ਗਲਾਤੀਆਂ ਨੂੰ 2

1ਚੌਦਾਂ ਸਾਲਾਂ ਬਾਦ ਮੈਂ ਇੱਕ ਵਾਰ ਫ਼ੇਰ ਯਰੂਸ਼ਲਮ ਗਿਆ। ਮੈਂ ਉੱਥੇ ਬਰਨਬਾਸ ਦੇ ਨਾਲ ਗਿਆ ਅਤੇ ਆਪਣੇ ਸੰਗ ਤੀਤੁਸ ਨੂੰ ਵੀ ਲੈ ਗਿਆ। 2ਮੈਂ ਇਸ ਲਈ ਗਿਆ ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਕੋਲ ਗਿਆ ਜਿਹੜੇ ਵਿਸ਼ਵਾਸੀਆਂ ਦੇ ਆਗੂ ਸਨ। ਜਦੋਂ ਅਸੀਂ ਆਗੂਆਂ ਨਾਲ ਇੱਕਲੇ ਸਾਂ, ਮੈਂ ਉਨ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਮੈਂ ਚਾਹੁੰਦਾ ਸੀ ਕਿ ਇਹ ਲੋਕ ਮੇਰੇ ਕਾਰਜ ਨੂੰ ਸਮਝ ਲੈਣ ਤਾਂ ਜੋ ਮੇਰਾ ਪਹਿਲਾਂ ਕੀਤਾ ਹੋਇਆ ਕਾਰਜ ਅਤੇ ਹੁਣ ਦਾ ਕਾਰਜ ਵਿਅਰਥ ਨਾ ਜਾਵੇ। 3- 4ਮੇਰੇ ਨਾਲ ਤੀਤੁਸ ਵੀ ਸੀ। ਤੀਤੁਸ ਇੱਕ ਯੂਨਾਨੀ ਹੈ। ਪਰ ਇਨ੍ਹਾਂ ਆਗੂਆਂ ਨੇ ਤੀਤੁਸ ਨੂੰ ਵੀ ਸੁੰਨਤ ਕਰਨ ਤੇ ਮਜਬੂਰ ਨਹੀਂ ਕੀਤਾ। ਇਨ੍ਹਾਂ ਗੱਲਾਂ ਬਾਰੇ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਕਿਉਂ ਕਿ ਕੁਝ ਨਕਲੀ ਭਰਾ ਚੋਰੀ ਛੁੱਪੇ ਸਾਡੇ ਸਮੂਹ ਅੰਦਰ ਆ ਵੜੇ ਸਨ। ਉਹ ਜਸੂਸਾਂ ਦੀ ਤਰ੍ਹਾਂ ਮਸੀਹ ਯਿਸੂ ਵਿੱਚ ਸਾਡੀ ਸੁਤੰਤਰਤਾ ਬਾਰੇ ਜਾਣ ਗਏ ਸਨ। 5ਪਰ ਅਸੀਂ ਆਪਣੇ ਆਪ ਨੂੰ ਇੱਕ ਘੜੀ ਲਈ ਵੀ ਇਨ੍ਹਾਂ ਝੂਠੇ ਭਰਾਵਾਂ ਦੀਆਂ ਮੰਗਾਂ ਦੇ ਹਵਾਲੇ ਨਹੀਂ ਕੀਤਾ। ਅਸੀਂ ਤਾਂ ਖੁਸ਼ਖਬਰੀ ਦੇ ਸੱਚ ਨੂੰ ਤੁਹਾਡੇ ਲਈ ਬਨਾਉਣਾ ਚਾਹੁੰਦੇ ਹਾਂ। 6ਜਿਹੜੇ ਲੋਕ ਮਹੱਤਵਪੂਰਣ ਲੱਗਦੇ ਹਨ ਉਨ੍ਹਾਂ ਨੇ ਖੁਸ਼ਖਬਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸਦਾ ਮੈਂ ਪ੍ਰਚਾਰ ਕਰ ਰਿਹਾ ਸਾਂ। ਮੇਰੇ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਹ “ਮਹੱਤਵਪੂਰਣ” ਹਨ, ਜਾਂ ਨਹੀਂ। ਪਰਮੇਸ਼ੁਰ ਲਈ ਸਾਰੇ ਮਨੁੱਖ ਬਰਾਬਰ ਹਨ। 