਲਿਆਂ ਨੇ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ। 17ਸ਼ਾਮ ਦੇ ਵੇਲੇ, ਯਿਸੂ ਬਾਰ੍ਹਾਂ ਰਸੂਲਾਂ ਨਾਲ ਆਇਆ। 18ਜਦੋਂ ਉਹ ਸਾਰੇ ਖਾ ਰਹੇ ਸਨ ਤਾਂ ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਜੋ ਇੱਕ ਮੇਰੇ ਨਾਲ ਖਾ ਰਿਹਾ ਹੈ ਮੈਨੂੰ ਫ਼ੜਵਾਏਗਾ।” 19ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਅਤੇ ਹਰ ਇੱਕ ਨੇ ਉਸ ਨੂੰ ਕਿਹਾ, “ਯਕੀਨਨ, ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?” 20ਉਸ ਨੇ ਆਖਿਆ, “ਜੋ ਆਦਮੀ ਮੈਨੂੰ ਫ਼ੜਵਾਏਗਾ ਉਹ ਤੁਹਾਡੇ ਬਾਰ੍ਹਾਂ ਵਿੱਚੋਂ ਹੀ ਹੈ ਅਤੇ ਇਹ ਉਹ ਹੈ ਜੋ ਮੇਰੇ ਭੋਜਨ ਵਾਲੇ ਕਟੋਰੇ ਵਿੱਚ ਮੇਰੇ ਨਾਲ ਹੀ ਹੱਥ ਪਾਉਂਦਾ ਹੈ। 21ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, ਮਨੁੱਖ ਦਾ ਪੁੱਤਰ ਮਰ ਜਾਵੇਗਾ। ਪਰ ਜੋ ਉਸ ਨੂੰ ਫ਼ੜਵਾਏਗਾ ਉਸ ਲਈ ਇਹ ਬਹੁਤ ਬੁਰਾ ਹੋਵੇਗਾ। ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ।” 22ਜਦੋਂ ਉਹ ਭੋਜਨ ਖਾ ਰਹੇ ਸਨ, ਯਿਸੂ ਨੇ ਰੋਟੀ ਲਈ ਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀ ਅਤੇ ਆਖਿਆ, “ਇਹ ਰੋਟੀ ਫ਼ੜੋ ਤੇ ਖਾ ਲਵੋ, ਇਹ ਮੇਰਾ ਸਰੀਰ ਹੈ।” 23ਤਾਂ ਉਸ ਨੇ ਦਾਖ ਰਸ ਦਾ ਪਿਆਲਾ ਫ਼ੜਿਆ ਤੇ ਫ਼ਿਰ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤਾ। ਸਭ ਨੇ ਉਸ ਪਿਆਲੇ ਵਿੱਚੋਂ ਉਹ ਦਾਖ ਰਸ ਪੀਤਾ। 24ਤਾਂ ਫ਼ਿਰ ਯਿਸੂ ਨੇ ਆਖਿਆ, “ਇਹ ਮੇਰਾ ਲਹੂ ਹੈ, ਇਹ ਨਵੇਂ ਕਰਾਰ ਦਾ ਲਹੂ ਹੈ ਜਿਹੜਾ ਬਹੁਤਿਆਂ ਲਈ ਵਹਾਇਆ ਗਿਆ ਹੈ 25ਮੈਂ ਤੁਹਾਨੂੰ ਸੱਚ ਆਖਦਾ ਹੈ। ਮੈਂ ਇਹ ਦਾਖ ਰਸ ਫ਼ੇਰ ਨਹੀਂ ਪੀਵਾਂਗਾ, ਜਦੋਂ ਮੈਂ ਇਹ ਪਰਮੇਸ਼ੁਰ ਦੇ ਰਾਜ ਵਿੱਚ ਪੀਵਾਂਗਾ ਇਹ ਨਵਾਂ ਹੋਵੇਗਾ।” 26ਉਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਗੀਤ ਗਾਇਆ ਅਤੇ ਜੈਤੂਨ ਦੇ ਪਹਾੜ ਨੂੰ ਚੱਲੇ ਗਏ। 27ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਸਾਰੇ ਆਪਣਾ ਵਿਸ਼ਵਾਸ ਗੁਆ ਲਵੋਂਗੇ। ਇਉਂ ਪੋਥੀਆਂ ਵਿੱਚ ਲਿਖਿਆ ਹੋਇਆ ਹੈ: ‘ਮੈਂ ਆਜੜੀ ਨੂੰ ਮਾਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ।’ 28ਪਰ ਮੈਂ ਮਰਨ ਉਪਰੰਤ ਮੁੜ ਜਿਉਣ ਦੇ ਬਾਦ ਗਲੀਲ ਨੂੰ ਜਾਵਾਂਗਾ। ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਹੋਵਾਂਗਾ।” 29ਤਾਂ ਪਤਰਸ ਨੇ ਕਿਹਾ, “ਭਾਵੇ ਸਾਰੇ ਚੇਲੇ ਤੇਰੇ ਤੇ ਵਿਸ਼ਵਾਸ ਛੱਡ ਦੇਣ ਪਰ ਮੈਂ ਨਹੀਂ ਛੱਡਾਂਗਾ।” 30ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅੱਜ ਹੀ, ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ?” 31ਪਰ ਪਤਰਸ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ, “ਮੈਂ ਇਹ ਕਦੇ ਵੀ ਨਹੀਂ ਕਹਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਉਸ ਨੂੰ ਇੰਝ ਹੀ ਆਖਿਆ। 32ਫ਼ੇਰ ਯਿਸੂ ਆਤੇ ਉਸ ਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸ ਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ।” 33ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਆਉਣ ਨੂੰ ਕਿਹਾ। ਉਹ ਬੜਾ ਦੁੱਖੀ ਅਤੇ ਦਿਲਗੀਰ ਸੀ। 34ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਆਤਮਾ ਬੜਾ ਉਦਾਸ ਬਲਕਿ ਮਰਨ ਤੀਕਰ ਉਦਾਸ ਹੈ। ਇੱਥੇ ਠਹਿਰੋ ਅਤੇ ਜਾਗਦੇ ਰਹੋ।” 35ਯਿਸੂ ਉਨ੍ਹਾਂ ਤੋਂ ਥੋੜੀ ਹੋਰ ਅੱਗੇ ਗਿਆ ਅਤੇ ਜ਼ਮੀਨ ਤੇ ਡਿੱਗਕੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਦੁੱਖਾਂ ਦਾ ਇਹ ਸਮਾਂ ਉਸ ਤੋਂ ਟਲ ਜਾਵੇ। 36ਉਸ ਨੇ ਪ੍ਰਾਰਥਨਾ ਕੀਤੀ, “ਅੱਬਾ, ਹੇ ਪਿਤਾ, ਤੂੰ ਸਭ ਕੁਝ ਕਰ ਸੱਕਦਾ ਹੈਂ। ਇਹ ਦੁੱਖਾਂ ਦਾ ਪਿਆਲਾ ਮੈਥੋਂ ਲੈ ਲਵੋ, ਤਾਂ ਵੀ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਉਹੀ ਹੋਵੇ ਜੋ ਤੈਨੂੰ ਭਾਵੇ।” 