ਲੂਕਾ 6

1ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸ ਦੇ ਕੁਝ ਚੇਲੇ ਕਣਕ ਦੇ ਸਿੱਟੇ ਤੋੜਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ। 2ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।” 3ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ। 4ਕੀ ਤੁਸੀਂ ਨਹੀਂ ਪੜ੍ਹਿਆ ਕਿ ਉਹ ਪਰਮੇਸ਼ੁਰ ਦੇ ਘਰ ਵੜਿਆ, ਤੇ ਉਸ ਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸ ਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸੱਕਦਾ ਹੈ।” 5ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।” 6ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣ ਲਈ ਗਿਆ। ਉੱਥੇ ਇੱਕ ਆਦਮੀ ਸੀ ਜਿਸਦੇ ਸੱਜੇ ਹੱਥ ਨੂੰ ਅਧਰੰਗ ਸੀ। 7ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਇਸ ਉਡੀਕ ਵਿੱਚ ਸਨ ਕਿ ਵੇਖੀਏ ਯਿਸੂ ਇਸ ਨੂੰ ਸਬਤ ਦੇ ਦਿਨ ਰਾਜੀ ਕਰੇਗਾ ਕਿ ਨਹੀਂ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਗਲਤ ਕੰਮ ਕਰੇ ਤੇ ਉਹ ਉਸ ਨੂੰ ਦੋਸ਼ੀ ਠਹਿਰਾ ਸੱਕਣ। 8ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ। ਅਤੇ ਉਸ ਨੇ ਉਸ ਮਨੁੱਖ ਨੂੰ ਆਖਿਆ ਜਿਸਦੇ ਹੱਥ ਨੂੰ ਅਧਰੰਗ ਹੋਇਆ ਸੀ, “ਉੱਠ ਅਤੇ ਵਿੱਚਾਲੇ ਆਕੇ ਖੜ੍ਹਾ ਹੋ ਜਾ।” ਤਾਂ ਉਸ ਨੇ ਇੰਝ ਹੀ ਕੀਤਾ। 9ਤਦ ਯਿਸੂ ਨੇ ਲੋਕਾਂ ਨੂੰ ਪੁੱਛਿਆ, “ਮੈਂ ਤੁਹਾਨੂੰ ਪੁੱਛਦਾ ਹਾਂ ਕਿ ਸਬਤ ਦੇ ਦਿਨ ਕੀ ਕਰਨ ਦੀ ਇਜਾਜ਼ਤ ਹੈ? ਚੰਗਿਆਈ ਕਰਨ ਦੀ ਜਾਂ ਬਦੀ? ਕਿਸੇ ਦੇ ਪ੍ਰਾਣ ਨਸ਼ਟ ਕਰਨ ਦੀ ਜਾਂ ਕਿਸੇ ਦੇ ਪ੍ਰਾਣਾਂ ਨੂੰ ਬਚਾਉਣ ਦੀ?” 