7ਪਰ ਇਨ੍ਹਾਂ ਆਗੂਆਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੈਨੂੰ ਪਤਰਸ ਵਾਂਗ ਹੀ ਕੋਈ ਖਾਸ ਕਾਰਜ ਦਿੱਤਾ ਹੈ। ਪਰਮੇਸ਼ੁਰ ਨੇ ਪਤਰਸ ਨੂੰ ਯਹੂਦੀਆਂ ਨੂੰ ਖੁਸ਼ਖਬਰੀ ਦੇਣ ਦਾ ਕਾਰਜ ਦਿੱਤਾ ਸੀ। ਪਰ ਮੈਨੂੰ ਪਰਮੇਸ਼ੁਰ ਨੇ ਗੈਰ ਯਹੂਦੀ ਲੋਕਾਂ ਨੂੰ ਖੁਸ਼ਖਬਰੀ ਦੇਣ ਦਾ ਕੰਮ ਸੌਂਪਿਆ ਸੀ। 8ਪਰਮੇਸ਼ੁਰ ਨੇ ਪਤਰਸ ਨੂੰ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ। ਪਤਰਸ ਯਹੂਦੀ ਲੋਕਾਂ ਲਈ ਰਸੂਲ ਹੈ। ਪਰਮੇਸ਼ੁਰ ਨੇ ਮੈਨੂੰ ਵੀ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ ਪਰ ਮੈਂ ਉਨ੍ਹਾਂ ਲੋਕਾਂ ਦਾ ਰਸੂਲ ਹਾਂ ਜਿਹੜੇ ਯਹੂਦੀ ਨਹੀਂ ਹਨ। 9ਯਾਕੂਬ ਪਤਰਸ ਅਤੇ ਯੂਹੰਨਾ ਆਗੂ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਨੇ ਮੇਰੇ ਤੇ ਵੀ ਇਹ ਵਿਸ਼ੇਸ਼ ਕਿਰਪਾ ਕੀਤੀ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਪ੍ਰਵਾਨ ਕਰ ਲਿਆ। ਪਤਰਸ ਯਾਕੂਬ ਅਤੇ ਯੂਹੰਨਾ ਨੇ ਆਖਿਆ, “ਪੌਲੁਸ ਤੇ ਬਰਨਾਬਸ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜਿਹੜੇ ਯਹੂਦੀ ਨਹੀਂ ਹਨ। ਅਸੀਂ ਯਹੂਦੀਆਂ ਕੋਲ ਜਾਵਾਂਗੇ।” 10ਉਨ੍ਹਾਂ ਨੇ ਸਾਨੂੰ ਕੇਵਲ ਇੱਕ ਗੱਲ ਕਰਨ ਲਈ ਆਖਿਆ ਕਿ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਯਾਦ ਰੱਖਣਾ। ਅਤੇ ਇਹੀ ਸੀ, ਜੋ ਮੈਂ ਅਸਲ ਵਿੱਚ ਕਰਨਾ ਚਾਹੁੰਦਾ ਹਾਂ। 11ਪਤਰਸ ਅੰਤਾਕਿਯਾ ਵਿੱਚ ਆਇਆ। ਉਸ ਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਹਮਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂ ਕਿ ਉਹ ਗਲਤ ਸੀ। 