37ਤਾਂ ਉਹ ਵਾਪਸ ਆਪਣੇ ਚੇਲਿਆਂ ਕੋਲ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਸ ਨੇ ਪਤਰਸ ਨੂੰ ਕਿਹਾ, “ਹੇ ਸ਼ਮਊਨ! ਕੀ ਤੂੰ ਸੌਂ ਰਿਹਾ ਹੈ? ਕੀ ਤੂੰ ਇੱਕ ਘੜੀ ਵਾਸਤੇ ਨਹੀਂ ਜਾਗ ਸੱਕਦਾ? 38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਇਛੁਕ ਹੈ, ਪਰ ਤੁਹਾਡਾ ਸਰੀਰ ਕਮਜ਼ੋਰ ਹੈ” 39ਯਿਸੂ ਫ਼ਿਰ ਉੱਥੇ ਗਿਆ ਅਤੇ ਉਹੋਂ ਗੱਲਾਂ ਆਖਕੇ ਪ੍ਰਾਰਥਨਾ ਕੀਤੀ। 40ਫ਼ਿਰ ਉਹ ਚੇਲਿਆਂ ਕੋਲ ਵਾਪਸ ਆਇਆ ਅਤੇ ਉਸ ਨੇ ਫ਼ਿਰ ਉਨ੍ਹਾਂ ਨੂੰ ਸੁੱਤਿਆਂ ਪਾਇਆ। ਉਨ੍ਹਾਂ ਦੀਆਂ ਅੱਖਾਂ ਬੜੀਆਂ ਥੱਕੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਉਸ ਨੂੰ ਕੀ ਜਵਾਬ ਦੇਣ। 41ਜਦੋਂ ਯਿਸੂ ਤੀਜੀ ਵਾਰ ਪ੍ਰਾਰਥਨਾ ਕਰਕੇ ਆਪਣੇ ਚੇਲਿਆਂ ਕੋਲ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜੇ ਵੀ ਸੌ ਰਹੇ ਤੇ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ। ਮਨੁੱਖ ਦੇ ਪੁੱਤਰ ਦਾ ਪਾਪੀਆਂ ਹੱਥੀ ਫ਼ੜਵਾਏ ਜਾਣ ਦਾ ਵਕਤ ਆ ਗਿਆ ਹੈ। 42ਉੱਠੋ, ਸਾਨੂੰ ਚੱਲਣਾ ਚਾਹੀਦਾ ਹੈ! ਵੇਖੋ! ਮੇਰਾ ਫ਼ੜਵਾਉਣ ਵਾਲਾ ਨੇੜੇ ਆ ਗਿਆ ਹੈ!” 43ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਕਿ ਯਹੂਦਾ ਉੱਥੇ ਪਹੁੰਚਿਆ, ਜਿਹੜਾ ਕਿ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਸੀ, ਅਤੇ ਉਸ ਨਾਲ ਹੋਰ ਵੀ ਬੜੇ ਲੋਕ ਸਨ ਜੋ ਕਿ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਵੱਲੋਂ ਭੇਜੇ ਗਏ ਸਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਸਨ। 44ਯਹੂਦਾ ਨੇ ਲੋਕਾਂ ਨੂੰ ਇਹ ਸੰਕੇਤ ਦੇਣ ਵਾਸਤੇ ਕਿ ਕੌਣ ਯਿਸੂ ਹੈ, ਵਿਉਂਤ ਬਣਾਈ। ਉਸ ਨੇ ਆਖਿਆ, “ਜਿਸ ਆਦਮੀ ਨੂੰ ਮੈਂ ਚੁੰਮਾਂ, ਉਹੀ ਯਿਸੂ ਹੈ। ਤੁਸੀਂ ਉਸ ਨੂੰ ਗਿਰਫ਼ਤਾਰ ਕਰ ਲੈਣਾ ਅਤੇ ਉਸ ਨੂੰ ਨਿਗਰਾਨੀ ਨਾਲ ਲੈ ਜਾਣਾ।” 45ਤਾਂ ਯਹੂਦਾ ਸਿੱਧਾ ਉਸ ਕੋਲ ਆਇਆ ਅਤੇ ਆਖਿਆ, “ਗੁਰੂ!” ਅਤੇ ਫ਼ਿਰ ਉਸ ਨੇ ਯਿਸੂ ਨੂੰ ਚੁੰਮਿਆ। 