ਰਸੂਲਾਂ ਦੇ ਕਰਤੱਬ 21

1ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਅਲਵਿਦਾ ਆਖਕੇ ਜਹਾਜ਼ ਵਿੱਚ ਚੱਲੇ ਗਏ। ਅਸੀਂ ਸਿੱਧਾ ਕੋਸ ਟਾਪੂ ਵੱਲ ਆਏ। ਅਗਲੇ ਦਿਨ ਅਸੀਂ ਰੋਦੁਸ ਟਾਪੂ ਵੱਲ ਗਏ ਅਤੇ ਰੋਦੁਸ ਤੋਂ ਪਾਤਰਾ ਵੱਲ ਨੂੰ। 2ਪਾਤ੍ਰਾ ਵਿੱਚ ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਵੱਲ ਦੇ ਇਲਾਕੇ ਨੂੰ ਜਾ ਰਿਹਾ ਸੀ, ਅਸੀਂ ਉਸ ਜਹਾਜ਼ ਤੇ ਸਵਾਰ ਹੋਏ ਅਤੇ ਸਫ਼ਰ ਲਈ ਤੁਰ ਪਏ। 3ਅਸੀਂ ਕੁਪਰੁਸ ਟਾਪੂ ਕੋਲ ਪਹੁੰਚੇ। ਇਹ ਸਾਨੂੰ ਉੱਤਰੀ ਦਿਸ਼ਾ ਵੱਲ ਵਿਖਾਈ ਦੇ ਰਿਹਾ ਸੀ, ਪਰ ਅਸੀਂ ਉੱਥੇ ਰੁਕੇ ਨਹੀਂ। ਅਸੀਂ ਉੱਥੋਂ ਸੁਰਿਯਾ ਵੱਲ ਨੂੰ ਚੱਲੇ ਗਏ। ਅਸੀਂ ਉੱਥੇ ਸੂਰ ਵਿੱਚ ਜਾ ਉੱਤਰੇ ਕਿਉਂਕਿ ਉੱਥੇ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। 4ਉੱਥੇ ਅਸੀਂ ਕੁਝ ਯਿਸੂ ਦੇ ਚੇਲਿਆਂ ਨੂੰ ਲੱਭਿਆ ਅਤੇ ਉਨ੍ਹਾਂ ਕੋਲ ਅਸੀਂ ਸੱਤ ਦਿਨਾਂ ਲਈ ਠਹਿਰੇ। ਉਨ੍ਹਾਂ ਨੇ ਪਵਿੱਤਰ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ। 5ਪਰ ਜਦੋਂ ਅਸੀਂ ਆਪਣੀ ਫ਼ੇਰੀ ਖਤਮ ਕੀਤੀ ਤਾਂ ਅਸੀਂ ਉੱਥੋਂ ਤੁਰ ਪਏ। ਅਸੀਂ ਆਪਣੀ ਯਾਤਰਾ ਜਾਰੀ ਰੱਖੀ। ਉੱਥੋਂ ਦੇ ਸਾਰੇ ਮਰਦ-ਔਰਤਾਂ ਅਤੇ ਬੱਚੇ ਸਾਨੂੰ ਸ਼ਹਿਰੋਂ ਬਾਹਰ ਤੱਕ ਅਲਵਿਦਾ ਆਖਣ ਸਾਡੇ ਨਾਲ ਆਏ। ਅਸੀਂ ਸਾਰਿਆਂ ਨੇ ਉੱਥੇ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। 6ਫ਼ਿਰ ਅਸੀਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਜਹਾਜ਼ ਉੱਪਰ ਚੜ੍ਹ੍ਹ ਗਏ ਅਤੇ ਉਹ ਲੋਕ ਆਪਣੇ ਘਰਾਂ ਨੂੰ ਪਰਤ ਗਏ। 7ਅਸੀਂ ਸੂਰ ਤੋਂ ਅੱਗੇ ਆਪਣੀ ਜਲ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਪਹੁੰਚੇ। ਅਸੀਂ ਉੱਥੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਇੱਕ ਦਿਨ ਠਹਿਰੇ। 8ਅਗਲੇ ਦਿਨ ਤੁਸੀਂ ਤੁਲਮਾਇਸ ਤੋਂ ਕੈਸਰਿਯਾ ਵੱਲ ਆਏ। ਅਸੀਂ ਫ਼ਿਲਿਪੁੱਸ ਦੇ ਘਰ ਅੰਦਰ ਗਏ ਅਤੇ ਉਸ ਦੇ ਨਾਲ ਠਹਿਰੇ। ਫ਼ਿਲਿਪੁੱਸ ਖੁਸ਼ਖਬਰੀ ਦਾ ਪ੍ਰਚਾਰਕ ਸੀ ਅਤੇ ਉਨ੍ਹਾਂ ਸੱਤ ਮਦਦਗਾਰਾਂ ਵਿੱਚੋਂ ਇੱਕ ਸੀ। 9ਉਸ ਦੀਆਂ ਚਾਰ ਕੁੜੀਆਂ ਸਨ ਇਨ੍ਹਾਂ ਦੇ ਹਾਲੇ ਵਿਆਹ ਨਹੀਂ ਹੋਏ ਸਨ। ਇਨ੍ਹਾਂ ਕੁੜੀਆਂ ਕੋਲ ਅਗੰਮ ਵਾਕ ਕਰਨ ਦੀ ਬਖਸ਼ਸ਼ ਸੀ। 10ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਸੀ ਤਾਂ ਉੱਥੇ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਤਰ ਆਇਆ। 