ਰਸੂਲਾਂ ਦੇ ਕਰਤੱਬ 17

1ਤਦ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਥਸਲੁਨੀਕੇ ਸ਼ਹਿਰ ਵਿੱਚ ਆਏ, ਜਿੱਥੇ ਕਿ ਯਹੂਦੀਆਂ ਦਾ ਇੱਕ ਪ੍ਰਾਰਥਨਾ ਸਥਾਨ ਸੀ। 2ਪੌਲੁਸ ਪ੍ਰਾਰਥਨਾ ਸਥਾਨ ਦੇ ਅੰਦਰ ਗਿਆ ਅਤੇ ਉਨ੍ਹਾਂ ਨਾਲ ਵਿੱਚਾਰ ਕੀਤਾ, ਜਿਵੇਂ ਉਹ ਹਰ ਸਬਤ ਦੇ ਦਿਨ ਤਿੰਨ ਹਫ਼ਤਿਆਂ ਲਈ ਪੋਥੀਆਂ ਬਾਰੇ ਕਰਦਾ ਸੀ। 3ਪੌਲੁਸ ਨੇ ਇਨ੍ਹਾਂ ਪੋਥੀਆਂ ਨੂੰ ਯਹੂਦੀਆਂ ਨੂੰ ਵਿਸਤਾਰ ਵਿੱਚ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਨੇ ਦੁੱਖ ਭੋਗਣਾ ਹੀ ਸੀ ਅਤੇ ਫ਼ਿਰ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ। ਅਤੇ ਪੌਲੁਸ ਨੇ ਕਿਹਾ, “ਇਹ ਯਿਸੂ, ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹੈ।” 4ਕੁਝ ਯਹੂਦੀਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨਾਲ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ। ਬਹੁਤ ਮਹੱਤਵਪੂਰਣ ਯੂਨਾਨੀ ਆਦਮੀ ਅਤੇ ਔਰਤਾਂ ਵੀ ਉਨ੍ਹਾਂ ਨਾਲ ਜੁੜੀਆਂ ਜੋ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਸਨ। ਇਉਂ ਇੱਕ ਵੱਡੇ ਆਦਮੀਆਂ ਦੇ ਸਮੂਹ ਨੇ ਅਤੇ ਬਹੁਤ ਸਾਰੀਆਂ ਔਰਤਾਂ ਪੌਲੁਸ ਅਤੇ ਸੀਲਾਸ ਨਾਲ ਸ਼ਾਮਿਲ ਹੋ ਗਏ। 5ਪਰ ਉਹ ਯਹੂਦੀ, ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੇ ਕੁਝ ਭੈੜੇ ਆਦਮੀ ਸ਼ਹਿਰ ਚੋ ਭਾੜੇ ਤੇ ਲਏ ਅਤੇ ਉਨ੍ਹਾਂ ਭੈੜਿਆਂ ਨੇ ਬਹੁਤ ਸਾਰੀ ਭੀੜ ਨੂੰ ਆਪਣੇ ਮਗਰ ਲਾ ਲਿਆ ਤੇ ਸ਼ਹਿਰ ਵਿੱਚ ਦੰਗੇ ਮਚਾ ਦਿੱਤੇ। ਉਹ ਯਾਸੋਨ ਦੇ ਘਰ ਉਨ੍ਹਾਂ ਨੂੰ ਲੱਭਦੇ ਹੋਏ ਗਏ ਤਾਂ ਕਿ ਉਹ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਖੜ੍ਹਾ ਕਰ ਸੱਕਣ। 6ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉੱਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿੱਚ ਕੇ ਸ਼ਹਿਰ ਦੇ ਆਗੂਆਂ ਸਾਹਮਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁੱਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇੱਥੇ ਵੀ ਆ ਪਹੁੰਚੇ ਹਨ। 7ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਲੁਕਾਅ ਰੱਖਿਆ ਹੈ ਅਤੇ ਉਹ ਸਾਰੇ ਉਹ ਗੱਲਾਂ ਕਰਦੇ ਹਨ ਜੋ ਕੈਸਰ ਦੇ ਨੇਮ ਦੇ ਖਿਲਾਫ਼ ਹਨ। ਅਤੇ ਉਹ ਆਖਦੇ ਹਨ ਕਿ ਉੱਥੇ ਯਿਸੂ ਨਾਂ ਦਾ ਇੱਕ ਹੋਰ ਰਾਜਾ ਹੈ।” 8ਭੀੜ ਅਤੇ ਆਗੂਆਂ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹ ਪਰੇਸ਼ਾਨ ਹੋ ਗਏ। 9ਉਨ੍ਹਾਂ ਨੇ ਯਾਸੋਨ ਅਤੇ ਹੋਰ ਨਿਹਚਾਵਾਨਾਂ ਤੇ ਜ਼ੁਰਮਾਨਾ ਲਗਾਇਆ ਤੇ ਫ਼ਿਰ ਉਨ੍ਹਾਂ ਨੂੰ ਜਾਣ ਦਿੱਤਾ। 10ਉਸੇ ਰਾਤ ਨਿਹਚਾਵਾਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਦੇ ਸ਼ਹਿਰ ਵਿੱਚ ਭੇਜ ਦਿੱਤਾ। ਜਦ ਉਹ ਉੱਥੇ ਪਹੁੰਚੇ ਤਾਂ ਉੱਥੇ ਉਹ ਯਹੂਦੀ ਪ੍ਰਾਰਥਨਾ ਸਥਾਨ ਤੇ ਗਏ। 11ਏਥੋਂ ਦੇ ਯਹੂਦੀ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ। ਉਹ ਉਨ੍ਹਾਂ ਦਾ ਸੰਦੇਸ਼ ਸੁਣਕੇ ਬਹੁਤ ਖੁਸ਼ ਸਨ। ਅਤੇ ਬਰਿਯਾ ਦੇ ਯਹੂਦੀ ਰੋਜ਼ ਇਨ੍ਹਾਂ ਪੋਥੀਆਂ ਨੂੰ ਪੜ੍ਹਦੇ ਕਿ ਵੇਖੀਏ ਜੋ ਇਨ੍ਹਾਂ ਵਿੱਚ ਆਖਿਆ ਗਿਆ ਹੈ ਉਹ ਸੱਚ ਹੈ ਜਾਂ ਨਹੀਂ। 12ਉਨ੍ਹਾਂ ਵਿੱਚੋਂ ਬਹੁਤ ਯਹੂਦੀ ਨਿਹਚਾਵਾਨ ਬਣ ਗਏ ਅਤੇ ਬਹੁਤ ਸਾਰੇ ਮਹੱਤਵਪੂਰਣ ਯੂਨਾਨੀ ਮਰਦ ਅਤੇ ਔਰਤਾਂ ਨਿਹਚਾਵਾਨ ਬਣ ਗਏ। 13ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੇ ਸੁਣਿਆ ਕਿ ਪੌਲੁਸ ਨੇ ਬਰਿਯਾ ਵਿੱਚ ਵੀ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਤਾਂ ਉਹ ਉੱਥੇ ਵੀ ਆ ਗਏ। ਉਨ੍ਹਾਂ ਨੇ ਬਰਿਯਾ ਵਿੱਚ ਵੀ ਲੋਕਾਂ ਵਿੱਚ ਬੇਚੈਨੀ ਤੇ ਡਰ ਫ਼ੈਲਾ ਦਿੱਤਾ। 14ਇਸ ਲਈ ਨਿਹਚਾਵਾਨਾਂ ਨੇ ਛੇਤੀ ਹੀ ਪੌਲੁਸ ਨੂੰ ਦੂਰ ਸਮੁੰਦਰ ਨੂੰ ਭੇਜ ਦਿੱਤਾ। ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ। 15ਜਿਹੜੇ ਨਿਹਚਾਵਾਨ ਪੌਲੁਸ ਨਾਲ ਗਏ, ਉਸ ਨੂੰ ਅਥੇਨੈ ਤੱਕ ਦੂਰ ਲੈ ਗਏ। ਫ਼ਿਰ ਉਹ ਬਰਿਯਾ ਨੂੰ ਮੁੜਨ ਲਈ ਵਿਦਾ ਹੋ ਗਏ ਤੇ ਆਪਣੇ ਨਾਲ ਪੌਲੁਸ ਵੱਲੋਂ ਸੀਲਾਸ ਅਤੇ ਤਿਮੋਥਿਉਸ ਲਈ ਇੱਕ ਸੰਦੇਸ਼ ਲੈ ਕੇ ਗਏ, “ਜਿੰਨੀ ਛੇਤੀ ਹੋ ਸੱਕੇ ਮੇਰੇ ਨਾਲ ਸ਼ਾਮਿਲ ਹੋਣ ਲਈ ਆਓ।” 16ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬੜਾ ਦੁੱਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ। 17ਪ੍ਰਾਰਥਨਾ ਸਥਾਨ ਵਿੱਚ, ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸ ਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿੱਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ। 18ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ। ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।” 19ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ। 20ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹੜੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।” 21(ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿੱਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।) 22ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੇ ਆਖਿਆ, “ਹੇ ਅਥੈਨੇ ਦੇ ਪੁਰੱਖੋ। ਮੈਂ ਵੇਖ ਸੱਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬੜੇ ਧਾਰਮਿਕ ਹੋ। 23ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, ‘ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।’ ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ। 24“ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿੱਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। 25ਇਹ ਉਹ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸ ਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋੜ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸ ਨੂੰ ਜ਼ਰੂਰਤ ਹੈ। 26ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ। 27“ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ। 28ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’ 29“ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ। 30ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ। 31ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸ ਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸ ਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸ ਨੇ ਇਉਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।” 32ਜਦੋਂ ਲੋਕਾਂ ਨੇ ਯਿਸੂ ਦਾ ਮੁਰਦਿਆਂ ਚੋਂ ਜੀ ਉੱਠਣ ਬਾਰੇ ਸੁਣਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮਖੌਲ ਕੀਤਾ। ਲੋਕਾਂ ਕਿਹਾ, “ਅਸੀਂ ਇਸ ਬਾਰੇ ਹੋਰ ਵਿਸਤਾਰ ਤੇਰੇ ਕੋਲੋਂ ਬਾਅਦ ਵਿੱਚ ਸੁਣਾਂਗੇ।” 33ਇਸ ਲਈ ਪੌਲੁਸ ਉੱਥੋਂ ਦੂਰ ਚੱਲਿਆ ਗਿਆ। 34ਪਰ ਕੁਝ ਲੋਕ ਉਸ ਦੇ ਸੰਗ ਹੋ ਗਏ ਅਤੇ ਨਿਹਚਾਵਾਨ ਬਣ ਗਏ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ ਸੀ, ਜੋ ਅਰਿਯੁਪਗੀ ਸਭਾ ਦਾ ਇੱਕ ਸਦੱਸ ਸੀ। ਇੱਕ ਦਾਮਰਿਸ ਨਾਂ ਦੀ ਔਰਤ ਅਤੇ ਕੁਝ ਹੋਰ ਲੋਕਾਂ ਨੇ ਵੀ ਨਿਹਚਾ ਕੀਤਾ।

will be added

X\