ਕੁਲੁੱਸੀਆਂ ਨੂੰ 1

1ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਇਸ ਲਈ ਪਰਮੇਸ਼ੁਰ ਦਾ ਰਸੂਲ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ। ਮਸੀਹ ਵਿੱਚ ਸਾਡੇ ਭਰਾ ਤਿਮੋਥਿਉਸ ਵੱਲੋਂ ਵੀ ਸ਼ੁਭਕਾਮਨਾਵਾਂ। 2ਉਨ੍ਹਾਂ ਸਾਰੇ ਪਵਿੱਤਰ ਅਤੇ ਵਫ਼ਾਦਾਰ ਭਰਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮਸੀਹ ਵਿੱਚ ਨਿਹਚਾ ਰੱਖਦੇ ਹਨ ਅਤੇ ਜਿਹੜੇ ਕੁਲੁੱਸੈ ਸ਼ਹਿਰ ਵਿੱਚ ਰਹਿੰਦੇ ਹਨ। ਪਰਮੇਸ਼ੁਰ ਸਾਡੇ ਪਿਤਾ, ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ। 3ਜਦੋਂ ਵੀ ਅਸੀਂ ਤੁਹਾਡੇ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ, ਅਸੀਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰਦੇ ਹਾਂ। 4ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਤੁਹਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰੇਮ ਬਾਰੇ ਸੁਣਿਆ ਹੈ। 5ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਤੁਸੀਂ ਆਸ ਰੱਖਦੇ ਹੋ ਤੁਹਾਡੇ ਲਈ ਸਵਰਗ ਵਿੱਚ ਸੁਰੱਖਿਆਤ ਰੱਖੀਆਂ ਗਈਆਂ ਹਨ। ਤੁਸੀਂ ਉਸ ਆਸ ਬਾਰੇ ਉਦੋਂ ਸਿੱਖਿਆ ਜਦੋਂ ਤੁਸੀਂ ਸੱਚੇ ਉਪਦੇਸ਼, ਖੁਸ਼ਖਬਰੀ ਨੂੰ ਸੁਣਿਆ ਸੀ। 6ਜਿਹੜੀ ਖੁਸ਼ਖਬਰੀ ਤੁਹਾਨੂੰ ਕਹੀ ਗਈ ਸੀ ਫ਼ਲ ਦੇ ਰਹੀ ਹੈ ਅਤੇ ਸਾਰੀ ਦੁਨੀਆਂ ਵਿੱਚ ਵੱਧ ਰਹੀ ਹੈ। ਹੁਣ ਤੱਕ ਤੁਹਾਡੇ ਨਾਲ ਵੀ ਉਹੀ ਗੱਲ ਵਾਪਰੀ ਜਿਸ ਸਮੇਂ ਤੋਂ ਤੁਸੀਂ ਖੁਸ਼ਖਬਰੀ ਸੁਣੀ ਅਤੇ ਪਰਮੇਸ਼ੁਰ ਦੀ ਕਿਰਪਾ ਬਾਰੇ ਸੱਚਮੁੱਚ ਸਮਝ ਗਏ। 7ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿੱਖਿਆ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ। 8ਇਪਾਫ਼੍ਰਾਸ ਨੇ ਸਾਨੂੰ ਤੁਹਾਡੇ ਉਸ ਪ੍ਰੇਮ ਬਾਰੇ ਵੀ ਦੱਸਿਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਪਾਸੋਂ ਮਿਲਿਆ ਹੈ। 9ਜਿਸ ਦਿਨ ਤੋਂ ਅਸੀਂ ਤੁਹਾਡੇ ਬਾਰੇ ਇਹ ਸਭ ਸੁਣਿਆ ਹੈ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ। ਅਸੀਂ ਤੁਹਾਡੇ ਲਈ ਇਨ੍ਹਾਂ ਗੱਲਾਂ ਦੀ ਪ੍ਰਾਰਥਨਾ ਕਰ ਰਹੇ ਹਾਂ: ਤੁਹਾਨੂੰ ਉਸ ਬਾਰੇ ਪੂਰਾ ਗਿਆਨ ਹੋਵੇ ਜੋ ਪਰਮੇਸ਼ੁਰ ਚਾਹੁੰਦਾ ਹੈ; ਤੁਹਾਡੇ ਕੋਲ ਮਹਾਨ ਸਿਆਣਪ ਅਤੇ ਆਤਮਕ ਗੱਲਾਂ ਵਿੱਚ ਸਮਝਦਾਰੀ ਹੋਵੇ; 10ਤੁਸੀਂ ਅਜਿਹੇ ਢੰਗ ਨਾਲ ਜੀਵੋ ਜੋ ਪ੍ਰਭੂ ਨੂੰ ਮਾਣ ਲਿਆਉਂਦਾ ਹੋਵੇ ਅਤੇ ਉਸ ਨੂੰ ਹਰ ਤਰ੍ਹਾਂ ਪ੍ਰਸੰਨ ਕਰਦਾ ਹੋਵੇ; ਤੁਸੀਂ ਸਭ ਤਰ੍ਹਾਂ ਦੇ ਚੰਗੇ ਕੰਮ ਕਰ ਸੱਕੋਂ ਅਤੇ ਪਰਮੇਸ਼ੁਰ ਦੇ ਪੂਰਨ ਗਿਆਨ ਵਿੱਚ ਵੱਧ ਸੱਕੋਂ; 11ਪਰਮੇਸ਼ੁਰ ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਬਲ ਬਖਸ਼ੇ ਤਾਂ ਜੋ ਤੁਸੀਂ ਵੱਡੇ ਸਬਰ ਨਾਲ ਸਾਰੀਆਂ ਤਕਲੀਫ਼ਾਂ ਨੂੰ ਝੱਲ ਸੱਕੋਂ। ਫ਼ੇਰ ਅਨੰਦ ਨਾਲ, 12ਤੁਸੀਂ ਪਿਤਾ ਦਾ ਧੰਨਵਾਦ ਕਰੋਂਗ਼ੇ। ਉਸ ਨੇ ਤੁਹਾਨੂੰ ਉਹ ਚੀਜ਼ਾਂ ਹਾਸਿਲ ਕਰਨ ਦੇ ਸਮਰਥ ਬਣਾਇਆ ਹੈ ਜਿਹੜੀਆਂ ਉਸ ਨੇ ਤੁਹਾਡੇ ਲਈ ਤਿਆਰ ਕੀਤੀਆਂ ਹਨ। ਉਸ ਨੇ ਇਹ ਸਭ ਚੀਜ਼ਾਂ ਆਪਣੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀਆਂ ਹਨ ਜਿਹੜੇ ਰੌਸ਼ਨੀ ਵਿੱਚ ਰਹਿੰਦੇ ਹਨ। 13ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ। 14ਉਸ ਪੁੱਤਰ ਨੇ ਸਾਡੇ ਪਾਪਾਂ ਦਾ ਮੁੱਲ ਤਾਰਿਆ ਹੈ, ਉਸ ਵਿੱਚ ਅਸੀਂ ਆਪਣੇ ਪਾਪਾਂ ਤੋਂ ਬਖਸ਼ੇ ਗਏ ਹਾਂ। 15ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸੱਕਦਾ। ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ। ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਹਾਕਮ ਹੈ ਜੋ ਸਾਜੀਆਂ ਗਈਆਂ ਹਨ। 16ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ, ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ, ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ ਅਤੇ ਉਸੇ ਲਈ ਸਾਜੀਆਂ ਗਈਆਂ ਹਨ। 17ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਇੱਥੇ ਮੌਜੂਦ ਸੀ। ਅਤੇ ਉਸ ਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ। 18ਮਸੀਹ ਸਰੀਰ ਦਾ ਮੁਖੀ ਹੈ। ਜੋ ਕਿ ਕਲੀਸਿਯਾ ਹੈ। ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ। ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਜਿਵਾਲਿਆ ਗਿਆ ਸੀ, ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮੱਹਤਵਪੂਰਣ ਹੈ। 19ਮਸੀਹ ਵਿੱਚ ਪੂਰੀ ਤਰ੍ਹਾਂ ਰਹਿਣ ਵਿੱਚ ਪਰਮੇਸ਼ੁਰ ਦੀ ਖੁਸ਼ੀ ਸੀ। 20ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ, ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ। ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ। 