2 ਪਤਰਸ 3

1ਮੇਰੇ ਮਿੱਤਰੋ ਤੁਹਾਡੇ ਵੱਲ ਇਹ ਮੇਰੀ ਦੂਜੀ ਚਿੱਠੀ ਹੈ। ਮੈਂ ਤੁਹਾਨੂੰ ਇਹ ਦੋਵੇਂ ਚਿੱਠੀਆਂ ਇਮਾਨਦਾਰੀ ਨਾਲ ਸੋਚਣ ਲਈ, ਹੌਂਸਲਾ ਦੇਣ ਲਈ, ਅਤੇ ਇਹ ਗੱਲਾਂ ਚੇਤੇ ਰੱਖਣ ਲਈ ਲਿਖੀਆਂ ਹਨ। 2ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਚੇਤੇ ਕਰੋ ਜਿਹੜੇ ਅਤੀਤ ਵਿੱਚ ਪਵਿੱਤਰ ਨਬੀਆਂ ਨੇ ਬੋਲੇ ਸਨ। ਸਾਡੇ ਪ੍ਰਭੂ ਅਤੇ ਮੁਕਤੀਦਾਤੇ ਨੇ ਇਹ ਹੁਕਮ ਸਾਨੂੰ ਤੁਹਾਡੇ ਰਸੂਲਾਂ ਰਾਹੀਂ ਦਿੱਤਾ ਸੀ। 3ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ। 4ਉਹ ਲੋਕ ਆਖਣਗੇ, “ਉਸਨੇ ਫ਼ੇਰ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ? ਸਾਡੇ ਪਿਉ ਦਾਦੇ ਮਰ ਚੁੱਕੇ ਹਨ। ਪਰ ਦੁਨੀਆਂ ਓਸੇ ਤਰ੍ਹਾਂ ਚੱਲ ਰਹੀ ਹੈ ਜਿਸ ਤਰ੍ਹਾਂ ਇਹ ਜਦੋਂ ਤੋਂ ਬਣਾਈ ਗਈ ਸੀ।” 5ਪਰ ਇਹ ਲੋਕ ਉਹ ਚੇਤੇ ਕਰਨਾ ਪਸੰਦ ਨਹੀਂ ਕਰਦੇ ਜੋ ਬਹੁਤ ਪਹਿਲਾਂ ਵਾਪਰਿਆ ਸੀ। ਅਕਾਸ਼ ਉੱਥੇ ਹੀ ਸੀ ਅਤੇ ਪਰਮੇਸ਼ੁਰ ਨੇ ਧਰਤੀ ਨੂੰ ਪਾਣੀ ਤੋਂ ਅਤੇ ਪਾਣੀ ਨਾਲ ਸਾਜਿਆ। ਇਹ ਸਭ ਕੁਝ ਉਸ ਦੇ ਬਚਨ ਨਾਲ ਸਾਜਿਆ ਗਿਆ ਹੈ। 6ਉਸ ਦੁਨੀਆਂ ਵਿੱਚ ਹੜ੍ਹ ਆਏ ਅਤੇ ਪਾਣੀ ਦੁਆਰਾ ਨਸ਼ਟ ਹੋ ਗਈ। 7ਪਰਮੇਸ਼ੁਰ ਦਾ ਉਹੀ ਬਚਨ ਅਕਾਸ਼ ਅਤੇ ਧਰਤੀ ਨੂੰ ਰੱਖਦਾ ਹੈ ਜਿਹੜਾ ਹੁਣ ਸਾਡੇ ਕੋਲ ਹੈ। ਉਹ ਅੱਗ ਦੁਆਰਾ ਤਬਾਹੀ ਲਈ ਰੱਖੇ ਜਾ ਰਹੇ ਹਨ। ਇਹ ਨਿਆਂ ਦੇ ਦਿਨ ਤੱਕ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਤਬਾਹੀ ਲਈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਮੁੜਦੇ ਹਨ। 8ਪਰ ਮੇਰੇ ਪਿਆਰੇ ਮਿੱਤਰੋ। ਇਹ ਇੱਕ ਗੱਲ ਨਾ ਭੁੱਲਿਓ। ਪ੍ਰਭੂ ਲਈ ਇੱਕ ਦਿਨ ਹਜ਼ਾਰਾਂ ਸਾਲਾਂ ਵਰਗਾ ਹੈ ਅਤੇ ਹਜ਼ਾਰਾਂ ਸਾਲ ਇੱਕ ਦਿਨ ਵਰਗੇ ਹਨ। 9ਪ੍ਰਭੂ ਉਹ ਗੱਲ ਕਰਨ ਵਿੱਚ ਢਿੱਲ ਨਹੀਂ ਲਾ ਰਿਹਾ ਜਿਸ ਬਾਰੇ ਉਸ ਨੇ ਵਾਅਦਾ ਕੀਤਾ ਹੈ, ਜਿਵੇਂ ਕੁਝ ਲੋਕ ਸਮਝਦੇ ਹਨ। ਪਰ ਪਰਮੇਸ਼ੁਰ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਤਬਾਹ ਹੋ ਜਾਵੇ। ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਬਦਲ ਦੇਵੇ ਅਤੇ ਪਾਪ ਕਰਨਾ ਛੱਡ ਦੇਵੇ। 10ਪ੍ਰਭੂ ਦੇ ਆਉਣ ਦਾ ਦਿਨ ਉਸੇ ਤਰ੍ਹਾਂ ਹੈਰਾਨੀਜਨਕ ਹੋਵੇਗਾ ਜਿਵੇਂ ਇੱਕ ਚੋਰ ਆਉਂਦਾ ਹੈ। ਇੱਕ ਉੱਚੀ ਅਵਾਜ਼ ਨਾਲ ਅਕਾਸ਼ ਅਲੋਪ ਹੋ ਜਾਵੇਗਾ ਅਤੇ ਅਕਾਸ਼ ਵਿੱਚਲੀ ਹਰ ਚੀਜ਼ ਅੱਗ ਦੁਆਰਾ ਤਬਾਹ ਕਰ ਦਿੱਤੀ ਜਾਵੇਗੀ। ਧਰਤੀ ਅਤੇ ਇਸ ਉਤਲੀ ਹਰ ਸ਼ੈਅ ਸਾੜ ਦਿੱਤੀ ਜਾਵੇਗੀ। 