ਯੂਹੰਨਾ 16

1“ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸੀਆਂ ਹਨ ਤਾਂ ਜੋ ਤੁਹਾਡਾ ਵਿਸ਼ਵਾਸ ਦ੍ਰਿੜ ਰਹਿ ਸੱਕੇ। 2ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾਂ ਤੋਂ ਬਾਹਰ ਕੱਢਣਗੇ। ਹਾਂ, ਵਕਤ ਆ ਰਿਹਾ ਹੈ ਜਦੋਂ ਲੋਕ ਇਹ ਸੋਚਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ। 3ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਜਾਂ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ। 4ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਕਹੀਆਂ ਹਨ, ਤਾਂ ਜੋ ਜਦੋਂ ਇਨ੍ਹਾਂ ਗੱਲਾਂ ਦੇ ਪੂਰਣ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਚਿਤਾਵਨੀ ਦਿੱਤੀ ਸੀ। “ਇਹ ਗੱਲਾਂ ਮੈਂ ਤੁਹਾਨੂੰ ਮੁਢੋਂ ਹੀ ਨਹੀਂ ਸੀ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। 5ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸਨੇ ਮੈਨੂੰ ਘੱਲਿਆ ਸੀ ਪਰ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾ ਰਿਹਾ ਹੈ। 6ਤੁਹਾਡੇ ਦਿਲ ਦੁੱਖ ਨਾਲ ਭਰਪੂਰ ਹਨ ਕਿਉਂਕਿ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਦੱਸੀਆਂ ਹਨ। 7ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜਦੋਂ ਮੈਂ ਚੱਲਾ ਜਾਵਾਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ। ਪਰ ਜੇਕਰ ਮੈਂ ਨਾ ਜਾਵਾਂ, ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ। 8“ਜਦੋਂ ਸਹਾਇਕ ਆਵੇਗਾ, ਉਹ ਇਸ ਦੁਨੀਆਂ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਗਲਤ ਹਨ। 9ਕਿਉਂ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਸਹਾਇਕ ਸਾਬਤ ਕਰੇਗਾ ਕਿ ਲੋਕ ਪਾਪ ਦੇ ਬਾਰੇ ਦੋਸ਼ੀ ਹਨ। 10ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਬਾਰੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾ ਰਿਹਾ ਹਾਂ। ਫ਼ੇਰ ਤੁਸੀਂ ਮੈਨੂੰ ਵੱਧੇਰੇ ਨਹੀਂ ਵੇਖ ਸੱਕੋਂਗੇ। 11ਸਹਾਇਕ ਇਸ ਦੁਨੀਆਂ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂੇ ਦੇ ਬਾਰੇ ਗਲਤ ਹਨ, ਕਿਉਂਕਿ ਇਸ ਦੁਨੀਆਂ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ। 12“ਮੇਰੇ ਕੋਲ ਹੋਰ ਵੀ ਤੁਹਾਨੂੰ ਦੱਸਣ ਲਈ ਬਹੁਤ ਕੁਝ ਹੈ, ਪਰ ਇਸ ਵੇਲੇ ਤੁਹਾਡੇ ਲਈ ਉਨ੍ਹਾਂ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੈ। 13ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ। ਉਹ ਉਹੀ ਦੱਸੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ, ਦੱਸੇਗਾ ਕਿ ਕੀ ਵਾਪਰੇਗਾ। 14ਸਚਿਆਈ ਦਾ ਆਤਮਾ ਮੈਨੂੰ ਮਹਿਮਾ ਲਿਆਵੇਗਾ। ਕਿਵੇਂ? ਉਹ ਮੇਰੇ ਕੋਲੋਂ ਚੀਜ਼ਾਂ ਲਵੇਗਾ ਅਤੇ ਤੁਹਾਨੂੰ ਪ੍ਰਕਾਸ਼ਿਤ ਕਰੇਗਾ। 15ਉਹ ਸਭ ਕੁਝ ਜੋ ਪਿਤਾ ਨਾਲ ਸੰਬੰਧਿਤ ਹੈ, ਮੇਰਾ ਹੈ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਆਤਮਾ ਮੇਰੇ ਕੋਲੋਂ ਗੱਲਾਂ ਲਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਅੱਗੇ ਪ੍ਰਗਟ ਕਰੇਗਾ। 16“ਥੋੜੀ ਦੇਰ ਬਾਦ ਤੁਸੀਂ ਮੈਨੂੰ ਨਹੀਂ ਵੇਖੋਂਗੇ। ਉਸ ਤੋਂ ਕੁਝ ਦੇਰ ਬਾਦ, ਤੁਸੀਂ ਮੈਨੂੰ ਫ਼ੇਰ ਵੇਖੋਂਗੇ।” 17ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, “ਯਿਸੂ ਦਾ ਇਸਤੋਂ ਕੀ ਭਾਵ ਹੈ ਜਦੋਂ ਉਹ ਕਹਿੰਦਾ ਕਿ, ‘ਕੁਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁਝ ਦੇਰ ਬਾਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ?’ ਅਤੇ ਇਸਤੋਂ ਕੀ ਭਾਵ? ਕਿ ਜਦੋਂ ਉਹ ਕਹਿੰਦਾ, ‘ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ?’” 