21ਅਤੀਤ ਵਿੱਚ, ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਤੁਸੀਂ ਆਪਣੇ ਮਨਾਂ ਅਤੇ ਆਪਣੇ ਦਿਲਾਂ ਵਿੱਚ ਵੀ ਉਸ ਦੇ ਦੁਸ਼ਮਣ ਸੀ। ਤੁਹਾਡੀਆਂ ਬਦਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਇਹ ਸੱਚ ਸੀ। 22ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰ ਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸੱਕੇ। 23ਮਸੀਹ ਅਜਿਹਾ ਹੀ ਕਰੇਗਾ ਤਾਂ ਜੋ ਤੁਸੀਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੀ ਤੁਸੀਂ ਸੁਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋਣਾ ਜਾਰੀ ਰੱਖੋਗੇ ਅਤੇ ਉਸ ਉਮੀਦ ਤੋਂ ਪਰ੍ਹਾਂ ਨਹੀਂ ਹਟੋਂਗੇ ਜੋ ਖੁਸ਼ਖਬਰੀ ਨੇ ਤੁਹਾਨੂੰ ਦਿੱਤੀ ਹੈ। ਇਸੇ ਖੁਸ਼ਖਬਰੀ ਦਾ ਪ੍ਰਚਾਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਕੀਤਾ ਗਿਆ ਹੈ। ਕਿ ਮੈਂ ਪੌਲੁਸ ਉਸਦਾ ਸੇਵਕ ਹੀ ਬਣ ਗਿਆ ਹਾਂ। 24ਤੁਹਾਡੇ ਲਈ ਦੁੱਖ ਝੱਲਣ ਵਿੱਚ ਮੈਨੂੰ ਖੁਸ਼ੀ ਹੈ। ਕਲੀਸਿਯਾ ਦੀ ਖਾਤਿਰ ਹਾਲੇ ਮਸੀਹ ਲਈ ਜੋ ਵੀ ਦੁੱਖ ਬਾਕੀ ਹਨ। ਮੈਂ ਉਨ੍ਹਾਂ ਤਕਲੀਫ਼ਾਂ ਨੂੰ ਆਪਣੇ ਸਰੀਰ ਉੱਤੇ ਪ੍ਰਵਾਨ ਕਰਦਾ ਹਾਂ। ਮੈਂ ਉਸ ਦੇ ਸਰੀਰ, ਕਲੀਸਿਯਾ ਲਈ ਤਕਲੀਫ਼ਾਂ ਝੱਲਦਾ ਹਾ। 25ਮੈਂ ਕਲੀਸਿਯਾ ਦਾ ਸੇਵਕ ਬਣ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਲਾਭ ਲਈ ਇੱਕ ਖਾਸ ਕੰਮ ਕਰਨ ਲਈ ਦਿੱਤਾ ਹੈ। ਮੇਰਾ ਕਾਰਜ ਪਰਮੇਸ਼ੁਰ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਦੱਸਣਾ ਹੈ। 26ਇਹ ਉਪਦੇਸ਼ ਉਹ ਗੁਪਤ ਸੱਚ ਹੈ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਲੋਕਾਂ ਤੋਂ ਲੁਕਾਇਆ ਹੋਇਆ ਸੀ। ਪਰ ਹੁਣ ਇਹ ਸੱਚ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਜਾਹਰ ਕੀਤਾ ਗਿਆ ਹੈ। 27ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਹ ਪਤਾ ਲਗਾਉਣ ਦਾ ਨਿਰਨਾ ਕਰ ਲਿਆ ਕਿ ਇਹ ਸੱਚ ਕਿੰਨਾ ਅਮੀਰ ਅਤੇ ਮਹਿਮਾਮਈ ਹੈ। ਇਹ ਗੁਪਤ ਸੱਚ ਸਮੂਹ ਕੌਮਾਂ ਲਈ ਹੈ। ਇਹ ਸੱਚਾਈ ਖੁਦ ਮਸੀਹ ਹੈ ਜਿਸਦਾ ਨਿਵਾਸ ਤੁਹਾਡੇ ਅੰਦਰ ਹੈ ਮਹਿਮਾ ਲਈ ਉਹ ਸਾਡੀ ਇੱਕੋ ਇੱਕ ਉਮੀਦ ਹੈ। 28ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ। 29ਇਸ ਮੰਤਵ ਨਾਲ, ਮੈਂ ਉਸ ਤਾਕਤ ਨਾਲ ਸਖਤ ਮਿਹਨਤ ਕਰਦਾ ਹਾਂ ਜੋ ਮਸੀਹ ਮੈਨੂੰ ਦਿੰਦਾ ਹੈ। ਉਹ ਸ਼ਕਤੀ ਮੇਰੇ ਜੀਵਨ ਵਿੱਚ ਕਾਰਜ ਕਰ ਰਹੀ ਹੈ।

will be added

X\