ਇਬਰਾਨੀਆਂ ਨੂੰ 6

1ਇਸ ਲਈ ਸਾਨੂੰ ਮਸੀਹ ਬਾਰੇ ਮੁਢੱਲੇ ਪਾਠ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਉਨ੍ਹਾਂ ਗੱਲਾਂ ਵੱਲ ਵਾਪਸ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨਾਲ ਅਸੀਂ ਸ਼ੁਰੂਆਤ ਕੀਤੀ ਸੀ। ਅਸੀਂ ਮਸੀਹ ਵਿੱਚ ਆਪਣੇ ਜੀਵਨ ਦੀ ਸ਼ੁਰੂਆਤ ਪਹਿਲਾਂ ਕੀਤੀਆਂ ਮੰਦੀਆਂ ਗੱਲਾਂ ਤੋਂ ਦੂਰ ਜਾਣ ਤੋਂ ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਰਾਹੀਂ ਕੀਤੀ ਸੀ। 2ਉਸ ਸਮੇਂ, ਸਾਨੂੰ ਬਪਤਿਸਮੇ ਬਾਰੇ, ਲੋਕਾਂ ਉੱਤੇ ਹੱਥ ਰੱਖਣ ਦੇ ਖਾਸ ਵਿਖਾਵੇ ਬਾਰੇ, ਮੁਰਦਿਆਂ ਨੂੰ ਜਿਵਾਲੇ ਜਾਣ ਬਾਰੇ, ਅਤੇ ਸਦੀਵੀ ਨਿਆਂ ਬਾਰੇ ਸਿੱਖਾਇਆ ਗਿਆ ਸੀ। ਪਰ ਹੁਣ, ਸਾਨੂੰ ਅਗਾਹਾਂ ਹੋਰ ਵੱਧੇਰੇ ਪ੍ਰਪੱਕਤਾ ਦੇ ਉਪਦੇਸ਼ ਵੱਲ ਵੱਧਣਾ ਚਾਹੀਦਾ ਹੈ। 3ਅਤੇ ਜੇ ਪਰਮੇਸ਼ੁਰ ਆਗਿਆ ਦੇਵੇ, ਤਾਂ ਅਸੀਂ ਵੀ ਇਹ ਕਰਾਂਗੇ। 4- 6ਜਦੋਂ ਲੋਕ ਮਸੀਹ ਦਾ ਮਾਰਗ ਛੱਡ ਚੁੱਕੇ ਹੋਣ ਤਾਂ ਕੀ ਤੁਸੀਂ ਉਨ੍ਹਾਂ ਦਾ ਜੀਵਨ ਫ਼ੇਰ ਤਬਦੀਲ ਕਰਵਾ ਸੱਕਦੇ ਹੋਂ? ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੂੰ ਸੱਚ ਦਾ ਪਤਾ ਹੈ। ਉਨ੍ਹਾਂ ਨੇ ਪਰਮੇਸ਼ੁਰ ਤੋਂ ਦਾਤ ਪ੍ਰਾਪਤ ਕੀਤੀ ਅਤੇ ਪਵਿੱਤਰ ਆਤਮਾ ਵਿੱਚ ਸੰਮਲਿਤ ਹੋਏ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀਆਂ ਆਖੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਮਹਾਨ ਸ਼ਕਤੀ ਵੀ ਦੇਖੀ। ਉਨ੍ਹਾਂ ਨੇ ਖੁਦ ਦੇਖਿਆ ਕਿ ਉਹ ਸਾਰੀਆਂ ਗੱਲਾਂ ਬਹੁਤ ਚੰਗੀਆਂ ਸਨ। ਪਰ ਫ਼ੇਰ ਉਨ੍ਹਾਂ ਨੇ ਯਿਸੂ ਦਾ ਮਾਰਗ ਛੱਡ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣਾ ਜੀਵਨ ਤਬਦੀਲ ਕਰਾਉਣਾ ਅਤੇ ਮਸੀਹ ਕੋਲ ਵਾਪਸ ਆਉਣਾ ਸੰਭਵ ਨਹੀਂ। ਕਿਉਂ? ਕਿਉਂਕਿ ਉਹ ਲੋਕ ਜਿਨ੍ਹਾਂ ਨੇ ਮਸੀਹ ਦਾ ਮਾਰਗ ਛੱਡ ਦਿੱਤਾ ਹੈ, ਅਸਲ ਵਿੱਚ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਫ਼ੇਰ ਤੋਂ ਸਲੀਬ ਉੱਤੇ ਠੋਕ ਰਹੇ ਹਨ ਅਤੇ ਸਮੂਹ ਲੋਕਾਂ ਸਾਹਮਣੇ ਉਸ ਲਈ ਸ਼ਰਮ ਲਿਆਉਂਦੇ ਹਨ। 7ਉਹ ਲੋਕ ਉਸ ਧਰਤੀ ਵਰਗੇ ਹਨ ਜਿਹੜੀ ਬਹੁਤ ਵਰੱਖਾ ਪ੍ਰਾਪਤ ਕਰਦੀ ਹੈ। ਕਿਸਾਨ ਉਸ ਧਰਤੀ ਤੇ ਬੀਜ ਬੀਜਦਾ ਹੈ ਅਤੇ ਉਸਦੀ ਦੇਖ-ਭਾਲ ਕਰਦਾ ਹੈ ਤਾਂ ਜੋ ਉਹ ਇਸਤੋਂ ਅਨਾਜ ਪਾ ਸੱਕੇ। ਜੇਕਰ ਉਹ ਜ਼ਮੀਨ ਉਨ੍ਹਾਂ ਲਈ ਫ਼ਸਲਾਂ ਉਗਾਉਂਦੀ ਹੈ ਜੋ ਉਸਤੇ ਵਾਹੀ ਕਰਦੇ ਹਨ, ਉਹ ਧਰਤੀ ਪਰਮੇਸ਼ੁਰ ਦੁਆਰਾ ਅਸੀਸਮਈ ਹੈ। 8ਪਰ ਜੇ ਉਹ ਧਰਤੀ ਘਾਹ-ਪੱਤੇ ਤੇ ਕੰਡੇ ਉਗਾਉਂਦੀ ਹੈ ਤਾਂ ਬੇਕਾਰ ਹੈ। ਉਸ ਧਰਤੀ ਨੂੰ ਇਹ ਖਤਰਾ ਹੈ ਕਿ ਉਸ ਉੱਪਰ ਪਰਮੇਸ਼ੁਰ ਦੀ ਫ਼ਿਟਕਾਰ ਹੋਵੇਗੀ। ਅਤੇ ਉਸ ਧਰਤੀ ਨੂੰ ਅੱਗ ਰਾਹੀਂ ਤਬਾਹ ਕਰ ਦਿੱਤਾ ਜਾਵੇਗਾ। 9ਪਿਆਰੇ ਮਿੱਤਰੋ, ਅਸੀਂ ਇਹ ਗੱਲਾਂ ਤੁਹਾਨੂੰ ਆਖ ਰਹੇ ਹਾਂ। ਪਰ ਅਸੀਂ ਤੁਹਾਡੇ ਪਾਸੋਂ ਵੱਧੇਰੇ ਚੰਗੀਆਂ ਗੱਲਾਂ ਦੀ ਆਸ ਰੱਖਦੇ ਹਾਂ। ਸਾਨੂੰ ਯਕੀਨ ਹੈ ਕਿ ਤੁਸੀਂ ਮੁਕਤੀ ਬਾਰੇ ਉਹ ਗੱਲਾਂ ਕਰੋਂਗੇ। 10ਪਰਮੇਸ਼ੁਰ ਨਿਆਂਈ ਹੈ। ਪਰਮੇਸ਼ੁਰ ਉਸ ਸਾਰੇ ਕੰਮ ਨੂੰ ਚੇਤੇ ਰੱਖੇਗਾ ਜਿਹੜਾ ਤੁਸੀਂ ਕੀਤਾ ਹੈ। ਅਤੇ ਪਰਮੇਸ਼ੁਰ ਚੇਤੇ ਰੱਖੇਗਾ ਕਿ ਤੁਸੀਂ ਉਸ ਦੇ ਲੋਕਾਂ ਦੀ ਸਹਾਇਤਾ ਉਸ ਨਾਲ ਆਪਣਾ ਪਿਆਰ ਪ੍ਰਗਟ ਕਰਨ ਲਈ ਕੀਤੀ ਹੈ। ਅਤੇ ਪਰਮੇਸ਼ੁਰ ਚੇਤੇ ਰੱਖੇਗਾ ਕਿ ਤੁਸੀਂ ਉਸ ਦੇ ਲੋਕਾਂ ਦੀ ਸਹਾਇਤਾ ਲਗਾਤਾਰ ਕਰ ਰਹੇ ਹੋ। 11ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜੀਵਨ ਭਰ ਉਹੀ ਮੁਸ਼ਕਿਲ ਕੰਮ ਕਰਦੇ ਰਹੋ। ਫ਼ੇਰ ਤੁਸੀਂ ਨਿਸ਼ਚਿਤ ਹੀ ਉਹ ਮਹਾਨ ਚੀਜ਼ ਪ੍ਰਾਪਤ ਕਰੋਂਗੇ ਜਿਸਦੀ ਤੁਸੀਂ ਉਮੀਦ ਕਰ ਰਹੇ ਸੀ। 12ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਵਰਗੇ ਬਣੋ ਜਿਹੜੇ ਪਰਮੇਸ਼ੁਰ ਵੱਲੋਂ ਵਾਦਾ ਕੀਤੀਆਂ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਨ। ਉਨ੍ਹਾਂ ਲੋਕਾਂ ਨੇ ਆਪਣੇ ਵਿਸ਼ਵਾਸ ਅਤੇ ਸਬਰ ਦੇ ਕਾਰਣ ਪਰਮੇਸ਼ੁਰ ਦੇ ਵਾਇਦਿਆਂ ਨੂੰ ਪ੍ਰਾਪਤ ਕੀਤਾ ਹੈ। 13ਪਰਮੇਸ਼ੁਰ ਨੇ ਅਬਰਾਹਾਮ ਨਾਲ ਇੱਕ ਵਾਇਦਾ ਕੀਤਾ। ਜਿਵੇਂ ਕਿ ਉੱਥੇ ਪਰਮੇਸ਼ੁਰ ਨਾਲੋਂ ਵਡੇਰਾ ਕੋਈ ਨਹੀਂ ਸੀ, ਉਸ ਨੇ ਸੌਂਹ ਖਾਣ ਲਈ ਆਪਣਾ ਹੀ ਨਾਂ ਇਸਤੇਮਾਲ ਕੀਤਾ ਕਿ ਉਹ ਉਹੀ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ। 14ਪਰਮੇਸ਼ੁਰ ਨੇ ਆਖਿਆ, “ਮੈਂ ਸੱਚਮੁੱਚ ਤੈਨੂੰ ਅਸੀਸਾਂ ਦਿੰਦਾ ਹਾਂ। ਮੈਂ ਤੈਨੂੰ ਬਹੁਤ ਬਹੁਤ ਉਲਾਦਾਂ ਦੇਵਾਂਗਾ।” 15ਅਬਰਾਹਾਮ ਨੇ ਸਬਰ ਨਾਲ ਇਸਦਾ ਇੰਤਜ਼ਾਰ ਕੀਤਾ ਅਤੇ ਬਾਦ ਵਿੱਚ ਅਬਰਾਹਾਮ ਨੇ ਉਹ ਪ੍ਰਾਪਤ ਕੀਤਾ ਜਿਸਦਾ ਪਰਮੇਸ਼ੁਰ ਨੇ ਉਸ ਨਾਲ ਵਾਇਦਾ ਕੀਤਾ ਸੀ। 16ਜਦੋਂ ਲੋਕ ਸੌਂਹ ਖਾਂਦੇ ਹਨ, ਉਹ ਹਮੇਸ਼ਾ ਆਪਣੇ ਆਪ ਤੋਂ ਮਹਾਨ ਵਿਅਕਤੀ ਨੂੰ ਵਰਤਦੇ ਹਨ। ਇਹ ਸੌਂਹ ਇਸ ਤਥ ਦਾ ਸਬੂਤ ਹੈ ਕਿ ਜੋ ਕੁਝ ਵੀ ਉਹ ਆਖਦੇ ਹਨ ਸੱਚ ਹੈ ਅਤੇ ਸਾਰੀਆਂ ਦਲੀਲਾਂ ਲਈ ਵੀ ਅੰਤ ਹੈ। 