1 ਪਤਰਸ 1

1ਯਿਸੂ ਮਸੀਹ ਦੇ ਇੱਕ ਰਸੂਲ ਪਤਰਸ ਵੱਲੋਂ, ਸ਼ੁਭਕਾਮਨਾਵਾਂ ਪਰਮੇਸ਼ੁਰ ਦੇ ਉਨ੍ਹਾਂ ਚੁਣੇ ਹੋਏ ਲੋਕਾਂ ਨੂੰ ਜਿਹੜੇ ਆਪਣੇ ਘਰਾਂ ਤੋਂ ਦੂਰ ਹਨ। ਜਿਹੜੇ ਲੋਕ ਪੰਤੁਸ, ਗਲਾਤਿਯਾ, ਕੱਪਦੋਕੀਆ, ਅਸੀਆ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ। 2ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਕੇ ਚੁਣਨ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ। ਤੁਹਾਨੂੰ ਪਵਿੱਤਰ ਬਨਾਉਣਾ ਆਤਮਾ ਦਾ ਕਾਰਜ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਤੁਸੀਂ ਉਸਦਾ ਹੁਕਮ ਮੰਨੋ ਅਤੇ ਯਿਸੂ ਮਸੀਹ ਦੇ ਲਹੂ ਰਾਹੀਂ ਸ਼ੁੱਧ ਹੋ ਜਾਵੋ। ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਨਾਲ ਧੰਨ ਹੋਵੋ। 3ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਣ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਹ ਨਵੀਂ ਜ਼ਿੰਦਗੀ ਸਾਡੇ ਲਈ ਯਿਸੂ ਮਸੀਹ ਦੇ ਮੌਤ ਤੋਂ ਜਿਵਾਲਣ ਰਾਹੀਂ ਜਿਉਂਦੀ ਆਸ ਲੈ ਕੇ ਆਈ ਹੈ। 4ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ। 5ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ। 6ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਹੁਣ, ਬਸ ਥੋੜੇ ਹੀ ਸਮੇਂ ਲਈ, ਤੁਹਾਨੂੰ ਉਦਾਸ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੋ ਸੱਕਦੀਆਂ ਹਨ। 7ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ। 8ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫ਼ਿਰ ਵੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੁਣ ਵੀ ਤੁਸੀਂ ਉਸ ਨੂੰ ਦੇਖ ਨਹੀਂ ਸੱਕਦੇ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਰੱਖਦੇ ਹੋ। ਤੁਸੀਂ ਇੰਨੇ ਖੁਸ਼ ਹੋ ਜਿਹੜੀ ਬਿਆਨ ਨਹੀਂ ਕੀਤੀ ਜਾ ਸੱਕਦੀ ਅਤੇ ਉਹ ਖੁਸ਼ੀ ਮਹਿਮਾ ਨਾਲ ਭਰੀ ਹੋਈ ਹੈ। 9ਤੁਹਾਡੀ ਨਿਹਚਾ ਦਾ ਇੱਕ ਟੀਚਾ ਹੈ ਅਤੇ ਤੁਸੀਂ ਉਹ ਟੀਚਾ ਪ੍ਰਾਪਤ ਕਰ ਰਹੇ ਹੋਂ, ਜੋ ਕਿ ਤੁਹਾਡੀ ਮੁਕਤੀ ਹੈ। 