2 ਤਿਮੋਥਿਉਸ ਨੂੰ 1

1ਮਸੀਹ ਯਿਸੂ ਦੇ ਰਸੂਲ, ਪੌਲੁਸ, ਵੱਲੋਂ ਸ਼ੁਭਕਾਮਨਾਵਾਂ। ਮੈਂ ਰਸੂਲ ਇਸ ਲਈ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਹੈ। ਪਰਮੇਸ਼ੁਰ ਨੇ ਮੈਨੂੰ ਲੋਕਾਂ ਨੂੰ ਜੀਵਨ ਦੇ ਉਸ ਵਾਅਦੇ ਬਾਰੇ ਦੱਸਣ ਲਈ ਭੇਜਿਆ ਹੈ ਜਿਹੜਾ ਮਸੀਹ ਯਿਸੂ ਵਿੱਚ ਹੈ। 2ਤਿਮੋਥਿਉਸ ਨੂੰ, ਤੁਸੀਂ ਮੇਰੇ ਲਈ ਪਿਆਰੇ ਪੁੱਤਰ ਵਰਗੇ ਹੋ। ਪਰਮੇਸ਼ੁਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ, ਵੱਲੋਂ ਤੁਹਾਨੂੰ ਕਿਰਪਾ, ਮਿਹਰ ਅਤੇ ਸ਼ਾਂਤੀ ਹੋਵੇ। 3ਮੈਂ ਹਮੇਸ਼ਾ ਦਿਨ ਰਾਤ ਤੁਹਾਨੂੰ ਆਪਣੀਆਂ ਪ੍ਰਾਰਥਨਾ ਵਿੱਚ ਚੇਤੇ ਕਰਦਾ ਹਾਂ। ਇਨ੍ਹਾਂ ਪ੍ਰਾਰਥਨਾ ਵਿੱਚ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹੀ ਪਰਮੇਸ਼ੁਰ ਹੈ ਜਿਸਦੀ ਮੇਰੇ ਪੁਰਖਿਆਂ ਨੇ ਸੇਵਾ ਕੀਤੀ ਸੀ। ਮੈਂ ਵੀ ਹਮੇਸ਼ਾ ਉਸਦੀ ਅਜਿਹੇ ਕੰਮ ਕਰਦਿਆਂ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਮੈਂ ਸਹੀ ਸਮਝਿਆ ਹੈ। 4ਜਿਹੜੇ ਅੱਥਰੂ ਤੁਸੀਂ ਮੇਰੇ ਲਈ ਵਹਾਏ ਨੇ ਮੈਨੂੰ ਯਾਦ ਆਉਂਦੇ ਹਨ। ਮੈਂ ਤੁਹਾਨੂੰ ਮਿਲਣ ਲਈ ਬੇਤਾਬ ਹਾਂ ਤਾਂ ਜੋ ਮੈਂ ਭਰਪੂਰ ਖੁਸ਼ੀ ਹਾਸਿਲ ਕਰ ਸੱਕਾਂ। 5ਮੈਂ ਤੁਹਾਡੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ। ਇਹ ਉਹੀ ਵਿਸ਼ਵਾਸ ਹੈ ਜਿਹੜੀ ਤੁਹਾਡੀ ਨਾਨੀ ਲੋਇਸ ਅਤੇ ਤੁਹਾਡੀ ਮਾਤਾ ਯੂਨੀਕਾ ਨੂੰ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਉਹੀ ਵਿਸ਼ਵਾਸ ਹੈ। 