WTC
Audio:
Drama
  • Drama
  • Non-Drama
Text Size

2 ਤਿਮੋਥਿਉਸ ਨੂੰ 4 - Punjabi - 2000 Edition - Bible.is - PANWTC

  1  ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਹੜਾ ਉਨ੍ਹਾਂ ਸਾਰੇ ਲੋਕਾਂ ਦਾ ਨਿਆਂ ਕਰੇਗਾ ਜੋ ਜਿਉਂਦੇ ਹਨ ਅਤੇ ਜਿਹੜੇ ਮਰ ਚੁੱਕੇ ਹਨ। ਉਸ ਕੋਲ ਇੱਕ ਬਾਦਸ਼ਾਹਤ ਹੈ ਅਤੇ ਉਹ ਫ਼ੇਰ ਆ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਇਹ ਆਦੇਸ਼ ਦਿੰਦਾ ਹਾਂ,   2  ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬੜੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।   3  ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ।   4  ਲੋਕ ਸੱਚ ਨੂੰ ਸੁਣਨਾ ਛੱਡ ਦੇਣਗੇ। ਉਹ ਮਨਘੜਤ ਕਥਾ ਕਹਾਣੀਆਂ ਦੇ ਉਪਦੇਸ਼ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ।   5  ਪਰ ਤੁਹਾਨੂੰ ਹਮੇਸ਼ਾ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਜਦੋਂ ਔਕੜਾਂ ਆਉਣ ਤਾਂ ਉਨ੍ਹਾਂ ਔਕੜਾਂ ਦਾ ਸਾਹਮਣਾ ਕਰੋ। ਖੁਸ਼ਖਬਰੀ ਫ਼ੈਲਾਉਣ ਦਾ ਕਾਰਜ ਕਰੋ। ਪਰਮੇਸ਼ੁਰ ਦੇ ਸੇਵਕਾਂ ਵਾਲੇ ਸਾਰੇ ਫ਼ਰਜ਼ ਨਿਭਾਓ।   6  ਮੇਰਾ ਜੀਵਨ ਪਰਮੇਸ਼ੁਰ ਦੀ ਭੇਟਾ ਕੀਤਾ ਜਾ ਰਿਹਾ ਹੈ। ਇਸ ਜੀਵਨ ਨੂੰ ਛੱਡਣ ਦਾ ਸਮਾਂ ਆ ਚੁੱਕਿਆ ਹੈ।   7  ਮੈਂ ਚੰਗਾ ਯੁੱਧ ਲੜਿਆ ਹਾਂ। ਮੈਂ ਦੌੜ ਪੂਰੀ ਕੀਤੀ ਹੈ। ਮੈਂ ਸੱਚੇ ਵਿਸ਼ਵਾਸ ਦਾ ਅਨੁਸਰਣ ਕੀਤਾ ਹੈ।   8  ਹੁਣ ਧਾਰਮਿਕਤਾ ਦਾ ਇੱਕ ਤਾਜ ਮੇਰੀ ਉਡੀਕ ਕਰ ਰਿਹਾ ਹੈ ਪਰਮੇਸ਼ੁਰ ਹੀ ਹੈ ਜਿਹੜਾ ਨਿਰਪੱਖ ਨਿਆਂ ਕਰਦਾ ਹੈ ਉਸ ਦਿਨ ਉਹ ਮੈਨੂੰ ਇੱਕ ਤਾਜ ਦੇਵੇਗਾ। ਉਹ ਇਹ ਤਾਜ ਸਿਰਫ਼ ਮੈਨੂੰ ਹੀ ਨਹੀਂ ਦੇਵੇਗਾ, ਸਗੋਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੀ ਦੇਵੇਗਾ ਜਿਹੜੇ ਤਾਂਘ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।   9  ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਜਲਦੀ ਤੋਂ ਜਲਦੀ ਮੇਰੇ ਕੋਲ ਆ ਜਾਓ।   10  ਦੇਮਾਸ ਨੇ ਮੈਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੇ ਇਸ ਦੁਨੀਆਂ ਨੂੰ ਬਹੁਤ ਪਿਆਰ ਕੀਤਾ। ਉਹ ਥੱਸਲੁਨੀਕਿਯਾ ਚੱਲਾ ਗਿਆ। ਕਰੇਸੱਕੇਸ ਗਲਾਤਿਯਾ ਅਤੇ ਤੀਤੁਸ ਦਲਮਾਤੀਯਾ ਚੱਲਾ ਗਿਆ।   