ਯੂਹੰਨਾ 9

1ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਆਦਮੀ ਵੇਖਿਆ। ਇਹ ਆਦਮੀ ਜਨਮ ਤੋਂ ਹੀ ਅੰਨ੍ਹਾ ਸੀ। 2ਯਿਸੂ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਗੁਰੂ, ਇਹ ਆਦਮੀ ਜਨਮ ਤੋਂ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੁਆਰਾ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਣ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਣ?” 3ਯਿਸੂ ਨੇ ਆਖਿਆ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦਾ ਨਤੀਜਾ ਨਹੀਂ ਹੈ। ਪਰ ਇਹ ਚੰਗਾ ਹੋਕੇ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ। 4ਸਾਨੂੰ ਉਸ ਪਰਮੇਸ਼ੁਰ ਦਾ ਕਾਰਜ, ਦਿਨ ਰਹਿੰਦਿਆਂ ਕਰਨਾ ਚਾਹੀਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂ ਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸੱਕਦਾ। 5ਜਦ ਤੀਕ ਮੈਂ ਦੁਨੀਆਂ ਵਿੱਚ ਹਾਂ ਮੈਂ ਦੁਨੀਆਂ ਲਈ ਚਾਨਣ ਹਾਂ।” 6ਇਹ ਕਹਿਣ ਤੋਂ ਬਾਦ, ਯਿਸੂ ਨੇ ਜ਼ਮੀਨ ਤੇ ਥੁੱਕਿਆ ਅਤੇ ਇਸ ਨਾਲ ਥੋੜ੍ਹੀ ਮਿੱਟੀ ਗਿਲੀ ਕੀਤੀ ਤੇ ਉਸ ਨਾਲ ਉਸ ਅੰਨ੍ਹੇ ਮਨੁੱਖ ਦੀ ਅੱਖ ਤੇ ਲੇਪਿਆ। 7ਯਿਸੂ ਨੇ ਉਸ ਮਨੁੱਖ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,”(ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ।”) ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਦ ਵਾਪਸ ਪਰਤਿਆ। ਹੁਣ ਉਸ ਨੂੰ ਸਭ ਵਿਖਦਾ ਸੀ। 8ਜਿਨ੍ਹਾਂ ਲੋਕਾਂ ਨੇ ਇਸ ਨੂੰ ਭੀਖ ਮੰਗਦਿਆਂ ਵੇਖਿਆ ਸੀ। ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਇੱਕ ਨਹੀਂ ਜਿਹੜਾ ਬੈਠਕੇ ਭੀਖ ਮੰਗਦਾ ਹੁੰਦਾ ਸੀ।” 9ਕੁਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ।” ਪਰ ਦੂਜੇ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਆਦਮੀ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ।” ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਆਦਮੀ ਹਾਂ।” 10ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ? ਤੈਨੂੰ ਤੇਰੀ ਦ੍ਰਿਸ਼ਟੀ ਕਿਵੇਂ ਪ੍ਰਾਪਤ ਹੋਈ?” 11ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮੀਂ ਆਦਮੀ ਨੇ ਕੁਝ ਮਿੱਟੀ ਮੇਰੀਆਂ ਅੱਖਾਂ ਉੱਤੇ ਲਾਈ। ਉਸ ਨੇ ਮੈਨੂੰ ਸਿਲੋਮਾਨ ਕੁੰਡ ਤੇ ਧੋਣ ਵਾਸਤੇ ਜਾਣ ਲਈ ਕਿਹਾ। ਜਦ ਮੈਂ ਸਿਲੋਮਾਨ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਸੀ।” 12ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ?” ਮਨੁੱਖ ਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ।” 13ਜਦੋਂ ਲੋਕ ਉਸ ਆਦਮੀ ਨੂੰ, “ਫ਼ਰੀਸੀਆਂ ਕੋਲ ਲਿਆਏ, ਜੋ ਪਹਿਲਾਂ ਅੰਨ੍ਹਾ ਸੀ। 