12ਇਹ ਉਦੋਂ ਹੋਇਆ ਜਦੋਂ ਪਤਰਸ ਪਹਿਲਾਂ ਪਹਿਲਾਂ ਅੰਤਾਕਿਯਾ ਵਿੱਚ ਆਇਆ। ਉਸ ਨੇ ਗੈਰ ਯਹੂਦੀ ਲੋਕਾਂ ਨਾਲ ਦੋਸਤੀ ਕੀਤੀ ਅਤੇ ਭੋਜਨ ਸਾਂਝਾ ਕੀਤਾ। ਪਰ ਫ਼ੇਰ ਕੁਝ ਯਹੂਦੀ ਲੋਕ ਯਾਕੂਬ ਵੱਲੋਂ ਆਏ। ਜਦੋਂ ਇਹ ਯਹੂਦੀ ਆਏ ਤਾਂ ਪਤਰਸ ਨੇ ਗੈਰ ਯਹੂਦੀਆਂ ਨਾਲ ਖਾਣਾ ਛੱਡ ਦਿੱਤਾ। ਪਤਰਸ ਨੇ ਆਪਣੇ ਆਪ ਨੂੰ ਗੈਰ ਯਹੂਦੀਆਂ ਤੋਂ ਵੱਖ ਕਰ ਲਿਆ। ਉਹ ਉਨ੍ਹਾਂ ਯਹੂਦੀਆਂ ਤੋਂ ਡਰਦਾ ਸੀ ਜਿਹੜੇ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਸਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਾਹੀਦੀ ਹੈ। 13ਇਸ ਲਈ ਪਤਰਸ ਪੱਖੰਡੀ ਸੀ। ਹੋਰ ਯਹੂਦੀ ਵਿਸ਼ਵਾਸੀ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ। 14ਮੈਂ ਦੇਖ ਲਿਆ ਕਿ ਯਹੂਦੀ ਕੀ ਕਰਦੇ ਸਨ। ਉਹ ਖੁਸ਼ਖਬਰੀ ਦੇ ਸੱਚ ਉੱਪਰ ਨਹੀਂ ਤੁਰ ਰਹੇ ਸਨ। ਇਸੇ ਲਈ ਮੈਂ ਪਤਰਸ ਨਾਲ ਇੰਝ ਗੱਲ ਕੀਤੀ ਤਾਂ ਕਿ ਹੋਰ ਸਾਰੇ ਯਹੂਦੀ ਵੀ ਮੇਰੀ ਗੱਲ ਸੁਣ ਲੈਣ। ਮੈਂ ਇਹ ਆਖਿਆ, “ਪਤਰਸ ਤੂੰ ਯਹੂਦੀ ਹੈਂ। ਪਰ ਤੂੰ ਇੱਕ ਯਹੂਦੀ ਵਾਂਗ ਨਹੀਂ ਰਹਿੰਦਾ। ਤੂੰ ਤਾਂ ਗੈਰ ਯਹੂਦੀ ਵਾਂਗ ਰਹਿੰਦਾ ਹੈਂ। ਇਸ ਲਈ ਤੂੰ ਹੁਣ ਗੈਰ ਯਹੂਦੀਆਂ ਨੂੰ ਯਹੂਦੀਆਂ ਵਾਂਗ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?” 15ਅਸੀਂ ਯਹੂਦੀ ਪਾਪੀ ਗੈਰ ਯਹੂਦੀਆਂ ਵਾਂਗ ਪੈਦਾ ਨਹੀਂ ਹੋਏ ਸੀ। ਅਸੀਂ ਯਹੂਦੀਆਂ ਵਾਂਗ ਪੈਦਾ ਹੋਏ ਸਾਂ। 16ਅਸੀਂ ਜਾਣਦੇ ਹਾਂ ਕਿ ਕੋਈ ਵਿਅਕਤੀ ਸਿਰਫ਼ ਨੇਮ ਦਾ ਅਨੁਸਰਣ ਕਰਕੇ ਧਰਮੀ ਨਹੀਂ ਬਣ ਸੱਕਦਾ। ਇਹ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਕਿਸੇ ਵਿਅਕਤੀ ਨੂੰ ਧਰਮੀ ਬਣਾਉਂਦਾ ਹੈ। ਇਸ ਲਈ ਅਸੀਂ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਪਾਇਆ ਹੈ ਕਿਉਂਕਿ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ ਕਿਉਂ ਜੋ ਅਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ ਨਾ ਕਿ ਇਸ ਲਈ ਕਿ ਅਸੀਂ ਨੇਮ ਉੱਤੇ ਚੱਲੇ। ਇਹ ਠੀਕ ਹੈ ਕਿ ਕੋਈ ਵੀ ਵਿਅਕਤੀ ਨੇਮ ਉੱਤੇ ਚੱਲ ਕੇ ਧਰਮੀ ਨਹੀਂ ਹੋ ਸੱਕਦਾ। 17ਅਸੀਂ ਯਹੂਦੀਆਂ ਦੇ ਮਸੀਹ ਨੂੰ ਅਪਨਾਇਆ ਤਾਂ ਜੋ ਅਸੀਂ ਧਰਮੀ ਬਣਾਏ ਜਾਈਏ। ਇਸ ਲਈ ਇਹ ਸਪੱਸ਼ਟ ਹੈ ਕਿ ਅਸੀਂ ਵੀ ਪਾਪੀ ਸਾਂ। ਕੀ ਇਸਦਾ ਭਾਵ ਇਹ ਹੈ ਕਿ ਮਸੀਹ ਸਾਨੂੰ ਪਾਪੀ ਬਣਾਉਂਦਾ ਹੈ? ਬਿਲਕੁਲ ਨਹੀਂ। 18ਸੱਚਮੁੱਚ, ਮੈਂ ਗਲਤ ਹੋ ਸੱਕਦਾ ਹਾਂ ਜੇ ਮੈਂ ਫ਼ਿਰ ਤੋਂ ਉਨ੍ਹਾਂ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਆਂ ਜੋ ਮੈਂ ਛੱਡ ਦਿੱਤੇ ਸਨ। 19ਮੈਂ ਨੇਮ ਲਈ ਜਿਉਣਾ ਛੱਡ ਦਿੱਤਾ। ਇਹ ਨੇਮ ਹੀ ਸੀ ਜਿਸਨੇ ਮੈਨੂੰ ਮਾਰ ਦਿੱਤਾ ਸੀ। ਮੈਂ ਨੇਮ ਖਾਤਰ ਇਸ ਲਈ ਮਰਿਆ ਤਾਂ ਜੋ ਹੁਣ ਮੈਂ ਪਰਮੇਸ਼ੁਰ ਲਈ ਜਿਉਂ ਸੱਕਾਂ। ਮੈਨੂੰ ਮਸੀਹ ਨਾਲ ਹੀ ਸਲੀਬ ਦਿੱਤੀ ਗਈ ਸੀ। 20ਇਸ ਲਈ ਜਿਹੜਾ ਜੀਵਨ ਮੈਂ ਹੁਣ ਜਿਉਂ ਰਿਹਾ ਹਾਂ ਉਹ ਮੇਰਾ ਨਹੀਂ ਹੈ। ਉਹ ਤਾਂ ਮੇਰੇ ਅੰਦਰ ਮਸੀਹ ਜਿਉਂ ਰਿਹਾ ਹੈ। ਮੈਂ ਹਾਲੇ ਵੀ ਆਪਣੇ ਸਰੀਰ ਵਿੱਚ ਜਿਉਂਦਾ ਹਾਂ ਪਰ ਮੈਂ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਾਹੀਂ ਜਿਉਂਦਾ ਹਾਂ। ਉਸ ਨੇ ਮੈਨੂੰ ਪਿਆਰ ਕੀਤਾ ਅਤੇ ਮੈਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 21ਇਹ ਦਾਤ ਪਰਮੇਸ਼ੁਰ ਵੱਲੋਂ ਹੈ ਅਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਣ ਹੈ। ਕਿਉਂਕਿ ਜੇਕਰ ਨੇਮ ਹੀ ਸਾਨੂੰ ਧਰਮੀ ਬਣਾ ਸੱਕਦਾ ਹੁੰਦਾ, ਤਾਂ ਫ਼ੇਰ ਮਸੀਹ ਦੇ ਮਰਨ ਦਾ ਕੋਈ ਕਾਰਣ ਹੀ ਨਾ ਹੁੰਦਾ।

will be added

X\