6ਇਸੇ ਲਈ ਮੈਂ ਚਾਹੁੰਨਾ ਕਿ ਤੁਸੀਂ ਉਸ ਦਾਤ ਨੂੰ ਚੇਤੇ ਕਰੋ ਜਿਹੜੀ ਤੁਹਾਨੂੰ ਪਰਮੇਸ਼ੁਰ ਨੇ ਬਖਸ਼ੀ ਸੀ। ਪਰਮੇਸ਼ੁਰ ਨੇ ਇਹ ਦਾਤ ਤੁਹਾਨੂੰ ਉਦੋਂ ਬਖਸ਼ੀ ਸੀ ਜਦੋਂ ਮੈਂ ਤੁਹਾਡੇ ਤੇ ਆਪਣੇ ਹੱਥ ਰੱਖੇ ਸਨ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਦਾਤ ਦੀ ਵਰਤੋਂ ਕਰੋ ਅਤੇ ਇਸ ਨੂੰ ਉਸੇ ਤਰ੍ਹਾਂ ਪ੍ਰਫ਼ੁੱਲਤ ਹੋਣ ਦਿਉ ਜਿਵੇਂ ਅੱਗ ਦੀ ਚੰਗਿਆੜੀ ਲਾਟ ਬਣ ਜਾਂਦੀ ਹੈ। 7ਪਰਮੇਸ਼ੁਰ ਨੇ ਸਾਨੂੰ ਅਜਿਹਾ ਆਤਮਾ ਨਹੀਂ ਦਿੱਤਾ ਜਿਹੜਾ ਸਾਨੂੰ ਡਰਪੋਕ ਬਣਾਉਂਦਾ ਹੋਵੇ। ਪਰਮੇਸ਼ੁਰ ਨੇ ਸਾਨੂੰ ਸ਼ਕਤੀ, ਪ੍ਰੇਮ ਅਤੇ ਸ੍ਵੈਂ-ਸੰਜ਼ਮ ਦਾ ਆਤਮਾ ਪ੍ਰਦਾਨ ਕੀਤਾ ਹੈ। 8ਇਸ ਲਈ ਲੋਕਾਂ ਨੂੰ ਸਾਡੇ ਪ੍ਰਭੂ ਯਿਸੂ ਬਾਰੇ ਦੱਸੱਦਿਆਂ ਸੰਗੋ ਨਾ। ਅਤੇ ਮੇਰੇ ਲਈ ਵੀ ਸ਼ਰਮਸਾਰ ਨਾ ਹੋਵੋ। ਕਿਉਂਕਿ ਮੈਂ ਪ੍ਰਭੂ ਦੇ ਨਮਿੱਤ ਕੈਦ ਵਿੱਚ ਹਾਂ। ਪਰ ਮੇਰੇ ਨਾਲ ਖੁਸ਼ਖਬਰੀ ਲਈ ਕਸ਼ਟ ਸਹਾਰੋ। ਪਰਮੇਸ਼ੁਰ ਸਾਨੂੰ ਅਜਿਹਾ ਕਰਨ ਲਈ ਬਲ ਬਖਸ਼ਦਾ ਹੈ। 9ਪਰਮੇਸ਼ੁਰ ਨੇ ਸਾਨੂੰ ਬਚਾਇਆ ਅਤੇ ਸਾਨੂੰ ਆਪਣੇ ਪਵਿੱਤਰ ਲੋਕ ਬਣਾਇਆ। ਇਹ ਇਸ ਲਈ ਨਹੀਂ ਕਿ ਅਸੀਂ ਕੁਝ ਕੀਤਾ ਹੈ ਬਲਕਿ ਇਹ ਉਸ ਦੇ ਆਪਣੇ ਇਰਾਦੇ ਅਤੇ ਕਿਰਪਾ ਕਾਰਣ ਹੋਇਆ ਹੈ। ਇਹ ਕਿਰਪਾ ਸਾਨੂੰ ਦੁਨੀਆਂ ਦੇ ਮੁੱਢੋਂ ਮਸੀਹ ਯਿਸੂ ਰਾਹੀਂ ਪ੍ਰਦਾਨ ਕੀਤੀ ਗਈ ਹੈ। 10ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ। 11ਮੈਨੂੰ ਇਹ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਮੈਨੂੰ ਰਸੂਲ ਦੇ ਤੌਰ ਤੇ ਅਤੇ ਖੁਸ਼ਖਬਰੀ ਦਾ ਗੁਰੂ ਚੁਣਿਆ ਗਿਆ ਹੈ। 