ਲੂਕਾ 2

1ਉਸ ਸਮੇਂ ਔਗੁਸਤੁਸ ਕੈਸਰ ਵੱਲੋਂ ਇਹ ਆਦੇਸ਼ ਹੋਇਆ ਕਿ ਸਾਰੇ ਰੋਮ ਵਾਸੀਆਂ ਨੂੰ ਮਰਦੁਮ-ਸ਼ੁਮਾਰੀ ਵਾਸਤੇ ਆਪਣੇ ਨਾਮ ਦਰਜ ਕਰਾਉਣੇ ਚਾਹੀਦੇ ਹਨ। 2ਇਹ ਪਹਿਲੀ ਵਾਰੀ ਸੀ, ਜੋ ਮਰਦੁਮ-ਸ਼ੁਮਾਰੀ ਦੀਆਂ ਕਿਤਾਬਾਂ ਵਿੱਚ ਸਾਰੇ ਲੋਕਾਂ ਨੂੰ ਦਰਜ ਕੀਤਾ ਜਾਣਾ ਸੀ। ਇਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੂਰੀਆਂ ਦਾ ਰਾਜਪਾਲ ਕੁਰੇਨਯੁਸ ਸੀ। 3ਇਸ ਲਈ ਹਰ ਕੋਈ ਆਪੋ-ਆਪਣੇ ਨਗਰ ਵਿੱਚ ਆਪਣਾ ਨਾਉਂ ਦਰਜ ਕਰਵਾਉਣ ਲਈ ਗਿਆ। 4ਤਾਂ ਯੂਸੁਫ਼ ਗਲੀਲ ਦੇ ਸ਼ਹਿਰ ਨਾਸਰਤ ਤੋਂ ਵਿਦਾ ਹੋਇਆ। ਉਹ ਯਹੂਦਿਯਾ ਵਿੱਚ ਬੈਤਲਹਮ ਦੇ ਨਗਰ ਨੂੰ ਗਿਆ। ਇਹ ਨਗਰ ਦਾਊਦ ਦਾ ਨਗਰ ਕਹਾਉਂਦਾ ਸੀ। ਯੂਸੁਫ਼ ਉੱਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। 5ਤਾਂ ਉਹ ਵੀ ਮਰਿਯਮ ਨਾਲ ਆਪਣੇ ਨਾਮ ਦਰਜ ਕਰਵਾਉਣ ਗਿਆ ਕਿਉਂਕਿ ਮਰਿਯਮ ਉਸ ਨਾਲ ਵਿਆਹ ਲਈ ਮੰਗੀ ਹੋਈ ਸੀ ਪਰ ਹੁਣ ਮਰਿਯਮ ਗਰਭਵਤੀ ਸੀ। 6ਜਦੋਂ ਯੂਸੁਫ਼ ਅਤੇ ਮਰਿਯਮ ਬੈਤਲਹਮ ਵਿੱਚ ਸਨ ਤਾਂ ਮਰਿਯਮ ਦਾ ਬੱਚਾ ਜਣਨ ਦਾ ਸਮੇਂ ਆ ਗਿਆ। 7ਉਸ ਨੇ ਆਪਣੇ ਪਹਿਲੇ ਪੁੱਤਰ ਯਿਸੂ ਨੂੰ ਉੱਥੇ ਜਨਮ ਦਿੱਤਾ। ਪਰ ਉਸ ਘਰ ਵਿੱਚ ਉਨ੍ਹਾਂ ਦੇ ਰਹਿਣ ਲਈ ਕਾਫ਼ੀ ਜਗ੍ਹਾ ਨਹੀਂ ਸੀ, ਮਰਿਯਮ ਨੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਲਕ ਨੂੰ ਇੱਕ ਬਕਸੇ ਵਿੱਚ ਪਾਕੇ ਜਿੱਥੇ ਪਸ਼ੂਆਂ ਨੂੰ ਚਾਰਾ ਖੁਆਇਆ ਜਾਂਦਾ ਸੀ ਉੱਥੇ ਇੱਕ ਖੁਰਲੀ ਵਿੱਚ ਰੱਖਿਆ। 8ਉਸੇ ਰਾਤ, ਉਸ ਇਲਾਕੇ ਵਿੱਚ ਕੁਝ ਆਜੜੀ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। 9ਪ੍ਰਭੂ ਦਾ ਦੂਤ ਆਜੜੀਆਂ ਦੇ ਸਾਹਮਣੇ ਆਕੇ ਖੜ੍ਹਾ ਹੋ ਗਿਆ। ਪ੍ਰਭੂ ਦੀ ਮਹਿਮਾ ਉਨ੍ਹਾਂ ਦੇ ਚੁਫ਼ੇਰੇ ਚਮਕੀ ਤਾਂ ਆਜੜੀ ਬਹੁਤ ਡਰ ਗਏ। 10ਦੂਤ ਨੇ ਉਨ੍ਹਾਂ ਨੂੰ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। 11ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹਾ ਪ੍ਰਭੂ ਹੈ। 