ਯਾਕੂਬ 1

1ਇਹ ਪੱਤਰ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਸੇਵਕ ਯਾਕੂਬ ਵੱਲੋਂ, ਦੁਨੀਆਂ ਵਿੱਚ ਹਰ ਥਾਂ ਖਿੱਲਰੇ ਹੋਏ ਪਰਮੇਸ਼ੁਰ ਦੇ ਲੋਕਾਂ ਨੂੰ ਲਿਖਿਆ ਗਿਆ ਹੈ; ਸ਼ੁਭਕਾਮਨਾਵਾਂ। 2ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਕਈ ਤਰ੍ਹਾਂ ਦੇ ਕਸ਼ਟਾਂ ਦਾ ਸਾਹਮਣਾ ਕਰੋਂਗੇ। ਪਰ ਜਦੋਂ ਇਹ ਗੱਲਾਂ ਵਾਪਰਨ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। 3ਕਿਉਂ? ਕਿਉਂ ਕਿ ਤੁਸੀਂ ਜਾਣਦੇ ਹੋ ਕਿ ਇਹ ਸਭ ਗੱਲਾਂ ਤੁਹਾਡੀ ਨਿਹਚਾ ਨੂੰ ਪਰੱਖਣ ਲਈ ਵਾਪਰੀਆਂ ਹਨ ਤਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਸਬਰ ਨਾਲ ਸਹਿਨ ਕਰਨਾ ਸਿੱਖ ਲਵੋਂ। 4ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਵਿੱਚ ਪੂਰਨ ਤੌਰ ਤੇ ਸਬਰ ਦਰਸ਼ਾਓ। ਫ਼ੇਰ ਤੁਸੀਂ ਸਹੀ ਅਤੇ ਸੰਪੂਰਣ ਹੋ ਜਾਵੋਂਗੇ ਅਤੇ ਹਰ ਚੀਜ਼ ਜੋ ਤੁਹਾਨੂੰ ਲੋੜੀਂਦੀ ਹੈ, ਪ੍ਰਾਪਤ ਕਰ ਲਵੋਂਗੇ। 5ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ। 6ਪਰ ਜਦੋਂ ਤੁਸੀਂ ਪਰਮੇਸ਼ੁਰ ਪਾਸੋਂ ਮੰਗੋ ਤਾਂ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ੁਰ ਉੱਪਰ ਸ਼ੰਕਾ ਨਾ ਕਰੋ। ਜਿਹੜਾ ਵਿਅਕਤੀ ਸ਼ੰਕਾ ਕਰਦਾ ਹੈ ਉਹ ਸਮੁੰਦਰ ਵਿੱਚਲੀ ਲਹਿਰ ਵਰਗਾ ਹੈ। ਹਵਾ ਉਸ ਨੂੰ ਉੱਪਰ ਹੇਠਾਂ ਕਰਦੀ ਹੈ। ਸ਼ੰਕਾਲੂ ਵਿਅਕਤੀ ਉਸ ਲਹਿਰ ਵਰਗਾ ਹੈ। 7- 8ਸ਼ੰਕਾਲੂ ਵਿਅਕਤੀ ਇੱਕੋ ਵੇਲੇ ਦੋ ਗੱਲਾਂ ਸੋਚ ਰਿਹਾ ਹੁੰਦਾ ਹੈ। ਉਹ ਆਪਣੀ ਕਿਸੇ ਵੀ ਕਰਨੀ ਦਾ ਫ਼ੈਸਲਾ ਨਹੀਂ ਕਰ ਸੱਕਦਾ। ਇਹੋ ਜਿਹੇ ਵਿਅਕਤੀ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਿ ਉਹ ਪ੍ਰਭੂ ਪਾਸੋਂ ਕੁਝ ਪ੍ਰਾਪਤ ਕਰੇਗਾ। 9ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ। 10ਜੇਕਰ ਕੋਈ ਸ਼ਰਧਾਲੂ ਅਮੀਰ ਹੈ, ਤਾਂ ਉਸ ਨੂੰ ਘਮੰਡ ਕਰਨ ਦਿਉ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਦਰਸ਼ਾਇਆ ਹੈ ਕਿ ਉਹ ਆਤਮਕ ਤੌਰ ਤੇ ਗਰੀਬ ਹੈ। ਇੱਕ ਅਮੀਰ ਆਦਮੀ ਜੰਗਲੀ ਫ਼ੁੱਲ ਵਾਂਗ ਅਲੋਪ ਹੋ ਜਾਵੇਗਾ। 