46ਤਦ ਲੋਕਾਂ ਨੇ ਉਸ ਨੂੰ ਬੰਨ੍ਹ ਦਿੱਤਾ ਅਤੇ ਗਿਰਫ਼ਤਾਰ ਕਰ ਲਿਆ। 47ਯਿਸੂ ਦੇ ਚੇਲਿਆਂ ਵਿੱਚੋਂ ਕੋਲ ਖੜੋਤੇ ਇੱਕ ਚੇਲੇ ਨੇ ਆਪਣੀ ਤਲਵਾਰ ਕੱਢੀ ਅਤੇ ਤਲਵਾਰ ਸਰਦਾਰ ਜਾਜਕ ਦੇ ਇੱਕ ਨੋਕਰ ਦੇ ਕੰਨ ਤੇ ਚਲਾਈ ਅਤੇ ਆਪਣੀ ਤਲਵਾਰ ਨਾਲ ਉਸਦਾ ਕੰਨ ਵੱਢ ਦਿੱਤਾ। 48ਤਦ ਯਿਸੂ ਨੇ ਕਿਹਾ, “ਕੀ ਤੁਸੀਂ ਮੈਨੂੰ ਮੁਜਰਮ ਕਰਾਰ ਦਿੰਦੇ ਹੋ ਅਤੇ ਮੈਨੂੰ ਤਲਵਾਰਾਂ ਅਤੇ ਡਾਂਗਾ ਨਾਲ ਗਿਰਫ਼ਤਾਰ ਕਰਨ ਆਏ ਹੋ? 49ਪਰ ਰੋਜ਼ ਮੈਂ ਮੰਦਰ ਵਿੱਚ ਉਪਦੇਸ਼ ਦਿੰਦਾ, ਤੁਹਾਡੇ ਨਾਲ ਹੁੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਇਹ ਸਭ ਇਸ ਲਈ ਹੋਇਆ ਕਿ ਪੋਥੀਆਂ ਪੂਰੀਆਂ ਹੋਣ।” 50ਫ਼ਿਰ ਉਸ ਦੇ ਸਾਰੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਨੱਸ ਗਏ। 51ਇੱਕ ਜਵਾਨ ਆਦਮੀ ਯਿਸੂ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਸਿਰਫ਼ ਇੱਕ ਪਤਲਾ ਕੱਪੜਾ ਲਿਆ ਹੋਇਆ ਸੀ। ਲੋਕਾਂ ਨੇ ਉਸ ਨੂੰ ਵੀ ਫ਼ੜਨ ਦੀ ਕੋਸ਼ਿਸ਼ ਕੀਤੀ। 52ਪਰ ਉਸ ਨੇ ਆਪਣਾ ਪਤਲਾ ਕੱਪੜਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਅਤੇ ਨੰਗਾ ਹੀ ਉੱਥੋਂ ਭੱਜ ਗਿਆ। 53ਜਿਨ੍ਹਾਂ ਲੋਕਾਂ ਨੇ ਉਸ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸ ਨੂੰ ਸਰਦਾਰ ਜਾਜਕ ਦੇ ਘਰ ਲੈ ਗਏ ਜਿੱਥੇ ਕਿ ਸਾਰੇ ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਇਕੱਠੇ ਹੋਏ ਸਨ। 54ਪਤਰਸ ਕੁਝ ਵਿੱਥ ਤੇ ਉਸ ਦੇ ਪਿੱਛੇ-ਪਿੱਛੇ ਰਿਹਾ ਪਰ ਉਸ ਦੇ ਨੇੜੇ ਨਾ ਗਿਆ। ਉਹ ਸਰਦਾਰ ਜਾਜਕ ਦੇ ਘਰ ਦੇ ਵਿਹੜੇ ਅੰਦਰ ਚੱਲਿਆ ਗਿਆ। ਅਤੇ ਉਹ ਸਿਪਾਹੀਆਂ ਨਾਲ ਬੈਠਕੇ ਅੱਗ ਨਾਲ ਆਪਣੇ-ਆਪ ਨੂੰ ਸੇਕਣ ਲੱਗਾ। 55ਪ੍ਰਧਾਨ ਜਾਜਕ ਅਤੇ ਸਾਰੀ ਯਹੂਦੀ ਸਭਾ ਨੇ ਯਿਸੂ ਦੇ ਵਿਰੁੱਧ ਕੋਈ ਪ੍ਰਮਾਣ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਉਸ ਨੂੰ ਮਾਰ ਸੱਕਣ, ਪਰ ਉਹ ਅਜਿਹਾ ਨਾ ਕਰ ਸੱਕੇ। 