12ਹੁਣ ਮੈਂ ਇਹ ਕਸ਼ਟ ਇਸ ਲਈ ਸਹਾਰ ਰਿਹਾ ਹਾਂ ਕਿਉਂਕਿ ਮੈਂ ਇਹ ਖੁਸ਼ਖਬਰੀ ਦੱਸ ਰਿਹਾ ਹਾਂ। ਪਰ ਮੈਂ ਸ਼ਰਮਸਾਰ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਉਸਦੀ ਰਾਖੀ ਕਰਨ ਦੇ ਸਮਰਥ ਹੈ ਜੋ ਉਸ ਨੇ ਮੈਨੂੰ ਅੰਤਲੇ ਦਿਹਾੜੇ ਤੱਕ ਸੌਂਪਿਆ ਹੈ। 13ਉਨ੍ਹਾਂ ਸੱਚੇ ਉਪਦੇਸ਼ਾਂ ਉੱਤੇ ਚੱਲੋਂ ਜਿਹੜੇ ਤੁਸੀਂ ਮੇਰੇ ਕੋਲੋਂ ਸੁਣੇ ਹਨ। ਉਨ੍ਹਾਂ ਉਪਦੇਸ਼ਾਂ ਦਾ ਅਨੁਸਰਣ ਕਰੋ ਜਿਹੜੇ ਸਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਨਾਲ ਹਨ। 14ਜਿਹੜਾ ਸੱਚ ਤੁਹਾਨੂੰ ਦਿੱਤਾ ਗਿਆ ਹੈ ਉਸਦੀ ਰੱਖਿਆ ਕਰੋ। ਉਨ੍ਹਾਂ ਚੀਜ਼ਾਂ ਦੀ ਰਾਖੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਕਰੋ। ਉਹ ਪਵਿੱਤਰ ਆਤਮਾ ਸਾਡੇ ਅੰਦਰ ਵੱਸਦਾ ਹੈ। 15ਤੁਸੀਂ ਜਾਣਦੇ ਹੋ ਕਿ ਅਸਿਯਾ ਦੇ ਦੇਸ਼ ਵਿੱਚ ਹਰ ਵਿਅਕਤੀ ਨੇ ਮੈਨੂੰ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਫ਼ੁਗਿਲੁਸ ਅਤੇ ਹਰਮੁਗਨੇਸ ਨੇ ਵੀ ਮੈਨੂੰ ਛੱਡ ਦਿੱਤਾ ਹੈ। 16ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਸਿਫ਼ੁਰੁਸ ਦੇ ਪਰਿਵਾਰ ਉੱਤੇ ਮਿਹਰ ਦਰਸ਼ਾਵੇਗਾ। ਉਨਸਿਫ਼ੁਰੁਸ ਨੇ ਕਈ ਵਾਰੀ ਮੇਰੀ ਸਹਾਇਤਾ ਕੀਤੀ ਹੈ। ਉਹ ਇਸ ਗੱਲੋਂ ਸ਼ਰਮਸਾਰ ਨਹੀਂ ਕਿ ਮੈਂ ਕੈਦ ਵਿੱਚ ਹਾਂ। 17ਨਹੀਂ। ਉਹ ਸ਼ਰਮਸਾਰ ਨਹੀਂ ਸੀ ਜਦੋਂ ਉਹ ਰੋਮ ਵਿੱਚ ਆਇਆ ਉਸ ਨੇ ਮੇਰੀ ਹਰ ਥਾਂ ਭਾਲ ਕੀਤੀ ਤੇ ਮੈਨੂੰ ਆਖਿਰਕਾਰ ਲੱਭ ਲਿਆ। 18ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।

will be added

X\