3 ਯੂਹੰਨਾ 1

1ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭਕਾਮਨਾਵਾਂ, ਜਿਸ ਨੂੰ ਮੈਂ ਸੱਚਾ ਪਿਆਰ ਕਰਦਾ ਹਾਂ। 2ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਹਾਡੀ ਆਤਮਕ ਜ਼ਿੰਦਗੀ ਚੰਗੀ ਚੱਲ ਰਹੀ ਹੈ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਵੱਧੀਆ ਹੋਵੇ ਅਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋ। 3ਕੁਝ ਭਰਾ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਤੁਹਾਡੇ ਜੀਵਨ ਦੀ ਸਚਾਈ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਨਿਰੰਤਰ ਸੱਚ ਦੇ ਮਾਰਗ ਤੇ ਤੁਰ ਰਹੇ ਹੋ। ਇਸ ਨਾਲ ਮੈਨੂੰ ਖੁਸ਼ੀ ਹੋਈ। 4ਜਦੋਂ ਵੀ ਮੈਂ ਇਹ ਸੁਣਦਾ ਹਾਂ ਕਿ ਮੇਰੇ ਬੱਚੇ ਸੱਚ ਦੇ ਮਾਰਗ ਦਾ ਅਨੁਸਰਣ ਕਰਦੇ ਹਨ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਮੈਨੂੰ ਇਸ ਤੋਂ ਵੱਧ ਹੋਰ ਕੋਈ ਆਨੰਦ ਨਹੀਂ ਹੈ। 5ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। 6ਇਨ੍ਹਾਂ ਭਰਾਵਾਂ ਨੇ ਕਲੀਸਿਯਾ ਨੂੰ ਤੁਹਾਡੇ ਪਿਆਰ ਬਾਰੇ ਦੱਸਿਆ। ਕ੍ਰਿਪਾ ਕਰਕੇ ਉਨ੍ਹਾਂ ਦੀ ਯਾਤਰਾ ਲਈ ਉਨ੍ਹਾਂ ਦੀ ਸਹਾਇਤਾ ਕਰਨੀ ਜਾਰੀ ਰੱਖੋ। ਉਨ੍ਹਾ ਦੀ ਇਸ ਢੰਗ ਨਾਲ ਸਹਾਇਤਾ ਕਰੋ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇ। 7ਇਹ ਭਰਾ ਮਸੀਹ ਦੀ ਸੇਵਾ ਕਰਨ ਲਈ ਆਪਣੀ ਯਾਤਰਾ ਤੇ ਗਏ। ਉਨ੍ਹਾਂ ਨੇ ਅਵਿਸ਼ਵਾਸੀਆਂ ਪਾਸੋਂ ਕੋਈ ਸਹਾਇਤਾ ਪ੍ਰਵਾਨ ਨਾ ਕੀਤੀ। 8ਇਸ ਲਈ ਸਾਨੂੰ ਅਜਿਹੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ, ਤਾਂ ਅਸੀਂ ਸੱਚ ਲਈ ਉਨ੍ਹਾਂ ਦੇ ਕਾਰਜ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ। 9ਮੈਂ ਕਲੀਸਿਯਾ ਨੂੰ ਖਤ ਲਿਖਿਆ ਸੀ, ਪਰ ਦਿਯੁਤ੍ਰਿਫ਼ੇਸ ਨੇ ਸਾਡੀ ਗੱਲ ਨਹੀਂ ਸੁਣੀ। ਉਹ ਹਮੇਸ਼ਾ ਉਨ੍ਹਾਂ ਦਾ ਆਗੂ ਹੋਣ ਦਾ ਵਿਖਾਵਾ ਕਰਨਾ ਪਸੰਦ ਕਰਦਾ ਹੈ। 10ਜਦੋਂ ਮੈਂ ਆਵਾਂਗਾ, ਮੈਂ ਦਿਖਾ ਦੇਵਾਂਗਾ ਕਿ ਦਿਯੁਤ੍ਰਿਫ਼ੇਸ ਕੀ ਕਰ ਰਿਹਾ ਹੈ। ਉਹ ਝੂਠ ਬੋਲਦਾ ਹੈ ਅਤੇ ਸਾਡੇ ਬਾਰੇ ਮੰਦਾ ਬੋਲਦਾ ਹੈ। ਸਿਰਫ਼ ਇਹੀ ਹੀ ਨਹੀਂ, ਉਹ ਉਨ੍ਹਾਂ ਭਰਾਵਾਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰਦਾ ਹੈ ਜਿਹੜੇ ਮਸੀਹ ਦੀ ਸੇਵਾ ਲਈ ਯਾਤਰਾ ਕਰਦੇ ਹਨ। ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਜਿਹੜੇ ਉਨ੍ਹਾਂ ਭਰਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਲੀਸਿਯਾ ਛੱਡਣ ਲਈ ਮਜਬੂਰ ਕਰਦਾ ਹੈ। 11ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ। 12ਹਰ ਕੋਈ ਦੇਮੇਤ੍ਰਿਯੁਸ ਦੀ ਉਸਤਤਿ ਕਰਦਾ ਹੈ। ਸੱਚ ਖੁਦ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਹ ਆਖਦੇ ਹਨ। ਸਾਡੇ ਕੋਲ ਵੀ ਉਸ ਲਈ ਆਖਣ ਲਈ ਚੰਗੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਆਖਦੇ ਹਾਂ, ਸੱਚ ਹੈ। 13ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ। ਪਰ ਮੈਂ ਕਲਮ ਦਵਾਤ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। 14ਮੈਂ ਤੁਹਾਨੂੰ ਛੇਤੀ ਹੀ ਵੇਖਣ ਦੀ ਆਸ ਰੱਖਦਾ ਹਾਂ। ਫ਼ੇਰ ਅਸੀਂ ਆਮ੍ਹੋ-ਸਾਹਮਣੇ ਗੱਲ ਕਰ ਸੱਕਦੇ ਹਾਂ। 15ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮੇਰੇ ਨਾਲ ਦੇ ਇੱਥੋਂ ਦੇ ਮਿੱਤਰ ਤੁਹਾਨੂੰ ਆਪਣਾ ਪਿਆਰ ਦਿੰਦੇ ਹਨ। ਕਿਰਪਾ ਕਰਕੇ ਉੱਥੋਂ ਦੇ ਸਾਡੇ ਸਾਰੇ ਮਿੱਤਰਾਂ ਨੂੰ ਸਾਡਾ ਪਿਆਰ ਸੂਚਤ ਕਰਨਾ।

will be added

X\