11ਉਹ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਕੋਲੋਂ ਪੌਲੁਸ ਦੀ ਕਮਰ ਪੇਟੀ ਲੈ ਲਈ। ਅਤੇ ਉਸ ਕਮਰਪਟੇ ਨਾਲ ਆਪਣੇ ਹੱਥ-ਪੈਰ ਬੰਨ੍ਹ ਕੇ ਆਖਣ ਲੱਗਾ, “ਪਵਿੱਤਰ ਆਤਮਾ ਮੈਨੂੰ ਦੱਸਦਾ ਹੈ, ਕਿ ‘ਯਰੂਸ਼ਲਮ ਵਿੱਚ ਯਹੂਦੀ ਉਸ ਮਨੁੱਖ ਨੂੰ ਇਸੇ ਤਰ੍ਹਾਂ ਬੰਨ੍ਹ ਦੇਣਗੇ ਜਿਸ ਦਾ ਇਹ ਕਮਰਪਟਾ ਹੈ, ਅਤੇ ਉਸਤੋਂ ਬਾਅਦ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’” 12ਜਦੋਂ ਅਸੀਂ ਇਹ ਬਚਨ ਸੁਣੇ, ਤਾਂ ਅਸੀਂ ਅਤੇ ਆਮ ਨਿਹਚਾਵਾਨਾਂ ਨੇ ਪੌਲੁਸ ਅੱਗੇ ਯਰੂਸ਼ਲਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 13ਪਰ ਪੌਲੁਸ ਨੇ ਕਿਹਾ, “ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਮੇਰਾ ਦਿਲ ਕਿਉਂ ਤੋੜ ਰਹੇ ਹੋ। ਮੈਂ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਨੂੰ ਤਿਆਰ ਹਾਂ ਇਹੀ ਨਹੀਂ ਸਗੋਂ ਮੈਂ ਤਾਂ ਪ੍ਰਭੂ ਯਿਸੂ ਦੇ ਨਾਂ ਤੇ ਮਰ ਮਿਟਣ ਨੂੰ ਵੀ ਤਿਆਰ ਹਾਂ।” 14ਅਸੀਂ ਉਸ ਨੂੰ ਯਰੂਸ਼ਲਮ ਨੂੰ ਨਾ ਜਾਣ ਲਈ ਨਾ ਮਨਵਾ ਸੱਕੇ। ਇਸ ਲਈ ਅਸੀਂ ਅਰਜੋਈ ਬੰਦ ਕਰਕੇ ਉਸ ਨੂੰ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।” 15ਇਸਤੋਂ ਬਾਅਦ ਅਸੀਂ ਯਰੂਸ਼ਲਮ ਲਈ ਤਿਆਰ ਹੋਕੇ ਚੱਲ ਪਏ। 16ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁੜ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸ ਦੇ ਨਾਲ ਠਹਿਰ ਸੱਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ। 17ਯਰੂਸ਼ਲਮ ਵਿੱਚ ਨਿਹਚਾਵਾਨਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ। 18ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ। ਸਾਰੇ ਵਡੇਰੇ (ਕਲੀਸਿਯਾ ਦੇ ਆਗੂ) ਉੱਥੇ ਹੀ ਸਨ। 19ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ ਅਤੇ ਸਭ ਕੁਝ ਤਫ਼ਸੀਲ ਵਿੱਚ ਦੱਸਿਆ, ਜੋ ਪਰਮੇਸ਼ੁਰ ਨੇ ਉਸਦੀ ਸੇਵਾ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤਾ ਸੀ। 20ਜਦੋ ਆਗੂਆਂ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਉਨ੍ਹਾਂ ਨੇ ਪੌਲੁਸ ਨੂੰ ਕਿਹਾ, “ਭਰਾ ਤੂੰ ਵੇਖ ਸੱਕਦਾ ਹੈਂ ਕਿ ਹਜ਼ਾਰਾਂ ਹੀ ਯਹੂਦੀ ਨਿਹਚਾਵਾਨ ਬਣ ਚੁੱਕੇ ਹਨ। ਪਰ ਉਹ ਸੋਚਦੇ ਹਨ ਕਿ ਮੂਸਾ ਦੇ ਨੇਮਾਂ ਨੂੰ ਮੰਨਣਾ ਮਹੱਤਵਪੂਰਣ ਹੈ। 