11ਇਸ ਤਰ੍ਹਾਂ ਹਰ ਚੀਜ਼ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤਬਾਹ ਹੋ ਜਾਵੇਗੀ। ਇਸ ਲਈ ਸੋਚੋ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਇੱਕ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਗੱਲਾਂ ਕਰਨੀਆਂ ਚਾਹੀਦੀਆਂ ਹਨ। 12ਤੁਹਾਨੂੰ ਪਰਮੇਸ਼ੁਰ ਦੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖੋ। ਜਦੋਂ ਉਹ ਦਿਨ ਆਵੇਗਾ, ਅਕਾਸ਼ ਅੱਗ ਦੁਆਰਾ ਤਬਾਹ ਹੋ ਜਾਵੇਗਾ, ਅਤੇ ਇਸ ਵਿੱਚਲਾ ਸਭ ਕੁਝ ਗਰਮੀ ਦੇ ਕਾਰਣ ਪਿਘਲ ਜਾਵੇਗਾ। 13ਪਰ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਧਾਰਮਿਕਤਾ ਵੱਸੇਗੀ। 14ਇਸ ਲਈ ਮੇਰੇ ਪਿਆਰੇ ਮਿੱਤਰੋ, ਕਿਉਂ ਕਿ ਤੁਸੀਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਂ ਪਰਮੇਸ਼ੁਰ ਅੱਗੇ ਸ਼ੁੱਧ ਅਤੇ ਨਿਰਦੋਸ਼ ਪ੍ਰਗਟ ਹੋਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਸ਼ਾਂਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। 15ਯਾਦ ਰੱਖੋ ਕਿ ਪਰਮੇਸ਼ੁਰ ਦਾ ਸਬਰ ਬਚਣ ਦਾ ਇੱਕ ਮੌਕਾ ਹੈ। ਸਾਡੇ ਪਿਆਰੇ ਭਰਾ ਪੌਲੁਸ ਨੇ ਤੁਹਾਨੂੰ ਇਹੀ ਗੱਲ ਦੱਸੀ ਸੀ ਜਦੋਂ ਉਸ ਨੇ ਤੁਹਾਨੂੰ ਉਸ ਸਿਆਣਪ ਨਾਲ ਚਿੱਠੀ ਲਿਖੀ ਸੀ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਸੂਝ ਦਿੱਤੀ ਸੀ। 16ਪੌਲੁਸ ਆਪਣੇ ਸਾਰੇ ਪੱਤਰਾਂ ਵਿੱਚ ਇਨ੍ਹਾਂ ਗੱਲਾਂ ਬਾਰੇ ਇਸੇ ਤਰ੍ਹਾਂ ਹੀ ਲਿਖਦਾ ਹੈ। ਉਸਦੀਆਂ ਲਿਖਤਾਂ ਵਿੱਚ, ਕੁਝ ਗੱਲਾਂ ਹਨ ਜਿਹੜੀਆਂ ਸਮਝਣ ਲਈ ਔਖੀਆਂ ਹਨ। ਅਣਜਾਣ ਲੋਕੀਂ ਅਤੇ ਉਹ ਲੋਕ ਜੋ ਨਿਹਚਾ ਵਿੱਚ ਕਮਜ਼ੋਰ ਹਨ, ਜਾਣ ਬੁੱਝਕੇ ਅਜਿਹੀਆਂ ਗੱਲਾਂ ਦਾ ਗਲਤ ਮਤਲਬ ਦਿੰਦੇ ਹਨ। ਉਹ ਦੂਸਰੀਆਂ ਪੋਥੀਆਂ ਨਾਲ ਵੀ ਉਹੀ ਸਲੂਕ ਕਰਦੇ ਹਨ। ਅਜਿਹਾ ਕਰਕੇ, ਉਹ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ। 17ਪਿਆਰੇ ਮਿੱਤਰੋ, ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਦੇ ਹੋ। ਇਸ ਲਈ ਹੁਸ਼ਿਆਰ ਰਹੋ। ਮੰਦੇ ਲੋਕਾਂ ਨੂੰ ਇਨ੍ਹਾਂ ਗਲਤ ਅੰਦਾਜ਼ਿਆਂ ਨਾਲ ਤੁਹਾਨੂੰ ਸਹੀ ਰਾਹ ਤੋਂ ਭਟਕਾਉਣ ਅਤੇ ਤੁਹਾਨੂੰ ਅੜ੍ਹਕਾ ਕੇ ਆਪਣੀ ਮਜਬੂਤ ਨਿਹਚਾ ਤੋਂ ਡੇਗਣ ਦਾ ਮੌਕਾ ਨਾ ਦਿਉ। 18ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵੱਧੋ। ਹੁਣ ਅਤੇ ਸਦਾ ਲਈ ਮਹਿਮਾ ਉਸ ਨੂੰ ਹੋਵੇ। ਆਮੀਨ।

will be added

X\