17ਪਰਮੇਸ਼ੁਰ ਇਹ ਚਾਹੁੰਦਾ ਸੀ ਕਿ ਉਸਦਾ ਵਾਇਦਾ ਸੱਚਾ ਹੈ। ਪਰਮੇਸ਼ੁਰ ਇਹ ਸਬੂਤ ਉਨ੍ਹਾਂ ਲੋਕਾਂ ਲਈ ਚਾਹੁੰਦਾ ਸੀ ਜੋ ਉਸ ਦੇ ਵਾਇਦੇ ਨੂੰ ਪ੍ਰਾਪਤ ਕਰਨ ਵਾਲੇ ਸਨ। ਉਹ ਚਾਹੁੰਦਾ ਸੀ ਕਿ ਉਹ ਲੋਕ ਸਪੱਸ਼ਟਤਾ ਨਾਲ ਸਮਝ ਲੈਣ ਕਿ ਉਹ ਆਪਣੀਆਂ ਯੋਜਨਾਵਾਂ ਤਬਦੀਲ ਨਹੀਂ ਕਰੇਗਾ। ਇਸ ਲਈ ਜੋ ਪਰਮੇਸ਼ੁਰ ਨੇ ਆਖਿਆ ਵਾਪਰੇਗਾ, ਉਸ ਨੇ ਇਹ ਇੱਕ ਸੌਂਹ ਖਾਕੇ ਸਾਬਤ ਕਰ ਦਿੱਤਾ। 18ਇਹ ਦੋ ਗੱਲਾਂ ਕਦੇ ਵੀ ਨਹੀਂ ਬਦਲਣਗੀਆਂ। ਜਦੋਂ ਵੀ ਪਰਮੇਸ਼ੁਰ ਕੁਝ ਆਖਦਾ ਹੈ, ਉਹ ਝੂਠ ਨਹੀਂ ਬੋਲਦਾ ਅਤੇ ਜਦੋਂ ਉਹ ਕੌਲ ਕਰਦਾ ਹੈ, ਉਹ ਕਦੀ ਵੀ ਝੂਠ ਨਹੀਂ ਬੋਲੇਗਾ। ਇਸ ਲਈ ਅਸੀਂ ਸੁਰੱਖਿਆ ਲਈ ਪਰਮੇਸ਼ੁਰ ਕੋਲ ਭੱਜ ਪਏ ਹਾਂ, ਇਸ ਗੱਲ ਨੇ ਸਾਨੂੰ ਬਹੁਤ ਦਿਲਾਸਾ ਦਿੱਤਾ ਹੈ। ਇਹ ਦੋਵੇ ਗੱਲਾਂ ਸਾਨੂੰ ਦਿਲਾਸਾ ਅਤੇ ਤਾਕਤ ਦਿੰਦੀਆਂ ਹਨ, ਤਾਂ ਜੋ ਅਸੀਂ ਉਸ ਉਮੀਦ ਨੂੰ ਜਾਰੀ ਰੱਖੀਏ ਜਿਹੜੀ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ 19ਸਾਨੂੰ ਇਸ ਉਮੀਦ ਦਾ ਅਧਿਕਾਰ ਹੈ। ਅਤੇ ਇਹ ਲੰਗਰ ਦੀ ਤਰ੍ਹਾਂ ਹੈ। ਇਹ ਮਜ਼ਬੂਤ ਅਤੇ ਭਰੋਸੇਯੋਗ ਹੈ ਅਤੇ ਸਾਡੇ ਆਤਮਾ ਲਈ ਸੁਰੱਖਿਆ ਹੈ। ਇਹ ਪਰਦੇ ਪਿੱਛੇ ਸਭ ਤੋਂ ਪਵਿੱਤਰ ਥਾਂ ਸਵਰਗੀ ਮੰਦਰ ਵਿੱਚ ਜਾਂਦੀ ਹੈ। 20ਯਿਸੂ ਪਹਿਲਾਂ ਹੀ ਉੱਥੇ ਪ੍ਰਵੇਸ਼ ਪਾ ਚੁੱਕਿਆ ਹੈ ਅਤੇ ਉਸ ਨੇ ਸਾਡੇ ਲਈ ਰਾਹ ਖੋਲ੍ਹ ਦਿੱਤਾ ਹੈ। ਯਿਸੂ ਹਮੇਸ਼ਾ ਲਈ ਮਲਕਿਸਿਦਕ ਵਾਂਗ ਇੱਕ ਸਰਦਾਰ ਜਾਜਕ ਬਣ ਗਿਆ ਹੈ।


Copyright
Learn More

will be added

X\