21ਇਨ੍ਹਾਂ ਯਹੂਦੀਆਂ ਨੇ ਤੁਹਾਡੇ ਉਪਦੇਸ਼ ਸੁਣੇ ਹਨ ਅਤੇ ਇਹ ਵੀ ਸੁਣਿਆ ਹੈ ਕਿ ਤੁਸੀਂ ਦੂਜੇ ਦੇਸ਼ਾਂ ਵਿੱਚ ਰਹਿੰਦੇ ਯਹੂਦੀਆਂ ਨੂੰ ਮੂਸਾ ਦੀ ਸ਼ਰ੍ਹਾ ਨੂੰ ਤਿਆਗਣ ਅਤੇ ਆਪਣੇ ਬੱਚਿਆਂ ਨੂੰ ਸੁੰਨਤ ਨਾ ਕਰਾਉਣ ਦਾ ਉਪਦੇਸ਼ ਦਿੰਦੇ ਹੋ। 22“ਸੋ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਯਹੂਦੀ ਨਿਹਚਾਵਾਨ ਜ਼ਰੂਰ ਸੁਣ ਲੈਣਗੇ ਕਿ ਤੂੰ ਆਇਆ ਹੈਂ। 23ਸੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ? ਸਾਡੇ ਕੋਲ ਆਦਮੀ ਹਨ ਜਿਨ੍ਹਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕੀਤਾ ਹੈ। 24ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸੱਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ। 25“ਅਸੀਂ ਪਹਿਲਾਂ ਹੀ ਉਨ੍ਹਾਂ ਗੈਰ-ਯਹੂਦੀਆਂ ਨੂੰ ਪੱਤਰ ਭੇਜ ਦਿੱਤਾ ਹੈ ਜਿਹੜੇ ਕਿ ਨਿਹਚਾਵਾਨ ਬਣ ਗਏ ਹਨ। ਉਸ ਪੱਤਰ ਵਿੱਚ ਲਿਖਿਆ ਹੈ; ‘ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ, ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ। ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।’” 26ਅਗਲੇ ਦਿਨ, ਪੌਲੁਸ ਨੇ ਆਪਣੇ ਨਾਲ ਉਨ੍ਹਾਂ ਚਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਦੇ ਨਾਲ ਸ਼ੁੱਧਤਾ ਦੀ ਰੀਤ ਨਿਭਾਈ। ਫ਼ਿਰ ਉਹ ਮੰਦਰ ਦੇ ਇਲਾਕੇ ਵਿੱਚ ਗਿਆ ਅਤੇ ਐਲਾਨ ਕੀਤਾ ਕਿ ਸ਼ੁੱਧਤਾ ਦੀ ਰੀਤ ਦੇ ਦਿਨ ਪੂਰੇ ਕਦੋਂ ਹੋਣਗੇ ਅਤੇ ਕਦੋਂ ਉਨ੍ਹਾਂ ਵਿੱਚੋਂ ਹਰੇਕ ਲਈ ਭੇਂਟ ਦਿੱਤੀ ਜਾਵੇਗੀ। 27ਤਕਰੀਬਨ ਸੱਤ ਕੁ ਦਿਨ ਖਤਮ ਹੋ ਚੁੱਕੇ ਸਨ, ਪਰ ਅਸਿਯਾ ਵਿੱਚੋਂ ਆਏ ਕੁਝ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਦੇ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। 28ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।” 29(ਇਹ ਗੱਲ ਉਨ੍ਹਾਂ ਨੇ ਇਸ ਲਈ ਆਖੀ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਜੋ ਕਿ ਯੂਨਾਨੀ ਸੀ ਪੌਲੁਸ ਦੇ ਨਾਲ ਵੇਖਿਆ ਸੀ। ਅਤੇ ਇਹ ਸੋਚਿਆ ਕਿ ਪੌਲੁਸ ਉਸ ਨੂੰ ਆਪਣੇ ਨਾਲ ਇਸ ਮੰਦਰ ਦੇ ਪਵਿੱਤਰ ਅਹਾਤੇ ਵਿੱਚ ਲਿਆਇਆ ਹੋਵੇਗਾ।) 30ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ। 31ਲੋਕ ਉਸ ਨੂੰ ਜਾਨੋਂ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਰੋਮ ਦੀ ਫ਼ੌਜ ਦੇ ਕਮਾਂਡਰ ਨੂੰ ਖਬਰ ਪਹੁੰਚੀ ਕਿ ਸਾਰੇ ਸ਼ਹਿਰ ਵਿੱਚ ਭਗਦੜ ਮੱਚੀ ਹੋਈ ਹੈ। 32ਤਾਂ ਝੱਟ ਹੀ ਕਮਾਂਡਰ ਉਸ ਭੀੜ ਵਾਲੀ ਥਾਂ ਤੇ ਪਹੁੰਚ ਗਿਆ। ਉਹ ਕੁਝ ਫ਼ੌਜੀ ਅਧਿਕਾਰੀਆਂ ਅਤੇ ਸੈਨਕਾਂ ਨੂੰ ਆਪਣੇ ਨਾਲ ਲਿਆਇਆ। ਜਦੋਂ ਲੋਕਾਂ ਨੇ ਸਰਦਾਰ ਅਤੇ ਸੈਨਕਾਂ ਨੂੰ ਆਉਂਦਿਆਂ ਵੇਖਿਆ, ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ। 33ਤਦ ਉਸ ਨੇ ਨੇੜੇ ਆਕੇ ਪੌਲੁਸ ਨੂੰ ਫ਼ੜ ਲਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹ ਦੇਣ। ਤਦ ਉਸ ਨੇ ਪੁੱਛਿਆ, “ਇਹ ਆਦਮੀ ਕੌਣ ਹੈ? ਇਸਨੇ ਕੀ ਕੀਤਾ ਹੈ?” 34ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ। 35ਸਾਰੀ ਭੀੜ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਸਿਪਾਹੀਆਂ ਨੇ ਬੇਕਾਬੂ ਭੀੜ ਕਾਰਣ ਪੌਲੁਸ ਨੂੰ ਚੁੱਕ ਲਿਆ। ਇਹ ਸਭ ਉਨ੍ਹਾਂ ਨੇ ਪੌਲੁਸ ਨੂੰ ਭੀੜ ਤੋਂ ਬਚਾਉਣ ਖਾਤਰ ਕੀਤਾ ਕਿਉਂਕਿ ਭੀੜ ਉਸ ਨੂੰ ਮਾਰਨ ਲਈ ਤਿਆਰ ਸੀ। 36ਉਹ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਰੌਲਾ ਪਾ ਰਹੇ ਸਨ, “ਇਸ ਨੂੰ ਜਾਨੋ ਮਾਰ ਦਿਓ।” 37ਸਿਪਾਹੀ ਉਸ ਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸੱਕਦਾ ਹਾਂ?” ਉਸ ਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ? 38ਤਾਂ ਫ਼ਿਰ ਤੂੰ ਉਹ ਆਦਮੀ ਨਹੀਂ ਜੋ ਮੈਂ ਸੋਚਿਆ ਸੀ ਕਿ ਤੂੰ ਹੈ। ਮੈਂ ਸੋਚਿਆ ਤੂੰ ਉਹ ਮਿਸਰੀ ਸੀ ਜਿਸਨੇ ਹਾਲ ਵਿੱਚ ਹੀ ਸਰਕਾਰ ਦੇ ਵਿਰੁੱਧ ਇੱਕ ਵਿਦ੍ਰੋਹ ਸ਼ੁਰੂ ਕੀਤਾ ਸੀ ਅਤੇ ਚਾਰ ਹਜ਼ਾਰ ਖੂਨੀਆਂ ਨੂੰ ਉਜਾੜ ਵੱਲ ਲੈ ਗਿਆ ਸੀ।” 39ਪੌਲੁਸ ਨੇ ਕਿਹਾ, “ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ। ਮੈਂ ਉਸ ਖਾਸ ਸ਼ਹਿਰ ਦਾ ਵਸਨੀਕ ਹਾਂ, ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ।” 40ਉਸ ਨੇ ਪੌਲੁਸ ਨੂੰ ਬੋਲਣ ਦੀ ਪਰਵਾਨਗੀ ਦੇ ਦਿੱਤੀ। ਤਾਂ ਪੌਲੁਸ ਪੌੜੀਆਂ ਤੇ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਲੋਕ ਸ਼ਾਂਤ ਹੋ ਗਏ, ਤਾਂ ਉਹ ਉਨ੍ਹਾਂ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਿਆ।

will be added

X\