2 ਪਤਰਸ 1

1ਸ਼ਮਊਨ ਪਤਰਸ, ਯਿਸੂ ਮਸੀਹ ਦੇ ਸੇਵਕ, ਅਤੇ ਇੱਕ ਰਸੂਲ ਵੱਲੋਂ ਸ਼ੁਭਕਾਮਨਾਵਾਂ, ਉਨ੍ਹਾਂ ਸਮੂਹ ਲੋਕਾਂ ਨੂੰ ਜਿਨ੍ਹਾਂ ਨੂੰ ਉਹੀ ਮੁੱਲਵਾਨ ਨਿਹਚਾ ਹੈ ਜਿਹੜੀ ਸਾਨੂੰ ਵੀ ਹੈ। ਤੁਸੀਂ ਇਹ ਵਿਸ਼ਵਾਸ ਇਸ ਲਈ ਪ੍ਰਾਪਤ ਕੀਤਾ ਹੈ ਕਿਉਂ ਕਿ ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ, ਨਿਰਪੱਖ ਹੈ। 2ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਕਿਉਂਕਿ ਤੁਸੀਂ ਸੱਚ ਮੁੱਚ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ। 3ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋੜੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸੱਦਿਆ ਹੈ। 4ਉਸਦੀ ਮਹਿਮਾ ਅਤੇ ਚੰਗਿਆਈ ਕਾਰਣ, ਯਿਸੂ ਨੇ ਸਾਨੂੰ ਉਹ ਮਹਾਨ ਅਤੇ ਅਨਮੋਲ ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦਾ ਵਾਅਦਾ ਉਸ ਨੇ ਸਾਡੇ ਨਾਲ ਕੀਤਾ ਸੀ। ਇਨ੍ਹਾਂ ਚੀਜ਼ਾਂ ਨਾਲ, ਤੁਸੀਂ ਪਰਮੇਸ਼ੁਰ ਦੀ ਕੁਦਰਤ ਵਿੱਚ ਹਿੱਸਾ ਲੈ ਸੱਕਦੇ ਹੋ। ਇਉਂ, ਸਾਡਾ ਇਸ ਦੁਨੀਆਂ ਦੇ ਨਸ਼ਟ ਕਰਨ ਵਾਲੇ ਪ੍ਰਭਾਵਾਂ ਅਤੇ ਭ੍ਰਿਸ਼ਟ ਕਾਮਨਾਵਾਂ ਦੁਆਰਾ ਨੁਕਸਾਨ ਨਹੀਂ ਹੋਵੇਗਾ। 5ਕਿਉਂਕਿ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗਈਆਂ ਹਨ, ਤੁਹਾਨੂੰ ਇਨ੍ਹਾਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਜੋੜਨ ਦੀ ਪੂਰੀ ਵਾਹ ਲਾਉਣੀ ਚਾਹੀਦੀ ਹੈ; ਚੰਗਿਆਈ ਨੂੰ ਤੁਹਾਡੀ ਨਿਹਚਾ ਨਾਲ ਜੋੜੋ; ਅਤੇ ਗਿਆਨ ਨੂੰ ਚੰਗਿਆਈ ਨਾਲ ਜੋੜੋ; 6ਸਵੈਂ ਕਾਬੂ ਨੂੰ ਤੁਹਾਡੇ ਗਿਆਨ ਨਾਲ ਜੋੜੋ; ਤੁਹਾਡੇ ਸਬਰ ਨੂੰ ਸਵੈਂ ਕਾਬੂ ਨਾਲ ਜੋੜੋ ਅਤੇ ਪਰਮੇਸ਼ੁਰ ਲਈ ਸੇਵਾ ਨੂੰ ਤੁਹਾਡੇ ਸਬਰ ਨਾਲ ਜੋੜੋ; 7ਅਤੇ ਤੁਹਾਡੀ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਕਿਰਪਾ ਨੂੰ ਮਿਹਰਬਾਨੀ ਨਾਲ ਜੋੜੋ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਲਈ ਦਸ ਦਯਾ ਦੇ ਨਾਲ ਪਿਆਰ ਨੂੰ ਜੋੜ ਲਵੋ। 8ਜੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਵਿੱਚ ਵੱਧ ਰਹੀਆਂ ਹਨ, ਤਾਂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬੇਕਾਰ ਨਾ ਹੋਣ ਵਿੱਚ ਮਦਦ ਕਰਨਗੀਆਂ। ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਫ਼ਲਦਾਇੱਕ ਬਨਾਉਣਗੀਆਂ। 9ਪਰ ਉਹ ਵਿਅਕਤੀ ਜਿਸ ਕੋਲ ਉੱਪਰਲੀਆਂ ਖੂਬੀਆਂ ਨਹੀਂ ਹਨ, ਸਪੱਸ਼ਟ ਵੇਖਣ ਦੇ ਕਾਬਿਲ ਨਹੀਂ ਹੈ। ਉਹ ਵਿਅਕਤੀ ਅੰਨ੍ਹਾ ਹੈ। ਉਹ ਭੁੱਲ ਚੁੱਕਿਆ ਹੈ, ਕਿ ਉਸ ਨੂੰ ਆਪਣੇ ਪਿੱਛਲੇ ਪਾਪਾਂ ਤੋਂ ਛੁਟਕਾਰਾ ਮਿਲ ਚੁੱਕਿਆ ਸੀ। 10ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਂ ਹੀ ਕਦੇ ਡਿੱਗੋਂਗੇ। 11ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਜ ਅੰਦਰ ਨਿੱਘਾ ਸਵਾਗਤ ਪ੍ਰਾਪਤ ਕਰੋਂਗੇ ਜਿਹੜਾ ਰਾਜ ਸਦੀਵੀ ਜਾਰੀ ਰਹਿੰਦਾ ਹੈ। 12ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿੜ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ। 13ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਸਹੀ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਜਿਉਂਦਾ ਹਾਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਮਦਦ ਕਰਾਂ। 14ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ। 15ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਜੀਵਨ ਨੂੰ ਛੱਡਣ ਤੋਂ ਬਾਅਦ ਵੀ ਤੁਹਾਨੂੰ ਇਹ ਗੱਲਾਂ ਯਾਦ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂ। 16ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ। 17ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸ ਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।” 18ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ। 19ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ। 20ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਾਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿੱਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ। 21ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।

will be added

X\