10ਯਿਸੂ ਦੇ ਆਲੇ-ਦੁਆਲੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, “ਮੈਨੂੰ ਆਪਣਾ ਹੱਥ ਵਿਖਾ।” ਜਦ ਉਸ ਅਧਰੰਗੀ ਮਨੁੱਖ ਨੇ ਆਪਣਾ ਹੱਥ ਵਿਖਾਉਣ ਲਈ ਬਾਹਰ ਕੱਢਿਆ ਤਾਂ ਉਹ ਬਿਲਕੁਲ ਠੀਕ ਸੀ। 11ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬੜੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?” 12ਉਨ੍ਹੀ ਦਿਨੀ ਯਿਸੂ ਇੱਕ ਪਹਾੜ ਤੇ ਗਿਆ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ। 13ਅਗਲੀ ਸਵੇਰ ਉਸ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ “ਰਸੂਲ” ਆਖਿਆ। ਉਨ੍ਹਾਂ ਬਾਰ੍ਹਾਂ ਰਸੂਲਾਂ ਦੇ ਨਾਂ ਸਨ: 14ਸ਼ਮਊਨ (ਜਿਸ ਨੂੰ ਯਿਸੂ ਨੇ ਪਤਰਸ ਨਾਂ ਦਿੱਤਾ) ਅਤੇ ਉਸਦਾ ਭਰਾ ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ, ਫ਼ਿਲਿਪੁੱਸ ਅਤੇ ਬਰਥੁਲਮਈ, 15ਮੱਤੀ, ਥੋਮਾ ਅਤੇ ਹਲਫ਼ਈ ਦਾ ਪੁੱਤਰ ਯਾਕੂਬ ਅਤੇ ਸ਼ਮਊਨ ਜਿਹੜਾ ਜ਼ੇਲੇਤੇਸ ਕਹਾਉਂਦਾ ਸੀ। 16ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸੱਕਰਿਯੋਤੀ (ਇਹ ਉਹੀ ਯਾਕੂਬ ਦਾ ਪੁੱਤਰ ਯਹੂਦਾ ਹੈ ਜੋ ਬਾਦ ਵਿੱਚ ਯਿਸੂ ਨੂੰ ਉਸ ਦੇ ਦੁਸ਼ਮਣਾਂ ਦੇ ਹੱਥ ਫ਼ੜਵਾਉਂਦਾ ਹੈ)। 17ਯਿਸੂ ਅਤੇ ਰਸੂਲ ਪਹਾੜ ਤੋਂ ਉਤਰ ਕੇ ਇੱਕ ਪਧਰੀ ਜਗ੍ਹਾ ਤੇ ਆਕੇ ਖਲੋਤੇ। ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਉੱਥੇ ਇਕੱਠਾ ਹੋਇਆ ਸੀ ਜੋ ਕਿ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਕੰਢੇ ਦੇ ਸ਼ਹਿਰਾਂ ਤੋਂ ਆਏ ਸਨ। 18ਉਹ ਸਾਰੇ ਯਿਸੂ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਚੰਗੇ ਹੋਣ ਲਈ ਉਸ ਕੋਲ ਆਏ ਸਨ। ਜਿਹੜੇ ਲੋਕ ਭਰਿਸ਼ਟ ਆਤਮਿਆਂ ਤੋਂ ਪੀੜਿਤ ਸਨ ਉਹ ਵੀ ਰਾਜੀ ਕੀਤੇ ਗਏ। 19ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ। 