ਯੂਹੰਨਾ 15

1ਯਿਸੂ ਨੇ ਆਖਿਆ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ। 2ਹਰ ਉਹ ਟਹਿਣੀ ਜਿਹੜੀ ਫਲ ਨਹੀਂ ਦਿੰਦੀ, ਉਹ ਕੱਟ ਸੁੱਟਦਾ ਹੈ। ਉਹ ਹਰ ਟਹਿਣੀ ਨੂੰ ਚੰਗੀ ਤਰ੍ਹਾਂ ਛਾਂਗਦਾ, ਜਿਹੜੀ ਫਲ ਦਿੰਦੀ ਹੈ ਅਤੇ ਉਸ ਨੂੰ ਸਾਫ਼ ਕਰਦਾ ਹੈ ਤਾਂ ਜੋ ਉਹ ਹੋਰ ਵੱਧੇਰੇ ਫਲ ਪੈਦਾ ਕਰੇ। 3ਤੁਸੀਂ ਪਹਿਲਾਂ ਹੀ ਮੇਰੇ ਦਿੱਤੇ ਹੋਏ ਉਪਦੇਸ਼ ਦੁਆਰਾ ਸਾਫ਼ ਹੋਂ। 4ਮੇਰੇ ਵਿੱਚ ਸਥਿਰ ਰਹੋ ਅਤੇ ਮੈਂ ਤੁਹਾਡੇ ਵਿੱਚ ਸਥਿਰ ਰਹਾਂਗਾ। ਕੋਈ ਵੀ ਟਹਿਣੀ ਆਪਣੇ-ਆਪ ਫ਼ਲ ਨਹੀਂ ਦੇ ਸੱਕਦੀ। ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਸਥਿਰ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਕਰਨ ਦੇ ਯੋਗ ਨਹੀਂ ਹੋਵੋਂਗੇ। 5“ਅੰਗੂਰਾਂ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮਨੁੱਖ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਮਨੁੱਖ ਅਨੇਕਾਂ ਫ਼ਲ ਦੇਵੇਗਾ ਪਰ ਮੈਥੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸੱਕਦੇ। 6ਜੇਕਰ ਕੋਈ ਮੇਰੇ ਵਿੱਚ ਸਥਿਰ ਨਹੀਂ ਰਹਿੰਦਾ, ਉਹ ਇੱਕ ਟਹਿਣੀ ਦੀ ਤਰ੍ਹਾਂ ਹੈ ਜੋ ਕਿ ਬਾਹਰ ਸੁੱਟਿਆ ਗਿਆ ਹੈ। ਅਤੇ ਸੁੱਕ ਗਿਆ ਹੈ। ਅਜਿਹੀਆਂ ਟਹਿਣੀਆਂ ਨੂੰ ਲੋਕੀ ਅੱਗ ਵਿੱਚ ਸੁੱਟ ਦਿੰਦੇ ਹਨ। 7ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਸਿੱਖਿਆਵਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦਿੱਤਾ ਜਾਵੇਗ਼ਾ। 8ਤੁਹਾਨੂੰ ਵੱਧੇਰੇ ਫ਼ਲ ਪੈਦਾ ਕਰਨੇ ਚਾਹੀਦੇ ਹਨ ਅਤੇ ਸਾਬਿਤ ਕਰੋ ਕਿ ਤੁਸੀਂ ਮੇਰੇ ਚੇਲੇ ਹੋ। ਇਸ ਰਾਹੀਂ ਮੇਰੇ ਪਿਤਾ ਦੀ ਮਹਿਮਾ ਹੋਵੇਗੀ। 9“ਜਿਵੇਂ ਕਿ ਮੇਰਾ ਪਿਤਾ ਮੈਨੂੰ ਪਿਆਰ ਕਰਦਾ ਮੈਂ ਤੁਹਾਨੂੰ ਪਿਆਰ ਕੀਤਾ। ਇਸ ਲਈ ਤੁਸੀਂ ਮੇਰੇ ਪਿਆਰ ਚ ਸਥਿਰ ਰਹੋ। 10ਮੈਂ ਆਪਣੇ ਪਿਤਾ ਦੇ ਹੁਕਮਾਂ ਦਾ ਪਾਲਣ ਕੀਤਾ ਹੈ ਅਤੇ ਮੈਂ ਉਸ ਦੇ ਪਿਆਰ ਵਿੱਚ ਸਥਿਰ ਰਿਹਾ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਸਥਿਰ ਰਹੋਂਗੇ। 11ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਸਥਿਰ ਰਹਿ ਸੱਕੇ ਅਤੇ ਤੁਹਾਡੀ ਪ੍ਰਸੰਨਤਾ ਸੰਪੂਰਣ ਪ੍ਰਸੰਨਤਾ ਹੋ ਸੱਕੇ। 12ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। 13ਦੋਸਤ ਲਈ ਮਰਨਾ ਮਹਾਨ ਪਿਆਰ ਹੈ, ਜੋ ਕੋਈ ਵਿਅਕਤੀ ਦਰਸ਼ਾ ਸੱਕਦਾ ਹੈ। 14ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। 