11ਸੂਰਜ ਚੜ੍ਹ੍ਹਦਾ ਹੈ ਤੇ ਪਲ-ਪਲ ਗਰਮ ਹੁੰਦਾ ਜਾਂਦਾ ਹੈ। ਸੂਰਜ ਦੀ ਗਰਮੀ ਪੌਦੇ ਨੂੰ ਬਹੁਤ ਸੁਕਾ ਦਿੰਦੀ ਹੈ। ਫ਼ੁੱਲ ਝੜ ਜਾਂਦਾ ਹੈ। ਫ਼ੁੱਲ ਬਹੁਤ ਖੂਬਸੂਰਤ ਸੀ ਪਰ ਹੁਣ ਇਹ ਮੁਰਦਾ ਹੈ। ਅਮੀਰ ਆਦਮੀ ਨਾਲ ਵੀ ਇਵੇਂ ਹੀ ਹੁੰਦਾ ਹੈ। ਜਦੋਂ ਹਾਲੇ ਉਹ ਆਪਣੇ ਕਾਰੋਬਾਰ ਲਈ ਵਿਉਂਤਾ ਹੀ ਬਣਾ ਰਿਹਾ ਹੋਵੇਗਾ, ਉਹ ਮਰ ਜਾਵੇਗਾ। 12ਜਦੋਂ ਕਿਸ ਵਿਅਕਤੀ ਦੀ ਨਿਹਚਾ ਪਰੱਖੀ ਜਾਂਦੀ ਹੈ, ਤੇ ਫ਼ੇਰ ਉਹ ਮਜਬੂਤ ਬਣਿਆ ਰਹਿੰਦਾ ਹੈ, ਤਾਂ ਉਸ ਨੂੰ ਖੁਸ਼ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਜਦੋਂ ਉਸ ਨੇ ਆਪਣਾ ਵਿਸ਼ਵਾਸ ਸਾਬਤ ਕਰ ਦਿੱਤਾ ਹੈ, ਉਹ ਪਰਮੇਸ਼ੁਰ ਪਾਸੋਂ ਸਦੀਪਕ ਜੀਵਨ ਦਾ ਤਾਜ ਪ੍ਰਾਪਤ ਕਰੇਗਾ। ਪਰਮੇਸ਼ੁਰ ਨੇ ਇਸ ਗੱਲ ਦਾ ਵਾਅਦਾ ਉਨ੍ਹਾਂ ਸਮੂਹ ਲੋਕਾਂ ਨੂੰ ਦਿੱਤਾ ਹੈ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ। 13ਜਦੋਂ ਕਿਸੇ ਵਿਅਕਤੀ ਨੂੰ ਪਰਤਾਇਆ ਜਾਂਦਾ ਹੈ ਤਾਂ ਉਸ ਨੂੰ ਇਹ ਨਹੀਂ ਆਖਣਾ ਚਾਹੀਦਾ, “ਪਰਮੇਸ਼ੁਰ ਮੈਨੂੰ ਪਰਤਾਉਂਦਾ ਹੈ।” ਬਦੀ ਪਰਮੇਸ਼ੁਰ ਨੂੰ ਨਹੀਂ ਪਰਤਾ ਸੱਕਦੀ। ਅਤੇ ਪਰਮੇਸ਼ੁਰ ਖੁਦ ਕਿਸੇ ਨੂੰ ਨਹੀਂ ਲਲਚਾਉਂਦਾ। 14ਉਹ ਮੰਦੀਆਂ ਗੱਲਾਂ ਜਿਨ੍ਹਾਂ ਦੀ ਕੋਈ ਵਿਅਕਤੀ ਕਾਮਨਾ ਕਰਦਾ ਹੈ, ਉਹੀ ਹਨ ਜੋ ਉਸ ਨੂੰ ਪਰਤਾਉਂਦੀਆਂ ਹਨ। ਉਸ ਦੀਆਂ ਆਪਣੀਆਂ ਦੁਸ਼ਟ ਇੱਛਾਵਾਂ ਉਸ ਨੂੰ ਦੂਰ ਲੈ ਜਾਂਦੀਆਂ ਹਨ ਅਤੇ ਉਸ ਨੂੰ ਵਰਗਲਾਉਣਗੀਆਂ। 15ਇਹੀ ਕਾਮਨਾ ਪਾਪ ਪੈਦਾ ਕਰਦੀ ਹੈ। ਅਤੇ ਜਦੋਂ ਪਾਪ ਪੂਰੀ ਤਰ੍ਹਾਂ ਹੋ ਜਾਂਦਾ ਹੈ ਤਾਂ ਇਹ ਮੌਤ ਲਿਆਉਂਦਾ ਹੈ। 16ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲੋਂ ਮੂਰਖ ਨਾ ਬਣੋ। 17ਹਰ ਚੰਗੀ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। ਅਤੇ ਹਰ ਸੰਪੂਰਣ ਦਾਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਇਹ ਸਾਰੀਆਂ ਚੰਗੀਆਂ ਦਾਤਾਂ ਪਿਤਾ ਵੱਲੋਂ ਆਉਂਦੀਆਂ ਹਨ ਜਿਸਨੇ ਅਕਾਸ਼ ਵਿੱਚਲੀਆਂ ਸਮੂਹ ਰੋਸ਼ਨੀਆਂ ਬਣਾਈਆਂ ਹਨ। ਪਰ ਪਰਮੇਸ਼ੁਰ ਇਨ੍ਹਾਂ ਰੋਸ਼ਨੀਆਂ ਵਾਂਗ ਕਦੇ ਵੀ ਤਬਦੀਲ ਨਹੀਂ ਹੁੰਦਾ। ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। 18ਪਰਮੇਸ਼ੁਰ ਨੇ ਸਾਨੂੰ ਸੱਚ ਦੇ ਸ਼ਬਦ ਰਾਹੀਂ ਜੀਵਨ ਦੇਣ ਦਾ ਨਿਰਨਾ ਕੀਤਾ। ਉਹ ਚਾਹੁੰਦਾ ਕਿ ਅਸੀਂ ਉਸ ਦੀਆਂ ਸਾਜੀਆਂ ਹੋਈਆਂ ਸਮੂਹ ਚੀਜ਼ਾਂ ਵਿੱਚ ਸਭ ਤੋਂ ਮਹੱਤਵਪੂਰਣ ਹੋਈਏ। 19ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਹਮੇਸ਼ਾ ਬੋਲਣ ਨਾਲੋਂ ਸੁਣਨ ਦੇ ਵੱਧੇਰੇ ਇੱਛੁਕ ਬਣੋ। ਛੇਤੀ ਹੀ ਗੁੱਸੇ ਵਿੱਚ ਨਾ ਆਓ। 20ਕਿਸੇ ਵਿਅਕਤੀ ਦਾ ਗੁੱਸਾ ਉਸ ਨੂੰ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਸਹੀ ਜੀਵਨ ਜਿਉਣ ਵਿੱਚ ਮਦਦ ਨਹੀਂ ਕਰਦਾ। 21ਇਸ ਲਈ ਆਪਣੇ ਜੀਵਨ ਵਿੱਚੋਂ ਹਰ ਬਦੀ ਨੂੰ ਕੱਢ ਦਿਉ ਅਤੇ ਹਰ ਉਹ ਮੰਦੀ ਗੱਲ ਜਿਹੜੀ ਤੁਸੀਂ ਕਰਦੇ ਹੋ। ਨਿਮਾਣੇ ਬਣੋ ਅਤੇ ਪਰਮੇਸ਼ੁਰ ਦੇ ਉਸ ਉਪਦੇਸ਼ ਨੰ ਪ੍ਰਵਾਨ ਕਰੋ ਜਿਹੜਾ ਤੁਹਾਡੇ ਹਿਰਦੇ ਵਿੱਚ ਬੀਜਿਆ ਗਿਆ ਹੈ। ਇਹ ਉਪਦੇਸ਼ ਤੁਹਾਨੂੰ ਬਚਾ ਸੱਕਦਾ ਹੈ। 22ਉਹੀ ਕਰੋ ਜੋ ਪਰਮੇਸ਼ੁਰ ਦੀ ਸਿੱਖਿਆ ਆਖਦੀ ਹੈ। ਸਿਰਫ਼ ਸੁਣੋ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਬੈਠੇ ਬੈਠੇ ਸੁਣਦੇ ਹੀ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੁੰਦੇ ਹੋ। 23ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸੁਣਦਾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ। 24ਉਹ ਵਿਅਕਤੀ ਆਪਣੇ ਆਪ ਨੂੰ ਦੇਖਦਾ ਹੈ, ਫ਼ੇਰ ਤੁਰ ਜਾਂਦਾ ਹੈ ਅਤੇ ਛੇਤੀ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿੱਸਦਾ ਸੀ। 25ਪਰ ਇੱਕ ਆਦਮੀ ਜਿਹੜਾ ਸੱਚ ਮੁੱਚ ਖੁਸ਼ ਹੈ, ਉਹੀ ਹੈ ਜਿਹੜਾ ਪਰਮੇਸ਼ੁਰ ਦੇ ਪਰੀਪੂਰਣ ਨੇਮ ਨੂੰ ਪੜ੍ਹਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸ ਨੂੰ ਪੜ੍ਹਦਾ ਹੀ ਰਹਿੰਦਾ ਹੈ। ਉਹ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ ਭੁਲਾਇਆਂ ਸੁਣਦਾ ਹੈ, ਕਿ ਉਸ ਨੇ ਕੀ ਸੁਣਿਆ। ਫ਼ੇਰ ਉਹ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦੁਆਰਾ, ਉਹ ਸੱਚ ਮੁੱਚ ਖੁਸ਼ ਹੈ। 26ਭਾਵੇ ਕੋਈ ਵਿਅਕਤੀ ਇਹ ਸੋਚਦਾ ਹੋਵੇ ਕਿ ਉਹ ਧਰਮੀ ਹੈ ਪਰ ਜੇਕਰ ਉਹ ਉਹੀ ਗੱਲਾਂ ਆਖਦਾ ਜੋ ਉਸ ਨੂੰ ਨਹੀਂ ਆਖਣੀਆਂ ਚਾਹੀਦੀਆਂ ਤਾਂ ਉਹ ਆਦਮੀ ਆਪਣੇ ਆਪ ਨੂੰ ਮੂਰਖ ਬਣਾਉਂਦਾ ਹੈ। ਉਸ ਦੇ ਧਰਮ ਦਾ ਕੀ ਅਰਥ ਨਹੀਂ ਹੈ। 27ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।

will be added

X\