20ਯਿਸੂ ਨੇ ਆਪਣੇ ਚੇਲਿਆਂ ਵੱਲ ਵੇਖਿਆ ਤੇ ਆਖਿਆ, “ਗਰੀਬ ਲੋਕੋ! ਤੁਸੀਂ ਧੰਨ ਹੋ, ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ। 21ਤੁਸੀਂ ਜੋ ਹੁਣ ਭੁੱਖੇ ਹੋ, ਧੰਨ ਹੋ ਕਿਉਂਕਿ ਤੁਹਾਨੂੰ ਸੰਤੁਸ਼ਟ ਕੀਤਾ ਜਾਵੇਗਾ। ਤੁਸੀਂ ਜੋ ਹੁਣ ਰੋ ਰਹੇ ਹੋ ਧੰਨ ਹੋ ਕਿਉਂਕਿ ਮਗਰੋਂ ਤੁਸੀਂ ਹੱਸੋਂਗੇ। 22“ਤੁਸੀਂ ਧੰਨ ਹੋ ਜਦੋਂ ਲੋਕ ਮਨੁੱਖ ਦੇ ਪੁੱਤਰ ਕਾਰਣ ਤੁਹਾਨੂੰ ਨਫ਼ਰਤ ਕਰਨ, ਤਿਆਗਣ, ਬੇਇੱਜਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿਕੇ ਬੁਲਾਉਣ। 23ਜਦੋਂ ਇਹ ਵਾਪਰੇ ਤਾਂ ਆਨੰਦ ਨਾਲ ਉਛਲੋ ਕਿਉਂਕਿ ਸੁਰਗ ਵਿੱਚ ਤੁਹਾਡਾ ਫ਼ਲ ਮਹਾਨ ਹੋਵੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਵੇਂ ਹੀ ਕੀਤਾ ਸੀ ਜਿਵੇਂ ਉਹ ਤੁਹਾਡੇ ਨਾਲ ਕਰਨਗੇ। 24“ਤੁਹਾਡੇ ਤੇ ਲਾਹਨਤ, ਅਮੀਰ ਲੋਕੋ, ਕਿਉਂਕਿ ਤੁਹਾਡੇ ਕੋਲ ਸਭ ਸੁੱਖ ਹਨ। 25ਤੁਹਾਡੇ ਤੇ ਲਾਹਨਤ, ਜਿਹੜੇ ਹੁਣ ਰੱਜੇ ਹੋਏ ਹੋ ਮਗਰੋਂ ਤੁਸੀਂ ਭੁੱਖੇ ਰਹੋਂਗੇ। ਤੁਹਾਡਾ ਬੁਰਾ ਹੋਵੇਗਾ ਜੋ ਹੁਣ ਹੱਸ ਰਹੇ ਹੋ, ਮਗਰੋਂ ਤੁਸੀਂ ਕੁਰਲਾਉਂਗੇ ਅਤੇ ਅਫ਼ਸੋਸ ਕਰੋਂਗੇ। 26“ਤੁਹਾਡੇ ਤੇ ਲਾਹਨਤ, ਜਦੋਂ ਸਾਰੇ ਲੋਕਾਂ ਦੁਆਰਾ ਤੁਹਾਡੀ ਉਸਤਤਿ ਹੁੰਦੀ ਹੈ। ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਵੇਂ ਹੀ ਕੀਤਾ ਸੀ। 27“ਪਰ ਤੁਸੀਂ, ਜੋ ਮੈਨੂੰ ਸੁਣ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਵੈਰੀਆਂ ਨੂੰ ਵੀ ਪਿਆਰ ਕਰੋ। ਜਿਹੜੇ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਅਤੇ ਤੁਹਾਡਾ ਬੁਰਾ ਕਰਦੇ ਹਨ, ਉਨ੍ਹਾਂ ਦਾ ਵੀ ਭਲਾ ਕਰੋ। 28ਜੋ ਤੁਹਾਨੂੰ ਸ਼ਰਾਪ ਦਿੰਦੇ ਹਨ ਉਨ੍ਹਾਂ ਨੂੰ ਅਸੀਸਾਂ ਦਿਉ, ਜੋ ਤੁਹਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਉਨ੍ਹਾਂ ਲਈ ਵੀ ਪ੍ਰਾਰਥਨਾ ਕਰੋ। 