10ਨਬੀਆਂ ਨੇ ਇਸ ਮੁਕਤੀ ਬਾਰੇ ਬੜੇ ਧਿਆਨ ਨਾਲ ਤਲਾਸ਼ ਅਤੇ ਪੁੱਛ ਗਿੱਛ ਕੀਤੀ ਹੈ। ਉਹ ਉਸ ਕਿਰਪਾ ਬਾਰੇ ਬੋਲੇ ਜੋ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਨ ਵਾਲੇ ਸੀ। 11ਇਨ੍ਹਾਂ ਨਬੀਆਂ ਵਿੱਚ ਮਸੀਹ ਦਾ ਆਤਮਾ ਸੀ। ਆਤਮਾ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਦੁੱਖਾਂ ਬਾਰੇ ਦੱਸਿਆ ਜੋ ਯਿਸੂ ਨੂੰ ਭੋਗਣੇ ਪੈਣਗੇ ਅਤੇ ਉਸ ਮਹਿਮਾ ਬਾਰੇ ਵੀ ਜੋ ਇਨ੍ਹਾਂ ਦੁੱਖਾਂ ਤੋਂ ਬਾਅਦ ਆਵੇਗੀ। ਨਬੀਆਂ ਨੇ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜੋ ਆਤਮਾ ਉਨ੍ਹਾਂ ਨੂੰ ਦਰਸ਼ਾ ਰਿਹਾ ਸੀ, ਯਾਨੀ ਕਿ, ਇਹ ਘਟਨਾਵਾਂ ਕਦੋਂ ਘਟਣਗੀਆਂ ਅਤੇ ਉਸ ਸਮੇਂ ਦੁਨੀਆਂ ਕਿਵੇਂ ਦੀ ਹੋਵੇਗੀ। 12ਉਨ੍ਹਾਂ ਨਬੀਆਂ ਨੂੰ ਦਰਸ਼ਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਸੇਵਾ ਉਨ੍ਹਾਂ ਦੇ ਆਪਣੇ ਲਈ ਨਹੀਂ ਸੀ ਸਗੋਂ ਉਹ ਤੁਹਾਡੇ ਲਈ ਸੇਵਾ ਕਰ ਰਹੇ ਸਨ। ਇਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਉਹੀ ਗੱਲਾਂ ਕਹੀਆਂ। ਇਹ ਗੱਲਾਂ ਸਵਰਗ ਵੱਲੋਂ ਭੇਜੇ ਪਵਿੱਤਰ ਆਤਮਾ ਰਾਹੀਂ ਦਿੱਤੀਆਂ ਗਈਆਂ ਸਨ। ਦੂਤ ਵੀ ਉਨ੍ਹਾਂ ਗੱਲਾਂ ਬਾਰੇ ਜਾਨਣ ਲਈ ਉਤਸੁਕ ਸਨ ਜੋ ਤੁਹਾਨੂੰ ਦੱਸੀਆਂ ਗਈਆਂ ਹਨ। 13ਇਸ ਲਈ ਆਪਣੇ ਮਨਾਂ ਨੂੰ ਸੇਵਾ ਲਈ ਅਤੇ ਆਤਮਾ ਨੂੰ ਆਤਮ ਸੰਯਮ ਲਈ ਤਿਆਰ ਰੱਖੋ। ਤੁਹਾਡੀ ਸਾਰੀ ਆਸ਼ਾ ਉਸ ਕਿਰਪਾ ਦੀ ਦਾਤ ਉੱਤੇ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ। 14ਕਿਉਂ ਕਿ ਬੀਤੇ ਦਿਨਾਂ ਵਿੱਚ ਤੁਸੀਂ ਇਸ ਸਭ ਬਾਰੇ ਕੁਹ ਵੀ ਨਹੀਂ ਜਾਣਦੇ ਸੀ, ਤੁਸੀਂ ਉਹ ਸਾਰੀਆਂ ਭਰਿਸ਼ਟ ਕਰਨੀਆਂ ਕੀਤੀਆਂ ਜੋ ਤੁਸੀਂ ਕਰਨੀਆਂ ਚਾਹੁੰਦੇ ਸੀ। ਪਰ ਹੁਣ ਤੁਸੀਂ ਪਰਮੇਸ਼ੁਰ ਦੇ ਆਗਿਆਕਾਰੀ ਬੱਚੇ ਹੋ। ਇਸ ਲਈ ਹੁਣ ਤੁਸੀਂ ਉਸ ਤਰ੍ਹਾਂ ਦਾ ਜੀਵਨ ਨਾ ਜੀਵੋ ਜਿਹੋ ਜਿਹਾ ਜੀਵਨ ਅਤੀਤ ਵਿੱਚ ਜਿਉਂਦੇ ਸੀ। 15ਤੁਹਾਨੂੰ ਆਪਣੇ ਵਿਹਾਰ ਵਿੱਚ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਕਿ ਪਰਮੇਸ਼ੁਰ ਪਵਿੱਤਰ ਹੈ। ਪਰਮੇਸ਼ੁਰ ਹੀ ਹੈ ਜਿਸਨੇ ਤੁਹਾਨੂੰ ਸੱਦਿਆ ਹੈ। 16ਇਹ ਪੋਥੀਆਂ ਵਿੱਚ ਲਿਖਿਆ ਹੈ: “ਉਵੇਂ ਪਵਿੱਤਰ ਬਣੋ ਜਿਵੇਂ ਮੈਂ ਪਵਿੱਤਰ ਹਾਂ।” 