14ਯਿਸੂ ਨੇ ਗਾਰਾ ਬਣਾਕੇ ਉਸ ਆਦਮੀ ਦੀਆਂ ਅੱਖਾਂ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ।” 15ਤਾਂ ਇਸ ਵਾਰੀ ਫ਼ਰੀਸੀਆਂ ਨੇ ਉਸ ਮਨੁੱਖ ਨੂੰ ਪੁੱਛਿਆ, “ਤੈਨੂੰ ਆਪਣੀ ਦ੍ਰਿਸ਼ਟੀ ਕਿਵੇਂ ਮਿਲੀ?” ਮਨੁੱਖ ਨੇ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਤੇ ਚਿੱਕੜ ਲਾਇਆ, ਮੈਂ ਅੱਖਾਂ ਧੋਤੀਆਂ ਅਤੇ ਹੁਣ ਮੈਂ ਵੇਖ ਸੱਕਦਾ ਹਾਂ।” 16ਕੁਝ ਫ਼ਰੀਸੀਆਂ ਨੇ ਆਖਿਆ, “ਇਹ ਮਨੁੱਖ ਪਰਮੇਸ਼ੁਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਦੇ ਨੇਮ ਨੂੰ ਵੀ ਨਹੀਂ ਰੱਖ ਰਿਹਾ। ਇਸ ਲਈ ਉਹ ਪਰਮੇਸ਼ੁਰ ਵੱਲੋਂ ਨਹੀਂ ਹੈ।” ਕੁਝ ਇੱਕ ਹੋਰ ਲੋਕਾਂ ਨੇ ਆਖਿਆ, “ਕੀ ਇੱਕ ਪਾਪੀ ਆਦਮੀ ਅਜਿਹੇ ਕਰਿਸ਼ਮੇ ਕਰ ਸੱਕਦਾ ਹੈ।” ਯਹੂਦੀ ਇਸ ਗੱਲ ਉੱਪਰ ਆਪਸ ਵਿੱਚ ਸਹਿਮਤ ਨਾ ਹੋਏ। 17ਯਹੂਦੀਆਂ ਦੇ ਆਗੂਆਂ ਨੇ ਉਸ ਆਦਮੀ ਨੂੰ ਦੁਬਾਰਾ ਪੁੱਛਿਆ, “ਉਹ ਮਨੁੱਖ ਜਿਸਨੇ ਤੈਨੂੰ ਰਾਜ਼ੀ ਕੀਤਾ, ਜਿਸ ਕਰਕੇ ਹੁਣ ਤੂੰ ਵੇਖ ਸੱਕਦਾ ਹੈ। ਤੂੰ ਉਸ ਆਦਮੀ ਬਾਰੇ ਕੀ ਆਖਦਾ ਹੈ?” ਉਸ ਆਦਮੀ ਨੇ ਕਿਹਾ, “ਉਹ ਇੱਕ ਨਬੀ ਹੈ।” 18ਜਦੋਂ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਸੱਦਿਆ ਯਹੂਦੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਰਾਜ਼ੀ ਕੀਤਾ ਗਿਆ ਸੀ। 19ਯਹੂਦੀਆਂ ਨੇ ਉਸ ਦੇ ਮਾਂ-ਬਾਪ ਨੂੰ ਪੁੱਛਿਆ, “ਕੀ ਇਹ ਮਨੁੱਖ ਤੁਹਾਡਾ ਪੁੱਤਰ ਹੈ? ਤੁਸੀਂ ਆਖਦੇ ਹੋ ਕਿ ਇਹ ਅੰਨ੍ਹਾ ਜਨਮਿਆਂ ਸੀ ਤਾਂ ਇਹ ਹੁਣ ਕਿਵੇਂ ਵੇਖ ਸੱਕਦਾ ਹੈ?” 20ਉਸ ਦੇ ਮਾਪਿਆਂ ਨੇ ਆਖਿਆ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਜਦੋਂ ਇਹ ਜਨਮਿਆਂ ਸੀ ਤਾਂ ਅੰਨ੍ਹਾ ਸੀ। 21ਪਰ ਸਾਨੂੰ ਇਹ ਨਹੀਂ ਪਤਾ ਕਿ ਹੁਣ ਇਸ ਨੂੰ ਕਿਵੇਂ ਦਿਸਦਾ ਹੈ। ਅਸੀਂ ਨਹੀਂ ਜਾਣਦੇ ਕਿ ਉਸਦੀਆਂ ਅੱਖਾਂ ਕਿਸਨੇ ਚੰਗੀਆਂ ਕੀਤੀਆਂ ਹਨ। ਤੁਸੀਂ ਉਸ ਨੂੰ ਪੁੱਛੋ। ਉਹ ਬੱਚਾ ਨਹੀਂ ਹੈ ਵੱਡਾ ਹੈ ਅਤੇ ਉਹ ਆਪਣੇ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸੱਕਦਾ ਹੈ।” 22ਉਸ ਦੇ ਮਾਪਿਆਂ ਨੇ ਇਹ ਇਸ ਲਈ ਆਖਿਆ, ਕਿਉ ਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ। ਯਹੂਦੀ ਆਗੂਆਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਸਥਾਨ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ। 23ਇਸੇ ਲਈ ਉਸ ਦੇ ਮਾਪਿਆਂ ਨੇ ਆਖਿਆ, “ਉਹ ਕਾਫ਼ੀ ਸਿਆਣਾ ਹੈ, ਉਸ ਨੂੰ ਹੀ ਪੁੱਛ ਲਵੋ।” 24ਯਹੂਦੀ ਆਗੂਆਂ ਨੇ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ।” 25ਉਸ ਮਨੁੱਖ ਨੇ ਆਖਿਆ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ। ਮੈਂ ਸਿਰਫ਼ ਇੱਕ ਹੀ ਗਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖ ਸੱਕਦਾ ਹਾਂ।” 26ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਕਿਵੇਂ ਤੇਰੀਆਂ ਅੱਖਾਂ ਚੰਗੀਆਂ ਕੀਤੀਆਂ?” 27ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?” 28ਯਹੂਦੀਆਂ ਦੇ ਆਗੂ ਬੜੇ ਕਰੋਧ ਵਿੱਚ ਆਏ ਅਤੇ ਫਿਰ ਉਸ ਆਦਮੀ ਨੂੰ ਬੜਾ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਆਦਮੀ ਦਾ ਚੇਲਾ ਹੈ। ਤੇ ਅਸੀਂ ਮੂਸਾ ਦੇ ਚੇਲੇ ਹਾਂ। 29ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਆਦਮੀ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ।” 30ਉਸ ਮਨੁੱਖ ਨੇ ਕਿਹਾ, “ਇਹ ਬੜੀ ਅਜੀਬ ਗੱਲ ਹੈ। ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ। ਪਰ ਇਸਨੇ ਮੇਰੀਆਂ ਅੱਖਾਂ ਰਾਜੀ ਕੀਤੀਆਂ ਹਨ। 31ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਵਿਅਕਤੀ ਨੂੰ ਸੁਣਦਾ ਹੈ ਜੋ ਸ਼ਰਧਾਲੂ ਹੈ ਅਤੇ ਉਸ ਦੇ ਹੁਕਮਾਂ ਦਾ ਆਗਿਆਕਾਰੀ ਹੈ। 32ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਆਦਮੀ ਦੀਆਂ ਅੱਖਾਂ ਚੰਗੀਆਂ ਕੀਤੀਂ ਹੋਣ। 33ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ। ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹੀ ਗੱਲ ਕਰਨ ਯੋਗ ਨਾ ਹੁੰਦਾ।” 34ਯਹੂਦੀਆਂ ਦੇ ਆਗੂਆਂ ਨੇ ਜਵਾਬ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ। ਕੀ ਤੂੰ ਸਾਨੂੰ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?” ਫਿਰ ਉਨ੍ਹਾਂ ਨੇ ਉਸ ਨੂੰ ਚੱਲੇ ਜਾਣ ਲਈ ਕਿਹਾ। 35ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਇੱਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਆਦਮੀ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?” 36ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ। ਮੈਨੂੰ ਦੱਸੋ ਤਾਂ ਜੋ ਮੈਂ ਉਸ ਵਿੱਚ ਵਿਸ਼ਵਾਸ ਕਰ ਸੱਕਾਂ।” 37ਮਨੁਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ।” 38ਮਨੁਖ ਨੇ ਆਖਿਆ, “ਪ੍ਰਭੂ! ਮੈਂ ਨਿਹਚਾ ਕਰਦਾ ਹਾਂ। ਤੇ ਫਿਰ ਉਸ ਆਦਮੀ ਨੇ ਝੁਕ ਕੇ ਯਿਸੂ ਨੂੰ ਮੱਥਾ ਟੇਕਿਆ।” 39ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਜਗਤ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖ ਸੱਕਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖ ਸੱਕਦੇ ਹਨ ਅੰਨ੍ਹੇ ਹੋ ਜਾਣ।” 40ਕੁਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆਂ ਅਤੇ ਆਖਿਆ, “ਕੀ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ?” 41ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਤੁਸੀਂ ਆਖਦੇ ਹੋ, ਅਸੀਂ ਵੇਖ ਸੱਕਦੇ ਹਾਂ, ਇਸ ਲਈ ਤੁਸੀਂ ਦੋਸ਼ੀ ਹੋਣਾ ਜਾਰੀ ਰੱਖਦੇ ਹੋ।”

will be added

X\