18ਤਾਂ ਉਨ੍ਹਾਂ ਨੇ ਪੁੱਛਿਆ, “‘ਥੋੜੀ ਦੇਰ’ ਤੋਂ ਉਸਦਾ ਕੀ ਭਾਵ ਹੈ? ਜੋ ਉਹ (ਯਿਸੂ) ਆਖਦਾ ਹੈ ਅਸੀਂ ਨਹੀਂ ਸਮਝੇ।” 19ਯਿਸੂ ਨੇ ਵੇਖਿਆ ਕਿ ਚੇਲੇ ਉਸ ਨੂੰ ਇਸ ਬਾਬਤ ਕੁਝ ਪੁੱਛਣਾ ਚਾਹੁੰਦੇ ਹਨ ਤਾਂ ਯਿਸੂ ਨੇ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਇਸ ਬਾਰੇ ਪੁੱਛ ਰਹੇ ਹੋ ਕਿ ਜੋ ਮੈਂ ਆਖਿਆ, ‘ਕੀ ਚਿਰ ਬਾਦ, ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜੇ ਜਿਹੇ ਚਿਰ ਬਾਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ?’ 20ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਦੁਨੀਆਂ ਖੁਸ਼ ਹੋਵੇਗੀ। ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲੇਗੀ। 21“ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਦਰਦ ਮਹਿਸੂਸ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ। ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਦ ਉਹ ਇਸ ਖੁਸ਼ੀ ਕਾਰਣ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜਨਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ। 22ਤੁਹਾਡੇ ਨਾਲ ਵੀ ਇਵੇਂ ਹੀ ਹੈ। ਹੁਣ ਤੁਸੀਂ ਉਦਾਸ ਹੋ। ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਥੋਂ ਕੋਈ ਨਹੀਂ ਖੋਹ ਸੱਕਦਾ। 23ਅਤੇ ਉਸ ਦਿਨ ਤੁਸੀਂ ਮੇਰੇ ਤੇ ਕੋਈ ਸਵਾਲ ਨਹੀਂ ਕਰੋਂਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਂ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ। 24ਅਜੇ ਤੱਕ ਤੁਸੀਂ ਮੇਰੇ ਨਾਂ ਵਿੱਚ ਕੁਝ ਨਹੀਂ ਮੰਗਿਆ। ਮੰਗੋ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਭਰਪੂਰ ਹੋਵੇਗੀ। 25“ਮੈਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਸੰਕੇਤਕ ਭਾਸ਼ਾ ਇਸਤੇਮਾਲ ਕੀਤੀ ਹੈ। ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁਝ ਵੀ ਦੱਸਣ ਲਈ ਸੰਕੇਤਕ ਟਿੱਪਣੀ ਦਾ ਇਸਤੇਮਾਲ ਨਹੀਂ ਕਰਾਂਗਾ। ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗ਼ਾ। 26ਇਸ ਦਿਨ ਤੁਸੀਂ ਮੇਰੇ ਨਾਂ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਲਈ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਮੈਂ ਤੁਹਾਡੇ ਲਈ ਪਿਤਾ ਅੱਗੇ ਮੰਗਾਂ। 27ਨਹੀਂ, ਪਿਤਾ ਆਪਣੇ-ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂ ਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ। 28ਮੈਂ ਪਿਤਾ ਵੱਲੋਂ ਇਸ ਜਗਤ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾ ਰਿਹਾ ਹਾਂ।” 29ਤਦ ਯਿਸੂ ਦੇ ਚੇਲਿਆਂ ਨੇ ਆਖਿਆ, “ਵੇਖ, ਹੁਣ ਤੂੰ ਸਪੱਸ਼ਟ ਬੋਲ ਰਿਹਾ ਹੈ ਅਤੇ ਤੂੰ ਸੰਕੇਤਕ ਟਿੱਪਣੀ ਇਸਤੇਮਾਲ ਨਹੀਂ ਕਰ ਰਿਹਾ। 30ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਸਭ ਕੁਝ ਪਤਾ ਹੈ, ਤੂੰ ਕਿਸੇ ਦੇ ਸਵਾਲ ਕੀਤੇ ਬਗੈਰ ਹੀ ਜਵਾਬ ਦੇ ਸੱਕਦਾ ਹੈ। ਇਸੇ ਲਈ, ਸਾਨੂੰ ਵਿਸ਼ਵਾਸ ਹੈ ਕਿ ਤੂੰ ਪਰਮੇਸ਼ੁਰ ਵੱਲੋਂ ਆਇਆ ਹੈਂ।” 31ਯਿਸੂ ਨੇ ਆਖਿਆ, “ਤਾਂ ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?” 32ਮੈਨੂੰ ਧਿਆਨ ਨਾਲ ਸੁਣੋ, ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰੀਂ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇੱਕਲਾ ਛੱਡ ਦੇਵੋਂਗੇ। ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਤਾਂ ਵੀ ਮੈਂ ਇੱਕਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ। 33“ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਰਾਹੀਂ ਸ਼ਾਂਤੀ ਪਾ ਸੱਕੋਂ। ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਸਲਾ ਰੱਖੋ ਮੈਂ ਜਗਤ ਨੂੰ ਜਿੱਤ ਲਿਆ ਹੈ।”

will be added

X\