12ਤੁਸੀਂ ਉਸਦੀ ਪਛਾਣ ਇਸ ਤਰ੍ਹਾਂ ਕਰ ਸੱਕਦੇ ਹੋ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਪਾਵੋਗੇ।” 13ਉੱਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖੜ੍ਹੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ: 14“ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤਿ ਹੋਵੇ, ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।” 15ਦੂਤ ਆਜੜੀਆਂ ਨੂੰ ਛੱਡ ਕੇ ਫ਼ੇਰ ਸੁਰਗ ਨੂੰ ਵਾਪਸ ਮੁੜ ਗਏ। ਆਜੜੀ ਇੱਕ ਦੂਜੇ ਨੂੰ ਆਖਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ, ਅਤੇ ਉਸ ਗੱਲ ਨੂੰ ਵੇਖੀਏ ਜਿਸਦੀ ਖਬਰ ਸਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ।” 16ਉਹ ਛੇਤੀ ਹੀ ਚੱਲੇ ਗਏ ਅਤੇ ਉੱਥੇ ਉਨ੍ਹਾਂ ਨੇ ਯੂਸੁਫ਼ ਅਤੇ ਮਰਿਯਮ ਨੂੰ ਵੇਖਿਆ ਅਤੇ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਵੇਖਿਆ। 17ਜਦੋਂ ਆਜੜੀਆਂ ਨੇ ਉਸ ਬਾਲਕ ਨੂੰ ਵੇਖਿਆ ਤਾਂ ਉਨ੍ਹਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬਾਲਕ ਬਾਰੇ ਉਨ੍ਹਾਂ ਨੂੰ ਦਿੱਤਾ ਗਿਆ ਸੀ। 18ਉਹ ਸਾਰੇ ਲੋਕ ਜਿਨ੍ਹਾਂ ਨੇ ਆਜੜੀਆਂ ਦਾ ਸੰਦੇਸ਼ ਸੁਣਿਆ, ਹੈਰਾਨ ਸਨ। 19ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ, ਅਤੇ ਉਨ੍ਹਾਂ ਬਾਰੇ ਲਗਾਤਾਰ ਸੋਚਣਾ ਜਾਰੀ ਰੱਖਿਆ। 20ਆਜੜੀ ਉਹ ਸਭ ਗੱਲਾਂ ਬਾਰੇ ਵੇਖ-ਸੁਣਕੇ ਪਰਮੇਸ਼ੁਰ ਦਾ ਧੰਨਵਾਦ ਤੇ ਉਸਤਤਿ ਕਰਦੇ ਹੋਏ ਆਪਣੇ ਘਰਾਂ ਵੱਲ ਵਾਪਸ ਮੁੜ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ। 21ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋਇਆ, ਤਾਂ ਉਸਦੀ ਸੁੰਨਤ ਹੋਈ ਅਤੇ ਉਸਦਾ ਨਾਮ ਯਿਸੂ ਰੱਖਿਆ ਗਿਆ। ਇਹ ਨਾਮ ਬਾਲਕ ਦੇ ਮਰਿਯਮ ਦੀ ਕੁੱਖ ਚੋਂ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਦੂਤ ਨੇ ਰੱਖਿਆ ਸੀ। 