1 ਤਿਮੋਥਿਉਸ ਨੂੰ 1

1ਮਸੀਹ ਯਿਸੂ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਆਦੇਸ਼ ਅਤੇ ਸਾਡੀ ਆਸ ਮਸੀਹ ਯਿਸੂ ਵੱਲੋਂ ਰਸੂਲ ਹਾਂ। 2ਤਿਮੋਥਿਉਸ ਨੂੰ। ਤੂੰ ਮੈਨੂੰ ਨਿਹਚਾ ਵਿੱਚ ਇੱਕ ਸੱਚੇ ਪੁੱਤਰ ਵਰਗਾ ਹੈ। ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਵੱਲੋਂ ਤੈਨੂੰ ਕਿਰਪਾ, ਮਿਹਰ ਤੇ ਸ਼ਾਂਤੀ ਮਿਲਦੀ ਰਹੇ। 3ਮੈਂ ਚਾਹੁੰਦਾ ਹਾਂ ਕਿ ਤੁਸੀਂ ਅਫ਼ਸੁਸ ਵਿੱਚ ਠਹਿਰੋ। ਜਦੋਂ ਮੈਂ ਮਕਦੂਨਿਯਾ ਵਿੱਚ ਗਿਆ ਸਾਂ ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਹੈ। ਅਫ਼ਸੁਸ ਵਿੱਚ ਕੁਝ ਲੋਕ ਝੂਠੀਆਂ ਗੱਲਾਂ ਦਾ ਉਪਦੇਸ਼ ਦੇ ਰਹੇ ਹਨ। ਉੱਥੇ ਠਹਿਰੋ ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਨੂੰ ਝੂਠੀਆਂ ਗੱਲਾਂ ਦੇ ਉਪਦੇਸ਼ ਦੇਣ ਤੋਂ ਰੁਕਣ ਦਾ ਆਦੇਸ਼ ਦੇ ਸੱਕੋਂ। 4ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹੜੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪੱਤ੍ਰੀਆਂ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖੜ੍ਹਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ। 5ਇਸ ਆਦੇਸ਼ ਦਾ ਟੀਚਾ ਲੋਕਾਂ ਨੂੰ ਪਿਆਰ ਭਾਵਨਾ ਰੱਖਣ ਨਾਲ ਸੰਬੰਧ ਰੱਖਦਾ ਹੈ। ਇਸ ਪਿਆਰ ਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਆਪਣਾ ਦਿਲ ਸ਼ੁੱਧ ਰੱਖਣਾ ਪਵੇਗਾ ਉਨ੍ਹਾਂ ਨੂੰ ਉਹੋ ਕੁਝ ਕਰਨਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੀ ਸਮਝ ਅਨੁਸਾਰ ਸਹੀ ਹੈ, ਅਤੇ ਉਨ੍ਹਾਂ ਨੂੰ ਸੱਚਾ ਵਿਸ਼ਵਾਸ ਰੱਖਣਾ ਚਾਹੀਦਾ ਹੈ। 6ਕੁਝ ਲੋਕਾਂ ਨੇ ਇਹ ਗੱਲਾਂ ਨਹੀਂ ਕੀਤੀਆਂ। ਉਹ ਦੂਰ ਚੱਲੇ ਗਏ ਸਨ ਅਤੇ ਹੁਣ ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰ ਰਹੇ ਹਨ ਜਿਹੜੀਆਂ ਨਿਕਾਰਥਕ ਹਨ। 7ਉਹ ਲੋਕ ਨੇਮ ਦੇ ਉਪਦੇਸ਼ਕ ਬਣਨਾ ਚਾਹੁੰਦੇ ਹਨ। ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਹਨ। ਉਹ ਤਾਂ ਉਨ੍ਹਾਂ ਗੱਲਾਂ ਨੂੰ ਸਮਝਦੇ ਵੀ ਨਹੀਂ ਜਿਨ੍ਹਾਂ ਬਾਰੇ ਉਹ ਪੱਕੇ ਭਰੋਸੇ ਨਾਲ ਗੱਲਾਂ ਕਰ ਰਹੇ ਹਨ। 8ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਸਹੀ ਢੰਗ ਨਾਲ ਸ਼ਰ੍ਹਾ ਦੀ ਵਰਤੋਂ ਕਰਦਾ ਹੈ ਤਾਂ ਸ਼ਰ੍ਹਾ ਚੰਗੀ ਹੈ। 9ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹੜੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹੜੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹੜੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ, 10ਉਨ੍ਹਾਂ ਲਈ ਜਿਹੜੇ ਜਿਨਸੀ ਪਾਪ ਕਰਦੇ ਹਨ, ਸਮਲਿੰਗੀਆਂ ਲਈ, ਉਨ੍ਹਾਂ ਲਈ ਜਿਹੜੇ ਗੁਲਾਮਾਂ ਨੂੰ ਵੇਚਦੇ ਹਨ, ਝੂਠਿਆਂ ਲਈ, ਉਨ੍ਹਾਂ ਲਈ ਜਿਹੜੇ ਕਚਿਹਰੀ ਵਿੱਚ ਝੂਠ ਬੋਲਦੇ ਹਨ, ਅਤੇ ਉਨ੍ਹਾਂ ਲਈ ਜਿਹੜੇ ਪਰਮੇਸ਼ੁਰ ਦੇ ਉਪਦੇਸ਼ ਦੇ ਖਿਲਾਫ਼ ਗੱਲਾਂ ਕਰਦੇ ਹਨ। 