29ਜੇਕਰ ਕੋਈ ਤੁਹਾਡੀ ਇੱਕ ਗਲ ਤੇ ਚਪੇੜ ਮਾਰਦਾ ਹੈ ਤਾਂ ਤੁਸੀਂ ਦੂਜੀ ਗਲ ਵੀ ਭੁਆ ਦਿਓ। ਜੇਕਰ ਕੋਈ ਤੁਹਾਡਾ ਚੋਗ਼ਾ ਖੋਂਹਦਾ ਹੈ ਤਾਂ ਉਸ ਨੂੰ ਆਪਣੀ ਕਮੀਜ ਖੋਹਣ ਤੋਂ ਵੀ ਨਾ ਰੋਕੋ। 30ਜੋ ਕੋਈ ਵੀ ਤੁਹਾਡੇ ਕੋਲੋ ਮੰਗੇ ਉਸ ਨੂੰ ਦੇ ਦੇਵੋ। ਜੇਕਰ ਕੋਈ ਤੁਹਾਡੀ ਕੋਈ ਵੀ ਵਸਤੂ ਲੈਂਦਾ ਹੈ ਤਾਂ ਉਸ ਨੂੰ ਵਾਪਸ ਨਾ ਮੰਗੋ। 31ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਨਾਲ ਕਰੇ ਤੁਸੀਂ ਆਪ ਵੀ ਦੂਜਿਆਂ ਨਾਲ ਉਹੋ ਜਿਹਾ ਵਰਤਾਵਾ ਕਰੋ। 32“ਜੇਕਰ ਤੁਸੀਂ ਕੇਵਲ ਉਨ੍ਹਾਂ ਨੂੰ ਹੀ ਪਿਆਰ ਕਰੋਂਗੇ, ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖ ਸੱਕਦੇ ਹੋ? ਕਿਉਂਕਿ ਇੰਝ ਤਾਂ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। 33ਜੇਕਰ ਤੁਸੀਂ ਸਿਰਫ਼ ਉਨ੍ਹਾਂ ਦਾ ਹੀ ਚੰਗਾ ਕਰੋ ਜੋ ਤੁਹਾਡੇ ਲਈ ਚੰਗਾ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖਦੇ ਹੋ। ਪਾਪੀ ਵੀ ਤਾਂ ਇਹੀ ਕਰਦੇ ਹਨ। 34ਜੇਕਰ ਤੁਸੀਂ ਸਿਰਫ਼ ਉਨ੍ਹਾਂ ਨੂੰ ਹੀ ਉਧਾਰ ਦਿਉ, ਜਿਨ੍ਹਾਂ ਕੋਲੋਂ ਵਾਪਸ ਆਉਣ ਦੀ ਆਸ ਹੋਵੇ ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖ ਸੱਕਦੇ ਹੋ? ਇੰਝ ਤਾਂ ਪਾਪੀ ਲੋਕ ਵੀ ਦੂਜੇ ਪਾਪੀ ਲੋਕਾਂ ਨੂੰ ਉਧਾਰ ਦਿੰਦੇ ਹਨ ਤਾਂ ਜੋ ਉਹ ਆਪਣਾ ਪੂਰਾ ਪੈਸਾ ਵਾਪਸ ਲੈ ਸੱਕਣ। 35“ਇਸ ਲਈ ਆਪਣੇ ਵੈਰੀਆਂ ਨਾਲ ਪਿਆਰ ਕਰੋ, ਮੁੜ ਵਾਪਸ ਲੈਣ ਦੀ ਆਸ ਤੋਂ ਬਿਨਾ, ਉਹੀ ਕਰੋ ਜੋ ਚੰਗਾ ਹੈ। ਫ਼ਿਰ ਤੁਹਾਡਾ ਫ਼ਲ ਮਹਾਨ ਹੋਵੇਗਾ। ਅਤੇ ਤੁਸੀਂ ਅੱਤ ਮਹਾਨ ਪਰਮੇਸ਼ੁਰ ਦੇ ਬੱਚੇ ਹੋਵੋਂਗੇ ਕਿਉਂਕਿ ਪਰਮੇਸ਼ੁਰ ਪਾਪੀ ਲੋਕਾਂ ਅਤੇ ਨਾਸ਼ੁਕਰੇ ਲੋਕਾਂ ਤੇ ਵੀ ਦਯਾਵਾਨ ਹੈ। 36ਦਿਆਲੂ ਹੋਵੋ ਜਿਵੇਂ ਕਿ ਤੁਹਾਡਾ ਪਿਤਾ ਵੀ ਦਿਆਲੂ ਹੈ। 