1 ਪਤਰਸ 2

1ਇਸ ਲਈ ਹੋਰਾਂ ਨੂੰ ਦੁੱਖ ਦੇਣ ਵਾਲੀ ਕੋਈ ਗੱਲ ਨਾ ਕਰੋ। ਝੂਠ ਨਾ ਬੋਲੋ, ਕਪਟੀ ਨਾ ਹੋਵੋ, ਦੂਸਰਿਆਂ ਤੇ ਈਰਖਾ ਨਾ ਕਰੋ, ਅਤੇ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਨਾ ਬੋਲੋ। ਇਹ ਸਾਰੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਉ। 2ਨਵੇਂ ਜਨਮੇ ਬੱਚਿਆਂ ਵਰਗੇ ਹੋਵੋ ਅਤੇ ਸ਼ੁੱਧ ਆਤਮਕ ਦੁੱਧ ਦੀ ਇੱਛਾ ਕਰੋ ਜਿਹੜਾ ਤੁਹਾਨੂੰ ਮੁਕਤੀ ਦੇ ਰਾਹ ਵਿੱਚ ਵੱਧਣ ਲਈ ਮਦਦ ਕਰੇਗਾ। 3ਤੁਸੀਂ ਪਹਿਲਾਂ ਹੀ ਪ੍ਰਭੂ ਦੀ ਚੰਗਿਆਈ ਦਾ ਸਵਾਦ ਚੱਖ ਲਿਆ ਹੈ। 4ਪ੍ਰਭੂ ਉਹ “ਪੱਥਰ” ਹੈ ਜਿਹੜਾ ਜਿਉਂਦਾ ਹੈ। ਦੁਨੀਆਂ ਦੇ ਲੋਕਾਂ ਨੇ ਨਿਰਨਾ ਕੀਤਾ ਸੀ ਕਿ ਉਹ ਉਸ ਪੱਥਰ ਨੂੰ ਨਹੀਂ ਚਾਹੁੰਦੇ, ਪਰ ਉਹ ਅਜਿਹਾ ਪੱਥਰ ਸੀ ਜਿਸਦੀ ਪਰਮੇਸ਼ੁਰ ਨੇ ਚੋਣ ਕੀਤੀ ਸੀ। ਪਰਮੇਸ਼ੁਰ ਲਈ ਉਹ ਵੱਧੇਰੇ ਮੁੱਲਵਾਨ ਸੀ। ਇਸ ਲਈ ਉਸ ਵੱਲ ਆਓ। 5ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ ਹੋ। ਪਰਮੇਸ਼ੁਰ ਤੁਹਾਨੂੰ ਆਤਮਕ ਮੰਦਰ ਦੀ ਉਸਾਰੀ ਲਈ ਵਰਤ ਰਿਹਾ ਹੈ। ਅਤੇ ਤੁਸੀਂ ਉਸ ਮੰਦਰ ਵਿੱਚ ਪਵਿੱਤਰ ਜਾਜਕਾਂ ਵਾਂਗ ਸੇਵਾ ਕਰੋ, ਆਤਮਕ ਬਲੀਆਂ ਭੇਂਟ ਕਰਕੇ ਜਿਹੜੀਆਂ ਪਰਮੇਸ਼ੁਰ ਯਿਸੂ ਮਸੀਹ ਰਾਹੀਂ ਕਬੂਲ ਕਰਦਾ ਹੈ। 6ਪੋਥੀ ਆਖਦੀ ਹੈ, “ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ। ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ ਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।” 7ਇਹ ਪੱਥਰ, ਤੁਹਾਡੇ ਲਈ ਬਹੁਤ ਅਨਮੋਲ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੈ। ਪਰ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਲੋਕਾਂ ਲਈ ਉਹ ਪੱਥਰ ਹੈ; “ਜਿਸ ਪੱਥਰ ਨੂੰ ਉਸਾਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।” 8ਅਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਹ ਹੈ: “ਇੱਕ ਪੱਥਰ ਜਿਹੜਾ ਲੋਕਾਂ ਲਈ ਠੋਕਰ ਖਾਣ ਦਾ ਕਾਰਣ ਬਣਦਾ ਹੈ ਅਤੇ ਇੱਕ ਪੱਥਰ ਜਿਹੜਾ ਲੋਕਾਂ ਨੂੰ ਡੇਗਣ ਦਾ ਕਾਰਣ ਬਣਦਾ ਹੈ।” ਲੋਕ ਇਸ ਲਈ ਠੋਕਰ ਖਾਕੇ ਡਿੱਗਦੇ ਹਨ ਕਿਉਂ ਕਿ ਉਹ ਉਸਦੀ ਅਵੱਗਿਆ ਕਰਦੇ ਹਨ ਜੋ ਪਰਮੇਸ਼ੁਰ ਆਖਦਾ ਹੈ। ਪਰਮੇਸ਼ੁਰ ਨੇ ਇਹ ਉਨ੍ਹਾਂ ਨਾਲ ਵਾਪਰਨ ਲਈ ਵਿਉਂਤਿਆ। 9ਪਰ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋ, ਰਾਜੇ ਦੇ ਜਾਜਕ ਅਤੇ ਇੱਕ ਪਵਿੱਤਰ ਕੌਮ ਹੋ। ਤੁਸੀਂ ਪਰਮੇਸ਼ੁਰ ਦੇ ਆਪਣੇ ਲੋਕ ਹੋ। ਤੁਸੀਂ ਉਸ ਦੁਆਰਾ ਲੋਕਾਂ ਨੂੰ ਉਸਦੀਆਂ ਹੈਰਾਨਕੁਨ ਕਰਨੀਆਂ ਬਾਰੇ ਦੱਸਣ ਲਈ ਚੁਣੇ ਗਏ ਹੋ। ਉਸ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੀ ਮਹਾਨ ਰੋਸ਼ਨੀ ਵੱਲ ਬੁਲਾਇਆ ਹੈ। 10ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੇ ਲੋਕ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ। ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਨਹੀਂ ਕੀਤੀ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕੀਤੀ ਹੈ। 11ਮੇਰੇ ਪਿਆਰੇ ਮਿੱਤਰੋ, ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਅਤੇ ਪਰਦੇਸੀਆਂ ਵਰਗੇ ਹੋ। ਇਸ ਲਈ ਮੈਂ ਤਹਾਨੂੰ ਆਪਣੇ ਸਰੀਰਾਂ ਦੀਆਂ ਦੁਸ਼ਟ ਇੱਛਾਵਾਂ ਤੋਂ ਦੂਰ ਰਹਿਣ ਲਈ ਬੇਨਤੀ ਕਰਦਾ ਹਾਂ। ਇਹ ਇੱਛਾਵਾਂ ਤੁਹਾਡੀ ਰੂਹ ਦੇ ਖਿਲਾਫ਼ ਲੜਦੀਆਂ ਹਨ। 12ਜਿਹੜੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸੀ ਨਹੀਂ ਹਨ ਉਹ ਤੁਹਾਡੇ ਆਲੇ ਦੁਆਲੇ ਰਹਿ ਰਹੇ ਹਨ। ਉਹ ਝੂਠੇ ਤੌਰ ਤੇ ਹੀ ਆਖ ਸੱਕਦੇ ਹਨ ਕਿ ਤੁਸੀਂ ਲੋਕ ਦੁਸ਼ਟਤਾ ਕਰ ਰਹੇ ਹੋ। ਇਸ ਲਈ ਇੱਕ ਚੰਗਾ ਜੀਵਨ ਬਿਤਾਓ। ਫ਼ੇਰ ਉਹ ਤੁਹਾਡੇ ਨੇਕ ਕੰਮ, ਜੋ ਤੁਸੀਂ ਕਰਦੇ ਹੋ, ਦੇਖਣਗੇ ਅਤੇ ਪਰਮੇਸ਼ੁਰ ਨੂੰ ਉਸ ਦੇ ਆਉਣ ਵਾਲੇ ਦਿਨ ਮਹਿਮਾ ਦੇਣਗੇ। 13ਉਨ੍ਹਾਂ ਲੋਕਾਂ ਦੇ ਹੁਕਮ ਦੀ ਪਾਲਣਾ ਵੀ ਕਰੋ ਜਿਨ੍ਹਾਂ ਕੋਲ ਇਸ ਦੁਨੀਆਂ ਵਿੱਚ ਇਖਤਿਆਰ ਹੈ। ਇਹ ਪ੍ਰਭੂ ਦੀ ਖਾਤਿਰ ਕਰੋ। ਉਸ ਬਾਦਸ਼ਾਹ ਦੀ ਮੰਨੋ ਜਿਸ ਕੋਲ ਹਰ ਅਧਿਕਾਰ ਹੈ। 14ਅਤੇ ਉਨ੍ਹਾਂ ਆਗੂਆਂ ਦੇ ਹੁਕਮ ਦੀ ਪਾਲਣਾ ਵੀ ਕਰੋ ਜਿਹੜੇ ਬਾਦਸ਼ਾਹ ਦੁਆਰਾ ਭੇਜੇ ਗਏ ਹਨ। ਇਨ੍ਹਾਂ ਨੂੰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਅਤੇ ਚੰਗੇ ਲੋਕਾਂ ਦੀ ਉਸਤਤਿ ਕਰਨ ਲਈ ਭੇਜਿਆ ਜਾਂਦਾ ਹੈ। 15ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਆਪਣੀਆਂ ਚੰਗੀਆਂ ਕਰਨੀਆਂ ਦੇ ਨਾਲ, ਅਗਿਆਨੀ ਲੋਕਾਂ ਨੂੰ ਮੂਰੱਖਤਾ ਭਰੀਆਂ ਗੱਲਾਂ ਆਖਣ ਤੋਂ ਚੁੱਪ ਕਰਾਓ। 16ਆਜ਼ਾਦ ਬੰਦਿਆਂ ਵਾਂਗ ਰਹੋ ਪਰ ਆਪਣੀ ਆਜ਼ਾਦੀ ਨੂੰ ਆਪਣੀਆਂ ਬਦੀਆਂ ਢੱਕਣ ਲਈ ਨਾ ਵਰਤੋ। ਇਸ ਤਰ੍ਹਾਂ ਰਹੋ ਜਿਵੇਂ ਤੁਸੀਂ ਪਰਮੇਸ਼ੁਰ ਦੇ ਗੁਲਾਮ ਹੋ। 17ਸਭ ਲੋਕਾਂ ਦੀ ਇੱਜ਼ਤ ਕਰੋ। ਪਰਮੇਸ਼ੁਰ ਦੇ ਪਰਿਵਾਰ ਦੇ ਸਮੂਹ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰੋ। ਪਰਮੇਸ਼ੁਰ ਤੋਂ ਡਰੋ ਅਤੇ ਬਾਦਸ਼ਾਹ ਦੀ ਇੱਜ਼ਤ ਕਰੋ। 18ਹੇ ਗੁਲਾਮੋ, ਆਪਣੇ ਮਾਲਕਾਂ ਦੀ ਪੂਰੀ ਤਰ੍ਹਾਂ ਇੱਜ਼ਤ ਕਰੋ ਅਤੇ ਉਨ੍ਹਾਂ ਦੇ ਅਧਿਕਾਰ ਹੇਠਾਂ ਰਹੋ। ਤੁਹਾਨੂੰ ਸਿਰਫ਼ ਉਨ੍ਹਾਂ ਦੇ ਹੁਕਮ ਦੀ ਹੀ ਪਾਲਣਾ ਨਹੀਂ ਕਰਨੀ ਚਾਹੀਦੀ ਜੋ ਧਰਤੀ ਅਤੇ ਦਿਆਲੂ ਹਨ, ਸਗੋਂ ਉਨ੍ਹਾਂ ਦੀ ਵੀ ਜੋ ਮੰਦੇ ਹਨ। 