15ਮੈਂ ਤੁਹਾਨੂੰ ਹੁਣ ਹੋਰ ਨੌਕਰ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ। ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ। 16“ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਭੇਜਿਆ ਤਾਂ ਕਿ ਤੁਸੀਂ ਜਾਵੋਂ ਅਤੇ ਫਲ ਪੈਦਾ ਕਰ ਸੱਕੋਂ। ਮੇਰੀ ਇੱਛਾ ਇਹ ਹੈ ਕਿ ਤੁਹਾਡਾ ਫ਼ਲ ਹਮੇਸ਼ਾ ਤੁਹਾਡੇ ਜੀਵਨ ਵਿੱਚ ਰਹੇ। ਤਾਂ ਜੋ ਕੁਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇ ਸੱਕੇ। 17ਇੱਕ ਦੂਜੇ ਨਾਲ ਪ੍ਰੇਮ ਕਰੋ, ਇਹੀ ਮੇਰਾ ਤੁਹਾਨੂੰ ਹੁਕਮ ਹੈ। 18“ਜੇਕਰ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਦੁਨੀਆਂ ਨੇ ਮੈਨੂੰ ਵੀ ਨਫ਼ਰਤ ਕੀਤੀ ਸੀ। 19ਜੇਕਰ ਤੁਸੀਂ ਦੁਨੀਆਂ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦੀ। ਪਰ ਤੁਸੀਂ ਦੁਨੀਆਂ ਦੇ ਨਹੀਂ ਹੋ ਕਿਉਂ ਮੈਂ ਤੁਹਾਨੂੰ ਇਸ ਦੁਨੀਆਂ ਵਿੱਚੋਂ ਚੁਣਿਆ ਹੈ ਇਸੇ ਕਾਰਣ ਦੁਨੀਆਂ ਨੇ ਤੁਹਾਨੂੰ ਨਫ਼ਰਤ ਕੀਤੀ। 20“ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਤਸੀਹੇ ਦੇਣਗੇ। ਜੇਕਰ ਉਨ੍ਹਾਂ ਨੇ ਮੇਰੇ ਉਪਦੇਸ਼ ਨੂੰ ਮੰਨਿਆ, ਉਹ ਤੁਹਾਡੇ ਉਪਦੇਸ਼ ਦੀ ਵੀ ਪਾਲਣਾ ਕਰਣਗੇ। 21ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਣਗੇ ਕਿਉਂ ਕਿ ਉਹ ਉਸ ਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ। 22ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀ ਹੈ। 23“ਉਹ ਵਿਅਕਤੀ ਜੋ ਮੈਨੂੰ ਨਫ਼ਰਤ ਕਰਦਾ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ। 24ਉਨ੍ਹਾਂ ਵਿੱਚਕਾਰ, ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਵੀ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੈਨੂੰ, ਇੱਥੋਂ ਤੱਕ ਕਿ ਮੇਰੇ ਪਿਤਾ ਨੂੰ ਵੀ, ਨਫ਼ਰਤ ਕਰਦੇ ਹਨ। 25ਪਰ ਇਹ ਇਸ ਲਈ ਹੋਇਆ ਹੈ ਕਿਉਂ ਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਪੂਰੀ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’ 26“ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ। ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਤੋਂ ਆਉਂਦਾ ਹੈ। ਜਦੋਂ ਉਹ ਆਵੇਗਾ ਤਾਂ ਉਹ ਮੇਰੇ ਪੱਖ ਵਿੱਚ ਗਵਾਹੀ ਦੇਵੇਗਾ। 27ਅਤੇ ਤੁਸੀਂ ਵੀ ਲੋਕਾਂ ਨੂੰ ਮੇਰੇ ਬਾਰੇ ਗਵਾਹੀ ਦਿਉਂਗੇ ਕਿਉਂਕਿ ਤੁਸੀਂ ਮੁਢ ਤੋਂ ਮੇਰੇ ਨਾਲ ਸੀ।

will be added

X\