22ਜਦੋਂ ਮਰਿਯਮ ਲਈ ਮੂਸਾ ਦੀ ਸ਼ਰ੍ਹਾ ਮੁਤਾਬਕ ਸ਼ੁੱਧ ਹੋਣ ਦਾ ਸਮਾਂ ਆਇਆ ਤਾਂ ਮਰਿਯਮ ਅਤੇ ਯੂਸੁਫ਼ ਯਿਸੂ ਨੂੰ, ਪ੍ਰਭੂ ਨੂੰ ਸਮਰਪਿਤ ਕਰਨ ਲਈ, ਯਰੂਸ਼ਲਮ ਵਿੱਚ ਲਿਆਏ। 23ਜਿਵੇਂ ਕਿ ਇਹ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ ਕਿ, “ਹਰ ਪਰਿਵਾਰ ਦਾ ਪਹਿਲਾ ਜਨਮਿਆਂ ਨਰ ਬੱਚਾ ‘ਪ੍ਰਭੂ ਨੂੰ ਅਰਪਿਤ ਕੀਤਾ ਜਾਣਾ ਚਾਹੀਦਾ ਹੈ।’” 24ਪ੍ਰਭੂ ਦੇ ਨੇਮ ਤਾਂ ਇਹ ਵੀ ਆਖਦਾ ਹੈ ਕਿ ਤੁਹਾਨੂੰ, “ਦੋ ਘੁੱਗੀਆਂ ਦਾ ਜੋੜਾਂ ਜਾਂ ਦੋ ਕਬੂਤਰਾਂ ਦਾ ਬਲੀਦਾਨ ਜ਼ਰੂਰ ਦੇਣਾ ਚਾਹੀਦਾ ਹੈ।” ਤਾਂ ਯੂਸੁਫ਼ ਅਤੇ ਮਰਿਯਮ ਵੀ ਯਰੂਸ਼ਲਮ ਵਿੱਚ ਇਸੇ ਮਕਸਦ ਲਈ ਗਏ ਸਨ। 25ਉੱਥੇ ਯਰੂਸ਼ਲਮ ਵਿੱਚ ਸਿਮਓਨ ਨਾਉਂ ਦਾ ਇੱਕ ਆਦਮੀ ਸੀ ਜੋ ਕਿ ਧਰਮੀ ਅਤੇ ਚੰਗਾ ਮਨੁੱਖ ਸੀ। ਉਹ ਇਸ ਉਡੀਕ ਵਿੱਚ ਸੀ ਕਿ ਕਦੋਂ ਪਰਮੇਸ਼ੁਰ ਇਸਰਾਏਲ ਨੂੰ ਬਚਾਵੇਗਾ। ਉਸ ਅੰਦਰ ਪਵਿੱਤਰ ਆਤਮਾ ਦਾ ਵਾਸਾ ਸੀ। 26ਸਿਮਓਨ ਨੂੰ ਪਵਿੱਤਰ ਆਤਮਾ ਨੇ ਦੱਸਿਆ ਕਿ ਜਦ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਵੇਖਦਾ ਨਹੀਂ, ਉਹ ਨਹੀਂ ਮਰ ਸੱਕਦਾ। 27ਸਿਮਓਨ ਆਤਮਾ ਦੀ ਅਗਵਾਈ ਨਾਲ ਮੰਦਰ ਵਿੱਚ ਆਇਆ। ਉਸ ਸਮੇਂ ਯੂਸੁਫ਼ ਅਤੇ ਮਰਿਯਮ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਕਰਨ ਲਈ ਮੰਦਰ ਵਿੱਚ ਗਏ। ਉਹ ਬਾਲਕ ਯਿਸੂ ਨੂੰ ਮੰਦਰ ਵਿੱਚ ਲਿਆਏ। 28ਸਿਮਓਨ ਨੇ ਬਾਲਕ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਲੱਗਾ: 29“ਪ੍ਰਭੂ! ਹੁਣ ਤੂੰ ਮੈਨੂੰ ਆਪਣੇ ਵਚਨ ਅਨੁਸਾਰ ਆਪਣੇ ਦਾਸ ਨੂੰ ਸ਼ਾਂਤੀ ਨਾਲ ਮਰ ਜਾਣ ਦੇ। 30ਮੈਂ ਤੇਰੀ ਮੁਕਤੀ ਨੂੰ ਆਪਣੀ ਅੱਖੀਂ ਵੇਖਿਆ ਹੈ। 31ਤੂੰ ਉਸ ਨੂੰ ਸਾਰੀਆਂ ਕੌਮਾਂ ਅੱਗੇ ਤਿਆਰ ਕੀਤਾ ਹੈ। 32ਇਹ ਬਾਲਕ ਗੈਰ-ਯਹੂਦੀਆਂ ਨੂੰ ਤੇਰਾ ਰਸਤਾ ਦਰਸਾਉਣ ਲਈ ਜੋਤ ਹੈ ਅਤੇ ਉਹ ਤੇਰੇ ਇਸਰਾਏਲ ਦੇ ਆਪਣੇ ਲੋਕਾਂ ਲਈ ਮਹਿਮਾ ਹੈ।” 