19ਕਿਸੇ ਵਿਅਕਤੀ ਨੂੰ ਉਦੋਂ ਵੀ ਦੁੱਖ ਝੱਲਣਾ ਪੈ ਸੱਕਦਾ ਹੈ ਜਦੋਂ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ। ਜੇਕਰ ਉਹ ਵਿਅਕਤੀ ਉਸ ਕਸ਼ਟ ਨੂੰ ਪਰਮੇਸ਼ੁਰ ਦਾ ਸਮਝਕੇ ਸਹਿਨ ਕਰ ਲੈਂਦਾ ਹੈ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰੇਗਾ। 20ਜੇਕਰ ਤੁਹਾਨੂੰ ਤੁਹਾਡੀ ਗਲਤ ਕਰਨੀ ਦੇ ਕਾਰਣ ਸਜ਼ਾ ਦਿੱਤੀ ਜਾਂਦੀ ਹੈ, ਫ਼ੇਰ ਤੁਹਾਡੀ ਉਸਤਤਿ ਕਰਨ ਦੀ ਕੋਈ ਲੋੜ ਨਹੀਂ। ਪਰ ਜੇਕਰ ਤੁਸੀਂ ਚੰਗੇ ਕੰਮ ਕੀਤੇ ਹਨ ਅਤੇ ਤੁਸੀਂ ਸਬਰ ਨਾਲ ਤਸੀਹੇ ਝੱਲ ਲੈਂਦੇ ਹੋ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 21ਇਹੀ ਹੈ ਜਿਸ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਸੱਦਾ ਮਿਲਿਆ ਸੀ। ਮਸੀਹ ਨੇ ਵੀ ਤੁਹਾਡੀ ਖਾਤਿਰ ਦੁੱਖ ਝੱਲਿਆ, ਅਤੇ ਅਜਿਹਾ ਕਰਕੇ ਉਸ ਨੇ ਤੁਹਾਡੇ ਲਈ ਆਪਣੇ ਪਦ ਚਿਨ੍ਹਾਂ ਉੱਤੇ ਚੱਲਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ। 22“ਉਸ ਨੇ ਕੋਈ ਵੀ ਪਾਪ ਨਹੀਂ ਕੀਤਾ, ਅਤੇ ਨਾਹੀ ਉਸ ਨੇ ਕਦੇ ਕੋਈ ਝੂਠ ਬੋਲਿਆ।” 23ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ। 24ਮਸੀਹ ਨੇ ਸਲੀਬ ਉੱਪਰ ਆਪਣੇ ਸਰੀਰ ਉੱਤੇ ਸਾਡੇ ਪਾਪ ਲੈ ਲਏ। ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਅਸੀਂ ਪਾਪ ਨਹੀਂ ਕਰਾਂਗੇ ਅਤੇ ਅਸੀਂ ਚੰਗੇ ਕਾਰਜ ਕਰਨ ਲਈ ਜਿਉਵਾਂਗੇ ਉਸ ਦੇ ਜ਼ਖਮਾਂ ਰਾਹੀਂ ਤੁਹਾਡਾ ਇਲਾਜ ਕੀਤਾ ਗਿਆ। 25ਤੁਸੀਂ ਇੱਜੜ ਤੋਂ ਭਟਕੀਆਂ ਭੇਡਾਂ ਵਰਗੇ ਸੀ। ਪਰ ਹੁਣ ਤੁਸੀਂ ਉਸ ਆਜੜੀ ਕੋਲ ਵਾਪਸ ਮੁੜ ਆਏ ਹੋਂ ਜੋ ਤੁਹਾਡਾ ਖਿਆਲ ਰੱਖਦਾ ਹੈ।

will be added

X\