11ਇਹ ਉਪਦੇਸ਼ ਉਸ ਖੁਸ਼ਖਬਰੀ ਦਾ ਅੰਗ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਹੋਰਾਂ ਨੂੰ ਦੇਣ ਲਈ ਪ੍ਰਦਾਨ ਕੀਤੀ ਸੀ। ਮਹਿਮਾਮਈ ਖੁਸ਼ਖਬਰੀ ਭਾਗਸ਼ਾਲੀ ਪਰਮੇਸ਼ੁਰ ਵੱਲੋਂ ਹੈ। 12ਮੈਂ ਮਸੀਹ ਯਿਸੂ, ਸਾਡੇ ਪ੍ਰਭੂ, ਦਾ ਧੰਨਵਾਦ ਕਰਦਾ ਹਾਂ ਕਿਉਂ ਕਿ ਉਸ ਨੇ ਮੇਰੇ ਉੱਪਰ ਭਰੋਸਾ ਕੀਤਾ ਅਤੇ ਮੈਨੂੰ ਉਸਦੀ ਸੇਵਾ ਕਰਨ ਲਈ ਇਹ ਕਾਰਜ ਦਿੱਤਾ। ਉਹੀ ਮੈਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 13ਅਤੀਤ ਵਿੱਚ, ਮੈਂ ਮਸੀਹ ਦੇ ਵਿਰੁੱਧ ਬੋਲਦਾ ਸਾਂ ਤੇ ਉਸ ਨੂੰ ਸਤਾਇਆ ਅਤੇ ਮੈਂ ਉਸ ਨੂੰ ਦੁੱਖ ਪਹੁੰਚਾਇਆ। ਪਰ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਦਿਤੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਕੀ ਕਰ ਰਿਹਾ ਸਾਂ। ਇਹ ਗੱਲਾਂ ਮੈਂ ਉਦੋਂ ਕੀਤੀਆਂ ਸਨ ਜਦੋਂ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ। 14ਪਰ ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਪੂਰੀ ਤਰ੍ਹਾਂ ਦਿੱਤੀ ਹੋਈ ਸੀ, ਅਤੇ ਕਿਰਪਾ ਦੇ ਨਾਲ ਵਿਸ਼ਵਾਸ ਅਤੇ ਉਹ ਪਿਆਰ ਆਇਆ ਜੋ ਮਸੀਹ ਯਿਸੂ ਵਿੱਚ ਹੈ। 15ਜੋ ਕੁਝ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਇਹ ਪੂਰੀ ਤਰ੍ਹਾਂ ਕਬੂਲ ਕਰ ਲੈਣ ਦਾ ਅਧਿਕਾਰੀ ਹੈ। ਮਸੀਹ ਯਿਸੂ ਇਸ ਦੁਨੀਆਂ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ। ਅਤੇ ਮੈਂ ਉਨ੍ਹਾਂ ਪਾਪੀਆਂ ਵਿੱਚੋਂ ਸਭ ਤੋਂ ਬੁਰਾ ਸਾਂ। 16ਪਰ ਮੈਨੂੰ ਕਿਰਪਾ ਦਿਤੀ ਗਈ। ਤਾਂ ਜੋ ਮਸੀਹ ਯਿਸੂ ਮੇਰੇ ਵਿੱਚ ਵਿਖਾ ਸੱਕੇ ਕਿ ਉਸਦਾ ਸਬਰ ਅਸੀਮ ਹੈ। ਮਸੀਹ ਨੇ ਆਪਣਾ ਸਬਰ ਮੇਰੇ, ਸਭ ਪਾਪੀਆਂ ਤੋਂ ਗਏ ਗੁਜਰੇ, ਤੇ ਵਿਖਾਇਆ। ਯਿਸੂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਬਣਾ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਨ। 17ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸ ਨੂੰ ਤਬਾਹ ਨਹੀਂ ਕੀਤਾ ਜਾ ਸੱਕਦਾ ਅਤੇ ਨਾ ਹੀ ਦੇਖਿਆ ਜਾ ਸੱਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ! 18ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। 19ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ। 20ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।

will be added

X\