17ਜਦੋਂ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ, ਤੁਸੀਂ ਉਸ ਨੂੰ ਆਪਣਾ ਪਿਤਾ ਬੁਲਾਓ। ਪਰਮੇਸ਼ੁਰ ਬਿਨਾ ਪੱਖਪਾਤ ਦੇ ਹਰ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਨਿਆਂ ਦਿੰਦਾ ਹੈ। ਇਸ ਲਈ, ਜਦੋਂ ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਦੀ ਤਰ੍ਹਾਂ ਜੀਵੋ ਤਾਂ ਤੁਹਾਨੂੰ ਪਰਮੇਸ਼ੁਰ ਲਈ ਇੱਕ ਇੱਜ਼ਤ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ। 18ਤੁਸੀਂ ਜਾਣਦੇ ਹੋ ਕਿ ਅਤੀਤ ਵਿੱਚ ਤੁਸੀਂ ਵਿਆਰਥ ਜੀਵਨ ਬਿਤਾ ਰਹੇ ਸੀ। ਇਹ ਜੀਵਨ ਢੰਗ ਤੁਸੀਂ ਆਪਣੇ ਪੁਰਖਿਆਂ ਤੋਂ ਸਿੱਖੇ ਸੀ। ਪਰ ਤੁਹਾਨੂੰ ਉਸ ਤਰ੍ਹਾਂ ਦੇ ਜੀਵਨ ਢੰਗ ਤੋਂ ਬਚਾ ਲਿਆ ਗਿਆ। ਤੁਹਾਨੂੰ ਖਰੀਦਿਆ ਗਿਆ ਹੈ ਪਰ ਸੋਨੇ ਅਤੇ ਚਾਂਦੀ ਨਾਲ ਨਹੀਂ ਜੋ ਨਸ਼ਟ ਹੋ ਜਾਂਦੇ ਹਨ। 19ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ। 20ਮਸੀਹ ਨੂੰ ਉਦੋਂ ਚੁਣਿਆ ਗਿਆ ਸੀ ਜਦੋਂ ਹਾਲੇ ਦੁਨੀਆਂ ਵੀ ਨਹੀਂ ਬਣੀ ਸੀ ਪਰ ਉਸ ਨੂੰ ਤੁਹਾਡੇ ਲਈ ਇਨ੍ਹਾਂ ਅੰਤਲੇ ਸਮਿਆਂ ਵਿੱਚ ਪ੍ਰਗਟ ਕੀਤਾ ਗਿਆ। 21ਤੁਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਵਿੱਚ ਨਿਹਚਾ ਰੱਖਦੇ ਹੋ। ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਫ਼ਿਰ ਪਰਮੇਸ਼ੁਰ ਨੇ ਉਸ ਨੂੰ ਮਹਿਮਾ ਦਿੱਤੀ। ਇਸ ਲਈ ਤੁਹਾਡਾ ਨਿਹਚਾ ਅਤੇ ਤੁਹਾਡੀ ਆਸ ਪਰਮੇਸ਼ੁਰ ਵਿੱਚ ਹੈ। 22ਹੁਣ ਤੁਸੀਂ ਸੱਚ ਨੂੰ ਮੰਨਕੇ ਆਪਣੇ ਆਪ ਨੂੰ ਸ਼ੁੱਧ ਬਣਾ ਲਿਆ ਹੈ। ਹੁਣ ਤੁਹਾਡੇ ਕੋਲ ਆਪਣੇ ਭਰਾਵਾਂ ਅਤੇ ਭੈਣਾਂ ਲਈ ਸੱਚਾ ਪ੍ਰੇਮ ਹੈ। ਇਸ ਲਈ ਇੱਕ ਦੂਸਰੇ ਨੂੰ ਡੂੰਘੇ ਪਿਆਰ ਅਤੇ ਸ਼ੁੱਧ ਦਿਲ ਨਾਲ ਪਿਆਰ ਕਰੋ। 23ਤੁਹਾਡਾ ਪੁਨਰ ਜਨਮ ਹੋਇਆ ਹੈ। ਤੁਸੀਂ ਇਹ ਨਵਾਂ ਜੀਵਨ ਉਸ ਬੀਜ ਤੋਂ ਪ੍ਰਾਪਤ ਨਹੀਂ ਕੀਤਾ ਜੋ ਮਰ ਜਾਂਦਾ ਹੈ, ਸਗੋਂ ਉਸ ਬੀਜ ਤੋਂ ਜੋ ਹਮੇਸ਼ਾ ਸਥਿਰ ਰਹਿੰਦਾ ਹੈ। ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਕਾਰਣ ਫ਼ੇਰ ਜਨਮੇ ਸੀ ਜੋ ਜਿਉਂਦਾ ਹੈ ਅਤੇ ਸਦਾ ਰਹਿੰਦਾ ਹੈ। 24ਕਿਉਂ ਕਿ ਪੋਥੀ ਦਾ ਕਥਨ ਹੈ, “ਸਾਰੇ ਲੋਕ ਘਾਹ ਵਰਗੇ ਹਨ ਅਤੇ ਉਨ੍ਹਾਂ ਦੀ ਮਹਿਮਾ ਜੰਗਲੀ ਫ਼ੁੱਲਾਂ ਵਰਗੀ ਹੈ। ਘਾਹ ਸੁੱਕ ਜਾਂਦਾ ਹੈ, ਅਤੇ ਫ਼ੁੱਲ ਝੜ ਜਾਂਦੇ ਹਨ। 25ਪਰ ਪਰਮੇਸ਼ੁਰ ਦਾ ਸ਼ਬਦ ਹਮੇਸ਼ਾ ਰਹੇਗਾ।” ਅਤੇ ਇਹ ਸ਼ਬਦ ਹੀ ਸੀ ਜਿਹੜਾ ਤੁਹਾਨੂੰ ਦਿੱਤਾ ਗਿਆ ਸੀ।

will be added

X\