33ਉਸ ਦੇ ਮਾਤਾ-ਪਿਤਾ, ਯਿਸੂ ਬਾਰੇ ਜੋ ਆਖਿਆ ਗਿਆ ਸੀ, ਸੁਣਕੇ ਹੈਰਾਨ ਰਹਿ ਗਏ। 34ਤਦ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਸਦੀ ਮਾਤਾ ਮਰਿਯਮ ਨੂੰ ਆਖਿਆ, “ਇਸ ਬਾਲਕ ਦੇ ਕਾਰਣ ਬਹੁਤ ਸਾਰੇ ਇਸਰਾਏਲੀ ਡਿੱਗਣਗੇ ਅਤੇ ਬਹੁਤ ਸਾਰੇ ਉੱਠਣਗੇ। ਉਹ ਪਰਮੇਸ਼ੁਰ ਵੱਲੋਂ ਇੱਕ ਅਜਿਹਾ ਨਿਸ਼ਾਨ ਹੋਵੇਗਾ ਜਿਸਦਾ ਲੋਕਾਂ ਦੁਆਰਾ ਵਿਰੋਧ ਕੀਤਾ ਜਾਵੇਗਾ। 35ਇਹ ਨਿਸ਼ਾਨ ਬਹੁਤ ਸਾਰੇ ਲੋਕਾਂ ਦੀਆਂ ਸੋਚਾਂ ਨੂੰ ਪ੍ਰਕਾਸ਼ਮਾਨ ਕਰੇਗਾ। ਅਤੇ ਤੂੰ ਵੀ ਬਹੁਤ ਗੰਭੀਰ ਦਰਦ ਅਨੁਭਵ ਕਰੇਂਗਾ ਜਿਵੇਂ ਕਿ ਤਲਵਾਰ ਤੇਰੇ ਦਿਲ ਵਿੱਚ ਧਸ ਰਹੀ ਹੋਵੇ।” 36ਆੱਨਾ ਨਾਉਂ ਦੀ ਇੱਕ ਨਬੀਆ ਸੀ, ਅਤੇ ਉਹ ਅਸ਼ੇਰ ਦੇ ਘਰਾਣੇ ਵਿੱਚੋਂ ਫ਼ਨੂਏਲ ਦੀ ਧੀ ਸੀ। ਉਹ ਬੜੀ ਬਜ਼ੁਰਗ ਸੀ। ਉਹ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ 7 ਸਾਲ ਰਹੀ ਸੀ। 37ਉਹ ਇੱਕ ਵਿਧਵਾ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਸ ਨੇ ਕਦੇ ਮੰਦਰ ਨਹੀਂ ਸੀ ਛੱਡਿਆ। ਉਹ ਵਰਤ ਰੱਖਦੀ ਅਤੇ ਦਿਨ-ਰਾਤ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੀ। 38ਉਸੇ ਵਕਤ ਉਹ ਅੰਦਰ ਆਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ। ਉਸ ਨੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਬਾਲਕ ਬਾਰੇ ਦੱਸਿਆ ਜੋ ਪਰਮੇਸ਼ੁਰ ਦੇ ਇੰਤਜ਼ਾਰ ਵਿੱਚ ਸਨ, ਕਿ ਉਹ ਆਕੇ ਯਰੂਸ਼ਲਮ ਦਾ ਛੁਟਕਾਰਾ ਕਰੇ। 39ਯੂਸੁਫ਼ ਅਤੇ ਮਰਿਯਮ, ਪ੍ਰਭੂ ਦੇ ਨੇਮ ਅਨੁਸਾਰ ਸਭ ਕੁਝ ਕਰਨ ਤੋਂ ਬਾਦ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਆਏ। 40ਬਾਲਕ ਵੱਡਾ ਹੋਇਆ ਅਤੇ ਤਾਕਤਵਰ ਬਣ ਗਿਆ। ਉਹ ਸਿਆਣਪ ਨਾਲ ਭਰਪੂਰ ਸੀ, ਅਤੇ ਪਰਮੇਸ਼ੁਰ ਦੀ ਕਿਰਪਾ ਉਸ ਦੇ ਨਾਲ ਸੀ। 41ਹਰ ਸਾਲ ਯਿਸੂ ਦੇ ਮਾਂ-ਬਾਪ ਪਸਾਹ ਦੇ ਤਿਉਹਾਰ ਤੇ ਯਰੂਸ਼ਲਮ ਜਾਂਦੇ ਹੁੰਦੇ ਸਨ। 42ਜਦ ਯਿਸੂ ਬਾਰ੍ਹਾਂ ਵਰ੍ਹਿਆਂ ਦਾ ਸੀ ਤਾਂ ਉਹ ਹਮੇਸ਼ਾ ਵਾਂਗ ਤਿਉਹਾਰ ਤੇ ਗਏ। 