37“ਦੂਜਿਆਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਵੀ ਨਿਰਨਾ ਨਹੀਂ ਕੀਤਾ ਜਾਵੇਗਾ। ਦੂਜਿਆਂ ਦੀ ਨਿੰਦਿਆ ਨਾ ਕਰੋ ਤਾਂ ਤੁਸੀਂ ਵੀ ਨਹੀਂ ਨਿੰਦੇ ਜਾਵੋਂਗੇ, ਜੇਕਰ ਤੁਸੀਂ ਦੂਜਿਆਂ ਨੂੰ ਮਾਫ਼ ਕਰੋਂਗੇ ਤਾਂ ਤੁਸੀਂ ਵੀ ਮਾਫ਼ ਕੀਤੇ ਜਾਵੋਂਗੇ। 38ਦੇਵੋ, ਤੁਹਾਨੂੰ ਵੀ ਦਿੱਤਾ ਜਾਵੇਗਾ। ਤੁਹਾਨੂੰ ਬਹੁਤ ਵੱਧੇਰੇ ਦਿੱਤਾ ਆਵੇਗਾ। ਇਹ ਤੁਹਾਡੇ ਹੱਥਾਂ ਵਿੱਚੋਂ ਵਗਾਇਆ ਜਾਵੇਗਾ ਅਤੇ ਤੁਸੀਂ ਇਸ ਨੂੰ ਫ਼ੜਨ ਯੋਗ ਨਹੀਂ ਹੋਵੋਂਗੇ। ਅਤੇ ਇਹ ਬਾਹਰ ਤੁਹਾਡੀ ਗੋਦੀ ਵਿੱਚ ਵਗੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪਦੇ ਹੋਂ ਉਸੇ ਮਾਪ ਨਾਲ ਤੁਹਾਨੂੰ ਵੀ ਮਾਪਿਆ ਜਾਵੇਗਾ।” 39ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਵੀ ਦਿੱਤੀ, “ਕੀ ਭਲਾ ਇੱਕ ਅੰਨ੍ਹਾਂ ਦੂਜੇ ਅੰਨ੍ਹੇ ਦਾ ਆਗੂ ਹੋ ਸੱਕਦਾ ਹੈ? ਨਹੀਂ! ਦੋਵੇਂ ਹੀ ਟੋਏ ਵਿੱਚ ਜਾ ਡਿੱਗਣਗੇ। 40ਕੋਈ ਵੀ ਚੇਲਾ ਆਪਣੇ ਗੁਰੂ ਤੋਂ ਵੱਡਾ ਨਹੀਂ ਹੈ। ਪਰ ਜਦੋਂ ਚੇਲਾ ਪੂਰੀ ਤਰ੍ਹਾਂ ਸਿੱਖ ਗਿਆ ਹੋਵੇ ਉਹ ਆਪਣੇ ਗੁਰੂ ਵਰਗਾ ਹੋਵੇਗਾ। 41“ਤੁਸੀਂ ਉਸ ਕੱਖ ਦੇ ਕਣ ਨੂੰ ਕਿਉਂ ਵੇਖਦੇ ਹੋ ਜਿਹੜਾ ਤੁਹਾਡੇ ਭਰਾ ਦੀ ਅੱਖ ਵਿੱਚ ਹੈ। ਜਦੋਂ ਕਿ ਤੁਸੀਂ ਉਸ ਸ਼ਤੀਰ ਨੂੰ ਨਹੀਂ ਵੇਖਦੇ ਜਿਹੜਾ ਤੁਹਾਡੀ ਆਪਣੀ ਅੱਖ ਵਿੱਚ ਹੈ? 42ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸੱਕਦੇ ਹੋਂ, ‘ਵੀਰ, ਮੈਨੂੰ ਤੇਰੀ ਅੱਖ ਚੋਂ ਕੱਖ ਦਾ ਕਣ ਕੱਢ ਲੈਣਦੇ’ ਜਦੋਂ ਕਿ ਤੁਸੀਂ ਉਹ ਸ਼ਤੀਰ ਨਹੀਂ ਵੇਖਦੇ ਜੋ ਤੁਹਾਡੀ ਆਪਣੀ ਅੱਖ ਵਿੱਚ ਹੈ। ਹੇ ਕਪਟੀਓ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਨੂੰ ਕੱਢੋ ਤਾਂ ਹੀ ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਉਸ ਕੱਖ ਦੇ ਕਣ ਨੂੰ ਕੱਢਣ ਲਈ ਠੀਕ ਤਰ੍ਹਾਂ ਵੇਖ ਸੱਕਦੇ ਹੋ। 43“ਇੱਕ ਚੰਗਾ ਰੁੱਖ ਮਾੜਾ ਫ਼ਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਰੁੱਖ ਵੱਧੀਆ ਫ਼ਲ ਦਿੰਦਾ ਹੈ। 