56ਬੜੇ ਲੋਕ ਉਸ ਦੇ ਖਿਲਾਫ਼ ਝੂਠੀਆਂ ਗੱਲਾਂ ਆਖਣ ਲੱਗੇ ਪਰ ਕਿਸੇ ਦੀ ਗਵਾਹੀ ਦੂਜੇ ਨਾਲ ਨਹੀਂ ਸੀ ਮਿਲਦੀ। 57ਫ਼ਿਰ ਕਈ ਲੋਕਾਂ ਨੇ ਉੱਠ ਕੇ ਉਸ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਕਿ, 58“ਅਸੀਂ ਇਸ ਆਦਮੀ ਨੂੰ ਇਹ ਕਹਿੰਦਿਆਂ ਸੁਣਿਆ, ‘ਮੈਂ ਇਸ ਮੰਦਰ ਨੂੰ, ਜੋ ਹੱਥਾਂ ਨਾਲ ਬਣਾਇਆ ਗਿਆ ਹੈ, ਢਾਹ ਦੇਵਾਂਗਾ ਅਤੇ ਇਸਦੀ ਜਗ੍ਹਾ, ਦੂਜਾ ਤਿੰਨਾਂ ਦਿਨਾਂ ਵਿੱਚ ਨਵਾਂ ਖੜ੍ਹਾ ਕਰ ਦੇਵਾਂਗਾ ਜਿਹੜਾ ਕਿ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’” 59ਹਾਲੇ ਵੀ ਇਨ੍ਹਾਂ ਲੋਕਾਂ ਦੀ ਗਵਾਹੀ ਇੱਕ ਦੂਜੇ ਨਾਲ ਨਹੀਂ ਮਿਲੀ। 60ਸਰਦਾਰ ਜਾਜਕ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, “ਇਹ ਲੋਕ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਤੂੰ ਆਪਣੇ-ਆਪ ਨੂੰ ਬਚਾਉਣ ਲਈ ਕੋਈ ਸਫ਼ਾਈ ਦੇਣਾ ਚਾਹੁੰਦਾ ਹੈਂ? ਕੀ ਉਹ ਸੱਚ ਆਖ ਰਹੇ ਹਨ?” 61ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਿਹਾ। ਫ਼ੇਰ ਸਰਦਾਰ ਜਾਜਕ ਨੇ ਉਸ ਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ, “ਕੀ ਤੂੰ ਮਸੀਹ ਹੈ, ਪਰਮ ਪ੍ਰਧਾਨ ਪਰਮੇਸ਼ੁਰ ਦਾ ਪੁੱਤਰ ਹੈਂ?” 62ਯਿਸੂ ਨੇ ਆਖਿਆ, “ਹਾਂ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ਅਤੇ ਭਵਿੱਖ ਵਿੱਚ ਤੁਸੀਂ ਮਨੁੱਖ ਦੇ ਪੁੱਤਰ ਨੂੰ ਅੱਤ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਸੁਰਗ ਦੇ ਬੱਦਲਾਂ ਵਿੱਚ ਆਉਂਦਾ ਵੇਖੋਂਗੇ।” 63ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ, ਤਾਂ ਉਸ ਨੂੰ ਬੜਾ ਕਰੋਧ ਆਇਆ। ਗੁੱਸੇ ਨਾਲ ਉਸ ਨੇ ਆਪਣੇ ਕੱਪੜੇ ਪਾੜਕੇ ਆਖਿਆ, “ਹੁਣ ਸਾਨੂੰ ਕਿਸੇ ਹੋਰ ਗਵਾਹ ਦੀ ਲੋੜ ਨਹੀਂ। 64ਜੋ ਸਾਰੀਆਂ ਗੱਲਾਂ ਉਸ ਨੇ ਪਰਮੇਸ਼ੁਰ ਦੇ ਖਿਲਾਫ਼ ਆਖੀਆਂ ਹਨ ਤੁਸੀਂ ਸਭ ਨੇ ਸੁਣੀਆਂ। ਤੁਸੀਂ ਕੀ ਸੋਚਦੇ ਹੋ?” ਸਭ ਲੋਕਾਂ ਨੇ ਕਿਹਾ ਕਿ ਯਿਸੂ ਦੋਸ਼ੀ ਹੈ ਅਤੇ ਉਸ ਨੂੰ ਮੌਤ ਦਾ ਦੰਡ ਮਿਲਣਾ ਚਾਹਿਦਾ ਹੈ। 65ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸ ਦੇ ਚਿਹਰੇ ਨੂੰ ਢੱਕ ਕੇ ਉਸ ਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸ ਨੂੰ ਦੂਰ ਲੈ ਗਏ ਅਤੇ ਉਸ ਨੂੰ ਕੁੱਟਿਆ। 66ਉਸ ਵਕਤ, ਪਤਰਸ ਥੱਲੇ ਵਿਹੜੇ ਵਿੱਚ ਸੀ। ਸਰਦਾਰ ਜਾਜਕ ਦੀ ਇੱਕ ਗੋਲੀ ਆਈ ਅਤੇ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ। 67ਉਹ ਉਸ ਵੱਲ ਨਿਗਾਹ ਕਰਕੇ ਬੋਲੀ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।” 68ਪਰ ਪਤਰਸ ਨੇ ਕਿਹਾ ਮੈਂ ਉਸ ਦੇ ਨਾਲ ਨਹੀਂ ਸੀ ਅਤੇ ਆਖਣ ਲੱਗਾ, “ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੀ ਕਹਿ ਰਹੀ ਹੈਂ।” ਫ਼ਿਰ ਪਤਰਸ ਉੱਥੋਂ ਉੱਠ ਕੇ ਡਿਓਢੀ ਵੱਲ ਨੂੰ ਚੱਲਾ ਗਿਆ। 69ਜਦੋਂ ਗੋਲੀ ਨੇ ਉਸ ਨੂੰ ਉੱਥੇ ਖੜ੍ਹਾ ਵੇਖਿਆ, ਉਸ ਨੇ ਉੱਥੇ ਖੜ੍ਹੇ ਲੋਕਾਂ ਨੂੰ ਫ਼ਿਰ ਆਖਿਆ, “ਇਹ ਆਦਮੀ ਉਨ੍ਹਾਂ ਵਿੱਚੋਂ ਇੱਕ ਹੈ।” 70ਪਤਰਸ ਫ਼ਿਰ ਉਸ ਦੇ ਕਹਿਣੇ ਤੋਂ ਮੁੱਕਰ ਗਿਆ। ਕੁਝ ਦੇਰ ਬਾਦ, ਕੁਝ ਲੋਕ ਪਤਰਸ ਦੇ ਕੋਲ ਖੜ੍ਹੇ ਸਨ ਅਤੇ ਉਹ ਕਹਿਣ ਲੱਗੇ, “ਅਸੀਂ ਜਾਣਦੇ ਹਾਂ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ। ਕਿਉਂਕਿ ਤੂੰ ਗਲੀਲ ਤੋਂ ਹੈਂ।” 71ਪਰ ਪਤਰਸ ਆਪਣੇ-ਆਪ ਨੂੰ ਸਰਾਪਣ ਲੱਗਾ ਅਤੇ ਦ੍ਰਿੜਤਾ ਨਾਲ ਆਖਿਆ, “ਮੈਂ ਸੌਹ ਖਾਂਦਾ ਹਾਂ ਕਿ ਜਿਸ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਸ ਨੂੰ ਨਹੀਂ ਜਾਣਦਾ।” 72ਜਦੋਂ ਪਤਰਸ ਨੇ ਇਹ ਕਿਹਾ, “ਕੁੱਕੜ ਨੇ ਦੂਜੀ ਬਾਂਗ ਦਿੱਤੀ। ਫ਼ਿਰ ਪਤਰਸ ਨੇ ਯਾਦ ਕੀਤਾ ਕਿ ਯਿਸੂ ਨੇ ਉਸ ਨੂੰ ਕੀ ਕਿਹਾ ਸੀ; ਕਿ ਕੁੱਕੜ ਦੇ ਦੂਜੀ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ ਕਿ ਮੈਂ ਯਿਸੂ ਨੂੰ ਨਹੀਂ ਜਾਣਦਾ।” ਤਦ ਪਤਰਸ ਬੜਾ ਦੁੱਖੀ ਹੋਇਆ ਅਤੇ ਰੋਣ ਲੱਗ ਪਿਆ।

will be added

X\