11  ਲੂਕਾ ਹੀ ਹੈ ਜਿਹੜਾ ਹਾਲੇ ਤੱਕ ਮੇਰੇ ਨਾਲ ਹੈ। ਜਦੋਂ ਤੁਸੀਂ ਆਓ ਤਾਂ ਮਰਕੁਸ ਨੂੰ ਵੀ ਨਾਲ ਲੈ ਕੇ ਆਉਣਾ। ਉਹ ਇੱਥੇ ਮੇਰੇ ਕੰਮ ਵਿੱਚ ਸਹਾਇਤਾ ਕਰ ਸੱਕਦਾ ਹੈ।   12  ਮੈਂ ਤੁਖਿਕੁਸ ਨੂੰ ਅਫ਼ਸੁਸ ਭੇਜਿਆ ਹੈ।   13  ਜਦੋਂ ਮੈਂ ਤ੍ਰੋਆਸ ਵਿੱਚ ਸਾਂ ਤਾਂ ਮੈਂ ਉੱਥੇ ਆਪਣਾ ਕੋਟ ਕਾਰਪੁਸ ਕੋਲ ਛੱਡ ਆਇਆ। ਇਸ ਲਈ ਜਦੋਂ ਤੁਸੀਂ ਆਓ ਇਸ ਨੂੰ ਮੇਰੇ ਕੋਲ ਲਿਆਉਂਦੇ ਆਉਣਾ। ਨਾਲੇ ਮੇਰੀਆਂ ਕਿਤਾਬਾਂ ਵੀ ਲੈਂਦੇ ਆਉਣਾ। ਜਿਹੜੀਆਂ ਕਿਤਾਬਾਂ ਮੈਂ ਭੇਡ ਦੀ ਖੱਲ ਉੱਪਰ ਲਿਖੀਆਂ ਸਨ ਉਨ੍ਹਾਂ ਦੀ ਮੈਨੂੰ ਸਭ ਤੋਂ ਵੱਧ ਲੋੜ ਹੈ।   14  ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਸਾਰੀਆਂ ਹਾਨੀਆਂ ਪਹੁੰਚਾਹੀਆਂ। ਪ੍ਰਭੂ ਸਿਕੰਦਰ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਵੇਗਾ।   15  ਤੁਸੀਂ ਹੋਸ਼ਿਆਰ ਰਹਿਣਾ ਕਿਧਰੇ ਉਹ ਤੁਹਾਨੂੰ ਵੀ ਨੁਕਸਾਨ ਨਾ ਪਹੁੰਚਾਵੇ। ਉਹ ਸਾਡੇ ਉਪਦੇਸ਼ ਦੇ ਵਿਰੁੱਧ ਡਟਕੇ ਲੜਿਆ।   16  ਜਦੋਂ ਮੈਂ ਪਹਿਲੀ ਅਜ਼ਮਾਇਸ਼ ਵੇਲੇ ਆਪਣਾ ਬਚਾ ਕੀਤਾ, ਕਿਸੇ ਨੇ ਵੀ ਮੇਰੀ ਸਹਾਇਤਾ ਨਹੀਂ ਕੋਈ ਮੈਨੂੰ ਛੱਡ ਗਿਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰ ਦੇਵੇ।   17  ਔਰ ਪ੍ਰਭੂ ਉੱਥੇ ਮੇਰੇ ਨਾਲ ਸੀ। ਉਸ ਨੇ ਮੈਨੂੰ ਤਾਕਤ ਦਿੱਤੀ ਤਾਂ ਕਿ ਮੈਂ ਪੂਰੀ ਤਰ੍ਹਾਂ ਗੈਰ-ਯਹੂਦੀਆਂ ਨੂੰ ਖੁਸ਼ਖਬਰੀ ਦੱਸ ਸੱਕਾਂ। ਪ੍ਰਭੂ ਚਾਹੁੰਦਾ ਸੀ ਕਿ ਸਾਰੇ ਗੈਰ-ਯਹੂਦੀ ਉਸ ਖੁਸ਼ਖਬਰੀ ਨੂੰ ਸੁਨਣ। ਇਸ ਲਈ ਮੈਂ ਸ਼ੇਰ ਦੇ ਮੂੰਹੋਂ ਬਚਾਇਆ ਗਿਆ ਸੀ।   18  ਜਦੋਂ ਕੋਈ ਵਿਅਕਤੀ ਮੈਨੂੰ ਸੁਰੱਖਿਅਤ ਆਪਣੇ ਸੁਵਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।   19  ਪਰਿਸੱਕਾ ਅਤੇ ਅਕੂਲਾ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰੀਆਂ ਸ਼ੁਭਕਾਮਨਾਵਾਂ।   20  ਅਗਸਤੁਸ ਕੁਰਿੰਥੁਸ ਵਿੱਚ ਠਹਿਰ ਗਿਆ। ਅਤੇ ਮੈਂ ਤ੍ਰੋਫ਼ਿਮੁਸ ਨੂੰ ਮਿਲੇਤੁਸ ਵਿੱਚ ਛੱਡ ਆਇਆ। ਉਹ ਬਹੁਤ ਬਿਮਾਰ ਸੀ।   21  ਵੱਧ ਤੋਂ ਵੱਧ ਕੋਸ਼ਿਸ਼ ਕਰਨਾ ਕਿ ਤੁਸੀਂ ਸਰਦੀਆਂ ਤੋਂ ਪਹਿਲਾਂ ਮੇਰੇ ਕੋਲ ਆ ਸੱਕੋਂ। ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਅਤੇ ਮਸੀਹ ਵਿੱਚ ਸਾਰੇ ਭਰਾ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।   22  ਪ੍ਰਭੂ ਤੁਹਾਡੇ ਆਤਮਾ ਦੇ ਅੰਗ-ਸੰਗ ਹੋਵੇ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਨਾਲ ਹੋਵੇ।