44ਹਰ ਰੁੱਖ ਆਪਣੇ ਫ਼ਲ ਤੋਂ ਜਾਣਿਆ ਜਾਂਦਾ ਹੈ। ਲੋਕ ਕੰਡਿਆਲੀਆਂ ਥੋਰਾਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਝਾੜੀਆਂ ਤੋਂ ਉਨ੍ਹਾਂ ਨੂੰ ਅੰਗੂਰ ਮਿਲ ਸੱਕਦੇ ਹਨ। 45ਚੰਗਾ ਵਿਅਕਤੀ ਆਪਣੇ ਦਿਲ ਵਿੱਚ ਇੱਕਤ੍ਰਿਤ ਚੰਗਿਆਈਆਂ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਇੱਕ ਦੁਸ਼ਟ ਵਿਅਕਤੀ ਆਪਣੇ ਦਿਲ ਵਿੱਚ ਇੱਕਤ੍ਰਿਤ ਬੁਰੀਆਂ ਗੱਲਾਂ ਵਿੱਚੋਂ ਬੁਰੀਆਂ ਗੱਲਾਂ ਬਾਹਰ ਲਿਆਉਂਦਾ ਹੈ। ਕਿਉਂਕਿ ਵਿਅਕਤੀ ਆਪਣੇ ਮੂੰਹ ਨਾਲ ਉਹੀ ਗੱਲਾਂ ਆਖਦਾ ਹੈ ਜੋ ਉਸ ਦੇ ਦਿਲ ਵਿੱਚ ਇੱਕਤ੍ਰਿਤ ਹਨ। 46“ਤੁਸੀਂ ਮੈਨੂੰ ‘ਪ੍ਰਭੂ, ਪ੍ਰਭੂ’, ਕਿਉਂ ਬੁਲਾਉਂਦੇ ਹੋ ਜਦੋਂ ਕਿ ਜੋ ਮੈਂ ਆਖਦਾ ਹਾਂ ਤੁਸੀਂ ਉਹ ਨਹੀਂ ਕਰਦੇ? 47ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ: ਹਰ ਉਹ ਮਨੁੱਖ ਜੋ ਮੇਰੇ ਕੋਲ ਆਕੇ ਮੇਰੇ ਉਪਦੇਸ਼ਾਂ ਨੂੰ ਸੁਣਦਾ ਹੈ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ। 48ਉਸ ਆਦਮੀ ਵਰਗਾ ਹੈ ਜੋ ਕਿ ਘਰ ਬਣਾ ਰਿਹਾ ਹੈ। ਉਹ ਡੂੰਘੀ ਖੁਦਾਈ ਕਰਕੇ ਚੱਟਾਨ ਉੱਤੇ ਨੀਂਹ ਧਰਦਾ ਹੈ। ਹੜ੍ਹ ਆਉਂਦਾ ਹੈ ਅਤੇ ਹੜ੍ਹ ਦਾ ਪਾਣੀ ਉਸ ਦੇ ਘਰ ਨੂੰ ਵਹਾਕੇ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਹੜ੍ਹ ਉਸ ਘਰ ਨੂੰ ਹਿਲਾ ਨਹੀਂ ਸੱਕਦਾ, ਕਿਉਂਕਿ ਉਸ ਘਰ ਦੀ ਨੀਂਹ ਮਜਬੂਤ ਹੈ। 49“ਪਰ ਉਹ ਜਿਹੜਾ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਸਨੇ ਆਪਣੇ ਘਰ ਦੀ ਖੁਦਾਈ ਮਜਬੂਤੀ ਨਾਲ ਡੂੰਘੀ ਨਹੀਂ ਪੁੱਟੀ ਅਤੇ ਜਦੋਂ ਹੜ੍ਹ ਆਇਆ ਤਾਂ ਬੜੇ ਅਰਾਮ ਨਾਲ ਹੀ ਉਸਦਾ ਘਰ ਬਹਾਕੇ ਨਾਲ ਲੈ ਗਿਆ ਅਤੇ ਉਹ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ।”

will be added

X\