43ਜਦੋਂ ਤਿਉਹਾਰ ਖਤਮ ਹੋ ਗਿਆ ਅਤੇ ਜਦੋਂ ਉਹ ਵਾਪਸ ਘਰ ਪਰਤ ਰਹੇ ਸਨ ਤਾਂ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਠਹਿਰ ਗਿਆ, ਪਰ ਉਸ ਦੇ ਮਾਪੇ ਇਸ ਬਾਰੇ ਨਹੀਂ ਜਾਣਦੇ ਸਨ। 44ਇਹ ਸੋਚਕੇ ਕਿ ਉਹ ਯਾਤਰੀਆਂ ਦੇ ਸਮੂਹ ਵਿੱਚ ਹੀ ਹੋਵੇਗਾ ਉਹ ਸਾਰਾ ਦਿਨ ਸਫ਼ਰ ਕਰਦੇ ਰਹੇ, ਤਾਂ ਕੁਝ ਦੇਰ ਬਾਦ ਉਨ੍ਹਾਂ ਨੇ ਉਸ ਨੂੰ ਆਪਣੇ ਨਜ਼ਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਲੱਭਣਾ ਸ਼ੁਰੂ ਕੀਤਾ। 45ਫ਼ੇਰ ਜਦੋਂ ਉਹ ਉਸ ਨੂੰ ਨਾ ਲੱਭ ਸੱਕੇ ਤਾਂ ਉਹ ਉਸ ਨੂੰ ਲੱਭਦੇ ਹੋਏ ਯਰੂਸ਼ਲਮ ਵਾਪਸ ਚੱਲੇ ਗਏ। 46ਤਿੰਨਾਂ ਦਿਨਾਂ ਬਾਦ ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚ ਗੁਰੂਆਂ ਵਿੱਚਕਾਰ ਬੈਠਿਆਂ, ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਨੂੰ ਪ੍ਰਸ਼ਨ ਪੁੱਛਦਿਆਂ ਲੱਭਿਆ। 47ਸਭ ਸੁਣਨ ਵਾਲੇ ਉਸ ਦੇ ਸਵਾਲਾਂ-ਜਵਾਬਾਂ ਅਤੇ ਸਮਝ ਨੂੰ ਵੇਖਕੇ ਹੈਰਾਨ ਹੋ ਰਹੇ ਸਨ। 48ਜਦੋਂ ਯਿਸੂ ਦੇ ਮਾਪਿਆਂ ਨੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਉਸਦੀ ਮਾਤਾ ਨੇ ਉਸ ਨੂੰ ਆਖਿਆ, “ਪੁੱਤਰ, ਤੂੰ ਸਾਡੇ ਨਾਲ ਇੰਝ ਕਿਉਂ ਕੀਤਾ? ਤੇਰੇ ਪਿਤਾ ਅਤੇ ਮੈਂ ਤੇਰੇ ਲਈ ਕਿੰਨੇ ਫ਼ਿਕਰਮੰਦ ਸਾਂ, ਅਤੇ ਤੈਨੂੰ ਲੱਭ ਰਹੇ ਸਾਂ।” 49ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੈਨੂੰ ਮੇਰੇ ਪਿਤਾ ਦੇ ਘਰ ਵਿੱਚ ਹੋਣਾ ਚਾਹੀਦਾ ਸੀ।” 50ਪਰ ਉਹ ਯਿਸੂ ਦੇ ਉੱਤਰ ਨੂੰ ਨਾ ਸਮਝ ਸੱਕੇ। 51ਤਾਂ ਯਿਸੂ ਆਪਣੇ ਮਾਪਿਆਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਜੋ ਉਹ ਕਹਿੰਦੇ ਰਹੇ ਉਨ੍ਹਾਂ ਦਾ ਹੁਕਮ ਮੰਨਦਾ ਰਿਹਾ। ਉਸਦੀ ਮਾਤਾ ਨੇ ਇਹ ਸਭ ਗੱਲਾਂ ਧਿਆਨ ਨਾਲ ਆਪਣੇ ਦਿਲ ਵਿੱਚ ਰੱਖੀਆਂ। 52ਯਿਸੂ ਸਿਆਣਪ ਅਤੇ ਸ਼ਰੀਰਕ ਤੌਰ ਤੇ ਵੱਧਿਆ, ਅਤੇ ਉਸ ਨੂੰ ਪਰਮੇਸ਼ੁਰ ਅਤੇ ਲੋਕਾਂ ਦੋਨਾਂ ਵੱਲੋਂ ਕਿਰਪਾ ਪ੍ਰਾਪਤ ਸੀ।

will be added

X\